ਬੇਅਦਬੀ ਜਾਂਚ ਲਈ ਪੁੱਜਾ ਜਸਟਿਸ ਰਣਜੀਤ ਸਿੰਘ ਕਮਿਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਸੇਵਾਮੁਕਤ ਜੱਜ ਰਣਜੀਤ ਸਿੰਘ ਸ਼ਹਿਰ ਅੰਦਰ ਕਰੀਬ ਸਵਾ ਸਾਲ ਪਹਿਲਾਂ ਵਾਪਰੇ ਬੇਅਦਬੀ ਕਾਂਡ ਦੀ ਜਾਂਚ ਲਈ ਪੁੱਜੇ।

ਬੇਅਦਬੀ ਕਾਂਡ ਦੀ ਜਾਂਚ

ਬਰਨਾਲਾ/ਤਪਾ ਮੰਡੀ/ਸ਼ਹਿਣਾ, 7 ਮਾਰਚ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਧਾਲੀਵਾਲ/ਰਾਮ ਸਿੰਘ ਧਨੌਲਾ): ਪੰਜਾਬ ਸਰਕਾਰ ਵਲੋਂ ਬੇਅਦਬੀ ਦੀਆ ਘਟਨਾਵਾਂ ਦੀ ਜਾਂਚ ਲਈ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਸੇਵਾਮੁਕਤ ਜੱਜ ਰਣਜੀਤ ਸਿੰਘ ਸ਼ਹਿਰ ਅੰਦਰ ਕਰੀਬ ਸਵਾ ਸਾਲ ਪਹਿਲਾਂ ਵਾਪਰੇ ਬੇਅਦਬੀ ਕਾਂਡ ਦੀ ਜਾਂਚ ਲਈ ਪੁੱਜੇ। ਜਸਟਿਸ ਰਣਜੀਤ ਸਿੰਘ ਦੀ ਟੀਮ ਵਲੋਂ ਨਗਰ ਕੌਂਸਲ ਵਿਚ ਬੈਠ ਕੇ ਬੇਅਦਬੀ ਕਾਂਡ ਸਬੰਧੀ ਮਾਮਲਾ ਦਰਜ ਕਰਵਾਉਣ ਵਾਲੀ ਮੁਦੱਈ ਧਿਰ ਦੇ ਮਨਵਿੰਦਰ ਸਿੰਘ ਸਣੇ ਗਵਾਹਾਂ ਦੇ ਬਿਆਨ ਮੁੜ ਦਰਜ ਕੀਤੇ। ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਘਟਨਾਵਾਂ ਸਬੰਧੀ ਤਿਆਰ ਹੋ ਰਹੀ ਰਿਪੋਰਟ ਸਰਕਾਰ ਤਕ ਪਹੁੰਚਾ ਦਿਤੀ ਜਾਵੇਗੀ ਜਿਸ ਲਈ ਅਜੇ ਦਸਣਾ ਠੀਕ ਨਹੀਂ ਹੋਵੇਗਾ। ਜਸਟਿਸ ਰਣਜੀਤ ਸਿੰਘ ਵਲੋਂ ਬੇਦਅਬੀ ਕਾਂਡ ਵਾਲੀ ਥਾਂ 'ਤੇ ਜਾਂਚ ਕਰਨ ਸਬੰਧੀ ਆਉਣ ਦਾ ਭਾਵੇਂ ਲੋਕਾਂ ਨੂੰ ਪਤਾ ਸੀ ਪਰ ਬੇਅਦਬੀ ਕਾਂਡ ਸਮੇਂ ਭਾਰੀ ਹੰਗਾਮੇ ਖੜੇ ਕਰ ਕੇ ਧਰਨੇ ਮੁਜ਼ਾਹਰੇ ਕਰਨ ਵਾਲੇ ਲੋਕ ਜਾਂਚ ਵਿਚ ਸਾਥ ਦੇਣ ਲਈ ਵਿਖਾਈ ਨਾ ਦਿਤੇ। 

ਇਸ ਸਬੰਧੀ ਲੋਕ ਕਈ ਤਰ੍ਹਾਂ ਦੀਆ ਗੱਲਾਂ ਕਰ ਰਹੇ ਸਨ ਜਦਕਿ ਜਾਂਚ ਮੌਕੇ ਗੁਰਦੁਆਰਾ ਸਿੰਘ ਸਭਾ ਦੀ ਪਿਛਲੀ ਕਮੇਟੀ ਤੋਂ ਬਿਨਾਂ ਕੋਈ ਵੀ ਸਿੱਖ ਸੰਸਥਾ ਘਟਨਾ ਸਥਾਨ ਜਾਂ ਫਿਰ ਕਮਿਸ਼ਨ ਕੋਲ ਬਿਆਨ ਦਰਜ ਕਰਵਾਊਣ ਲਈ ਨਹੀਂ ਪੁੱਜੀ। ਭਾਵੇਂ ਪੁਲਿਸ ਕਪਤਾਨ ਸੁਖਦੇਵ ਸਿੰਘ ਵਿਰਕ ਨੇ ਪਹਿਲਾਂ ਹੀ ਸੱਥ ਵਿਚ ਲੋਕਾਂ ਨੂੰ ਅਪੀਲ ਕਰ ਦਿਤੀ ਸੀ ਕਿ ਬਿਨਾਂ ਕਿਸੇ ਰੋਕ ਟੋਕ, ਹਿਚਕਚਾਹਟ ਤੋਂ ਆਮ ਵਿਅਕਤੀ ਜਾਂਚ ਲਈ ਆ ਰਹੀ ਟੀਮ ਨਾਲ ਮਾਮਲੇ ਸਬੰਧੀ ਗੱਲ ਕਰ ਸਕਦਾ ਹੈ ਪਰ ਇਸ ਦੇ ਬਾਵਜੂਦ ਵੀ ਕੋਈ ਨਹੀਂ ਪੁਜਿਆ। ਕਮਿਸ਼ਨ ਨੂੰ ਸਬ ਇੰਸਪੈਕਟਰ ਮਲਕੀਤ ਸਿੰਘ ਚੀਮਾ ਨੇ ਦਸਿਆ ਕਿ ਬੇਅਦਬੀ ਕਾਂਡ ਵਿਚ ਮਿਲੇ ਗੁਟਕਾ ਸਾਹਿਬ ਦੇ ਅੰਗ ਕਾਫ਼ੀ ਪੁਰਾਣੇ ਸਨ, ਜਿਨ੍ਹਾਂ ਨੂੰ ਹੱਥ ਵਿਚ ਲੈਣ 'ਤੇ ਉਹ ਭੁਰ ਰਹੇ ਸਨ ਜਿਸ ਸਬੰਧੀ ਉਸ ਸਮੇਂ ਆਲੇ ਦੁਆਲੇ ਦੇ ਕਈ ਘਰਾਂ ਤੋਂ ਪੁੱਛ ਪੜਤਾਲ ਵੀ ਗੁਰੂ ਘਰ ਦੀ ਕਮੇਟੀ ਨਾਲ ਮਿਲ ਕੇ ਕੀਤੀ ਪਰ ਕਿਸੇ ਨੇ ਵੀ ਘਟਨਾ ਸਬੰਧੀ ਪਤਾ ਹੋਣ ਦੀ ਪੁਸ਼ਟੀ ਨਹੀਂ ਕੀਤੀ।