Panthak News: ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਨੇ ਪੰਥਕ ਸੰਕਟ ਹੋਰ ਡੂੰਘਾ ਕੀਤਾ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਪੁਰਜ਼ੋਰ ਅਪੀਲ, ਅਸਤੀਫ਼ਾ ਵਾਪਸ ਲੈ ਕੇ ਪਿਛਲੇ ਦਿਨੀਂ ਹੋਏ ਪੰਥ ਵਿਰੋਧੀ ਫ਼ੈਸਲਿਆਂ ਨੂੰ ਰੱਦ ਕਰਨ

SGPC President Harjinder Singh Dhami's resignation deepens Panthic crisis

 

ਕੌਮ ਦੀ ਅਗਵਾਈ ਕਰਨ ਸਮੇਂ ਬੁਜ਼ਦਿਲੀ ਦਿਖਾਉਣ ਦੀ ਬਜਾਏ ਭਾਈ ਬਚਿੱਤਰ ਸਿੰਘ ਵਰਗਾ ਰੋਲ ਅਦਾ ਕਰਨ

SGPC President Harjinder Singh Dhami's resignation deepens Panthic crisis:  ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਜਥੇ: ਗੁਰਪ੍ਰਤਾਪ ਸਿੰਘ ਵਡਾਲਾ, ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁੱਰ, ਪਰਮਿੰਦਰ ਸਿੰਘ ਢੀਂਡਸਾ ਅਤੇ ਚਰਨਜੀਤ ਸਿੰਘ ਬਰਾੜ ਨੇ ਆਪਣੇ ਸਾਂਝੇ ਬਿਆਨ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ, ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਅਸਤੀਫ਼ੇ ਨਾਲ ਪੰਥਕ ਸੰਕਟ ਹੋਰ ਡੂੰਘਾ ਹੋਵੇਗਾ।

ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਇੱਕ ਕਾਬਜ਼ ਧਿਰ ਦੇ ਪੰਥਕ ਭਾਵਨਾ ਦੇ ਉਲਟ ਕੀਤੇ ਜਾ ਰਹੇ ਗੁਨਾਹਾਂ ਕਾਰਨ  ਸਿੱਖ ਕੌਮ ਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਅਗਵਾਈ ਕਰਨ ਵਾਲਿਆਂ ਸੰਸਥਾਵਾਂ ਨੂੰ ਚੁਣੌਤੀ ਪੇਸ਼ ਕੀਤੀ ਜਾ ਰਹੀ ਹੈ, ਇਸ ਵਿਚਕਾਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲ਼ੋਂ ਅਸਤੀਫ਼ਾ ਦੇਣਾ ਸੰਗਤ ਦੀਆਂ ਭਾਵਨਾਵਾਂ ਨਾਲ ਇਨਸਾਫ਼ ਨਹੀਂ ਹੋਵੇਗਾ। ਕਿਉਂਕਿ ਨੈਤਿਕਤਾ ਤਾਂ ਉਸ ਸਮੇਂ ਹੀ ਝਲਕਣੀ ਚਾਹੀਦੀ ਸੀ ਜਦ ਜਥੇਦਾਰ ਸ੍ਰੀ ਅਕਾਲ ਤਖ਼ਤ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਜਾਂਚ ਬੰਦ ਕਰਨ ਦੇ ਆਦੇਸ਼ ਦਿੱਤੇ ਸਨ।

ਇਹਨਾਂ ਅਦੇਸਾਂ ਦੀ ਅਣਦੇਖੀ ਕਰ ਕੇ ਸਗੋਂ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਰਿਪੋਰਟ ਮਨਜ਼ੂਰ ਕਰ ਸਮੁੱਚੀ ਅੰਤ੍ਰਿੰਗ ਕਮੇਟੀ ਵੱਲੋਂ ਪਾਪ ਕੀਤਾ ਗਿਆ ਹੈ। ਅਸਤੀਫ਼ਾ ਦੇਣ ਦੀ ਬਜਾਏ ਪਾਪ ਧੋਣ ਦਾ ਮੌਕਾ ਨਹੀਂ ਗੁਆਉਣਾ ਚਾਹੀਦਾ ਤੁਰੰਤ ਗਿਆਨੀ ਹਰਪ੍ਰੀਤ ਸਿੰਘ ਦੀ ਬਹਾਲੀ ਹੋਣੀ ਚਾਹੀਦੀ ਹੈ। 

ਇਸ ਦੇ ਨਾਲ ਆਗੂਆਂ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਅਨੁਸਾਰ ਸੱਤ ਮੈਂਬਰੀ ਕਮੇਟੀ ਨੂੰ ਬਿਨਾਂ ਸੁਖਬੀਰ ਸਿੰਘ ਬਾਦਲ ਧੜੇ ਦਾ ਦਬਾਅ ਝੱਲਦੇ ਹੋਏ ਬਿਨਾਂ ਦੇਰ ਕੀਤੇ ਕਾਰਜਸ਼ੀਲ ਕਰ ਲਿਆ ਜਾਂਦਾ ਤਾਂ ਸ਼ਾਇਦ ਅੱਜ ਨਾ ਤਾਂ ਅਸਤੀਫ਼ਾ ਦੇਣ ਦੀ ਜ਼ਰੂਰਤ ਪੈਂਦੀ ਅਤੇ ਨਾ ਹੀ ਉਸ ਕਾਬਜ਼ ਧਿਰ ਵਲ਼ੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਮਿਲਦੀ। ਕਾਬਜ਼ ਧੜੇ ਦਾ ਸਿਧਾਂਤਾਂ ਦੀਆਂ ਧੱਜੀਆਂ ਉਡਾਉਂਦਾ ਅੰਨੇ ਦਬਾਅ ਦੇ ਨਤੀਜੇ ਸਾਹਮਣੇ ਆ ਰਹੇ ਹਨ।

ਆਗੂਆਂ ਨੇ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਪੁਰਜ਼ੋਰ ਅਪੀਲ ਕੀਤੀ ਕਿ, ਉਹ ਸੰਗਤ ਦੀਆਂ ਭਾਵਨਾਵਾਂ ਦੀ ਰਾਖੀ ਕਰਦੇ ਹੋਏ ਆਪਣਾ ਅਸਤੀਫ਼ਾ ਵਾਪਸ ਲੈਣ ਅਤੇ ਪਿਛਲੇ ਦਿਨਾਂ ਵਿੱਚ ਹੋਏ ਪੰਥ ਵਿਰੋਧੀ ਫ਼ੈਸਲਿਆਂ ਨੂੰ ਰੱਦ ਕਰਦੇ ਹੋਏ ਮਜ਼ਬੂਤ ਅਗਵਾਈ ਵਾਲੀ ਭੂਮਿਕਾ ਨਿਭਾਉਣ, ਜਿਸ ਲਈ ਸਮੁੱਚੀ ਕੌਮ ਉਮੀਦ ਕਰਦੀ ਹੈ।

ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਜਿਸ ਤਰੀਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਧਿਰ ਨੇ ਹੁਕਮਨਾਮਾ ਸਾਹਿਬ ਦੀ ਤੌਹੀਨ ਕਰ ਕੇ ਹੁਕਮਨਾਮਾ ਸਾਹਿਬ ਦੀ ਭਾਵਨਾ ਦੇ ਉਲਟ ਕਈ ਆਗੂਆਂ ਦੇ ਬਗੈਰ ਅਸਤੀਫ਼ੇ ਸਵੀਕਾਰ ਕੀਤੇ ਭਰਤੀ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਤਰਕ ਬਤਰਕ ਜਰੀਏ ਜਥੇਦਾਰ ਸ੍ਰੀ ਅਕਾਲ ਤਖ਼ਤ ਸਮੇਤ ਅਕਾਲੀ ਵਰਕਰਾਂ ਨੂੰ ਗੁੰਮਰਾਹ ਕੀਤਾ, ਅਜਿਹੀ ਸਥਿਤੀ ਅਤੇ ਹਾਲਤਾਂ ਵਿੱਚ ਧਾਮੀ ਸਾਹਿਬ ਸੱਤ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਕਰ ਕੇ ਭਾਈ ਬਚਿੱਤਰ ਸਿੰਘ ਵਾਂਗ ਭੂਮਿਕਾ ਅਦਾ ਕਰਨ।

ਆਗੂਆਂ ਨੇ ਕਿਹਾ ਕਿ ਅਸਤੀਫ਼ਾ ਮਸਲਿਆਂ ਦਾ ਹੱਲ ਨਹੀਂ, ਇਸ ਕਰ ਕੇ ਪੰਥ ਦੇ ਵਡੇਰੇ ਹਿਤਾਂ ਦੀ ਤਰਜਮਾਨੀ ਕਰਦੇ ਹੋਏ ਨਾ ਸਿਰਫ਼ ਧਾਮੀ ਸਾਹਿਬ ਆਪਣਾ ਅਸਤੀਫ਼ਾ ਵਾਪਸ ਲੈਣ ਸਗੋਂ ਸੱਤ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਵਿੱਚ ਆਪਣਾ ਰੋਲ ਅਦਾ ਕਰਨ। ਇਹ ਨਾ ਹੋਵੇ ਕਿ ਅੱਜ ਵਾਲੇ ਫ਼ੈਸਲੇ ’ਤੇ ਵੀ ਸੰਗਤ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪਵੇ।