ਸੌਦਾ ਸਾਧ ਨੂੰ ਦੋਸ਼ੀ ਕਰਾਰ ਦੇਣ ਮਗਰੋਂ ਰਾਧਾਸੁਆਮੀਆਂ ਦੇ ਡੇਰਿਆਂ 'ਚ ਸੰਨਾਟਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੀਤੇ ਦਿਨੀਂ ਪੰਚਕੂਲਾ ਦੀ ਸੀਬੀਆਈ ਅਦਾਲਤ ਵਲੋਂ ਦੋਸ਼ੀ ਕਰਾਰ ਦਿਤੇ ਜਾਣ ....

Radha Soami Dera

ਕੁਰਾਲੀ, 27 ਅਗੱਸਤ (ਸੁਖਵਿੰਦਰ ਸਿੰਘ ਸੁੱਖੀ) : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੀਤੇ ਦਿਨੀਂ ਪੰਚਕੂਲਾ ਦੀ ਸੀਬੀਆਈ ਅਦਾਲਤ ਵਲੋਂ ਦੋਸ਼ੀ ਕਰਾਰ ਦਿਤੇ ਜਾਣ ਉਪਰੰਤ ਵੱਡੀ ਗਿਣਤੀ ਵਿਚ ਸੌਦਾ ਸਾਧ ਦੇ ਚੇਲਿਆਂ ਨੇ ਸਾੜ ਫੂਕ ਦੀਆਂ ਘਟਨਾਵਾਂ ਨੂੰ ਅੰਜਾਮ ਦਿਤਾ ਸੀ। ਇਸ ਘਟਨਾਕ੍ਰਮ ਉਪਰੰਤ ਇਲਾਕੇ ਵਿਚ ਸਥਿਤ ਰਾਧਾਸੁਆਮੀਆਂ ਡੇਰਿਆਂ ਦੀਆਂ ਬ੍ਰਾਂਚਾਂ ਵਿਚ ਐਤਵਾਰ ਸਵੇਰ ਦੇ ਸਮੇਂ ਹੋਣ ਵਾਲੇ ਸਤਸੰਗ ਘਬਰਾਏ ਪ੍ਰਬੰਧਕਾਂ ਵਲੋਂ ਰੱਦ ਕਰ ਦੇਣ ਦਾ ਸਮਾਚਾਰ ਮਿਲਿਆ ਹੈ।
ਪੱਤਰਕਾਰਾਂ ਦੀ ਟੀਮ ਵਲੋਂ ਕੁਰਾਲੀ ਵਿਚ ਸਥਿਤ ਡੇਰਾ ਬਿਆਸ, ਡੇਰਾ ਦਿੱਲੀ (ਨਵਾਂਨਗਰ), ਨਿਰੰਕਾਰੀਆਂ ਡੇਰਿਆਂ ਦੀਆਂ ਬ੍ਰਾਂਚਾਂ ਦਾ ਦੌਰਾ ਕੀਤਾ ਜਿਥੇ ਐਤਵਾਰ ਨੂੰ ਹੋਣ ਵਾਲੇ ਪ੍ਰੋਗਰਾਮ ਐਨ ਮੌਕੇ 'ਤੇ ਰੱਦ ਕਰ ਦਿਤੇ ਗਏ ਤੇ ਪ੍ਰਬੰਧਕ ਲੋਕਾਂ ਨੂੰ ਵਾਪਸ ਮੋੜ ਰਹੇ ਸਨ। ਇਕੱਤਰ ਜਾਣਕਾਰੀ ਅਨੁਸਾਰ ਘਬਰਾਏ ਰਾਧਾਸੁਆਮੀ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣ ਦੇ ਮੂਡ ਵਿਚ ਨਹੀਂ ਸਨ ਕਿਉਂਕਿ ਬੀਤੇ ਰੋਜ਼ ਸੂਬੇ ਅੰਦਰ ਹੋਏ ਘਟਨਾਕ੍ਰਮ ਨੇ ਉਨ੍ਹਾਂ ਦੇ ਸਾਹ ਸੂਤੇ ਹੋਏ ਸਨ। ਇਸ ਸਬੰਧੀ ਗੱਲਬਾਤ ਕਰਦਿਆਂ ਡੇਰਾ ਬਿਆਸ ਦੇ ਸੇਵਕ ਸੇਵਾ ਮੁਕਤ ਨਾਇਬ ਤਹਿਸੀਲਦਾਰ ਅਮਰ ਸਿੰਘ ਭੱਟੀ ਅਤੇ ਡੇਰਿਆਂ ਦੇ ਪ੍ਰਬੰਧਕਾਂ ਨੇ ਦਸਿਆ ਕਿ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿਚ ਲਗਾਈ ਧਾਰਾ 144 ਦੇ ਮੱਦੇਨਜ਼ਰ ਨਾਮ ਚਰਚਾ ਅਤੇ ਸਤਸੰਗ ਨਹੀਂ ਕੀਤਾ ਗਿਆ ਜਦਕਿ ਕਈਆਂ ਨੇ ਕਿਹਾ ਕਿ ਗ਼ਲਤ ਅਨਸਰ ਡੇਰਿਆਂ ਵਿਚ ਇਕੱਤਰ ਸੰਗਤ ਦਾ ਨੁਕਸਾਨ ਕਰ ਸਕਦੇ ਹਨ ਜਿਸ ਕਾਰਨ ਪ੍ਰੋਗਰਾਮ ਰੱਦ ਕੀਤੇ ਗਏ।
ਸ਼ਹਿਰ ਦੇ ਸਿਸਵਾਂ ਰੋਡ ਸਥਿਤ ਡੇਰਾ ਬਿਆਸ ਦੀ ਬ੍ਰਾਂਚ 'ਰਾਧਾ ਸੁਆਮੀ ਸਤਸੰਗ ਘਰ ਬਿਆਸ ਕੁਰਾਲੀ', ਸ਼ਹਿਰ ਦੇ ਵਾਰਡ ਨੰਬਰ 9 ਵਿਚ ਸਥਿਤ 'ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂਨਗਰ ਬ੍ਰਾਂਚ ਕੁਰਾਲੀ', ਸ਼ਹਿਰ ਦੇ ਬਡਾਲੀ ਰੋਡ ਤੇ ਸਥਿਤ 'ਸੰਤ ਨਿਰੰਕਾਰੀ ਸਤਸੰਗ ਭਵਨ ਬ੍ਰਾਂਚ ਕੁਰਾਲੀ' ਵਿਖੇ ਪ੍ਰਬੰਧਕਾਂ ਵਲੋਂ ਤਾਲੇ ਲਗਾ ਕੇ ਸਤਸੰਗ ਵਿਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਨੂੰ ਮੋੜਿਆ ਜਾ ਰਿਹਾ ਸੀ।