ਦਲ ਖ਼ਾਲਸਾ ਨੇ ਜਾਰੀ ਕੀਤਾ ਮੂਲ ਨਾਨਕਸ਼ਾਹੀ ਕੈਲੰਡਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਲ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਦੇ ਬਦਲਦੇ ਪ੍ਰਧਾਨਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਨੇ ਸਿੱਖਾਂ ਵਿਚ ਕੈਲੰਡਰ ਨੂੰ ਲੈ ਕੇ ਦੁਬਿਧਾ ਪੈਦਾ ਕੀਤੀ ਹੈ

Sikh calender

ਅੰਮ੍ਰਿਤਸਰ 15 ਮਾਰਚ (ਸੁਖਵਿੰਦਰ ਸਿੰਘ ਬਹੋੜੂ): ਦਲ ਖ਼ਾਲਸਾ ਨੇ ਅੱਜ 2003 ਵਿਚ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕਰਦਿਆਂ ਦੋਸ਼ ਲਾਇਆ ਕਿ ਬਾਦਲਾਂ ਦੇ ਪ੍ਰਭਾਵ ਹੇਠ  ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਸਥਾਵਾਂ ਮੁੜ ਬਿਕਰਮੀ ਕੈਲੰਡਰ ਨੂੰ ਅਪਣਾਅ ਚੁੱਕੀਆਂ ਹਨ ਜਿਸ ਕਾਰਨ ਇਹ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ।ਸਿੱਖ ਕੌਮ ਵਲੋਂ 14 ਮਾਰਚ 2003  ਨੂੰ ਮੂਲ  ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ। ਦਲ ਖ਼ਾਲਸਾ ਨੇ ਦੋਸ਼ ਲਾਇਆ ਕਿ ਸੰਤ ਸਮਾਜ ਨੂੰ ਖ਼ੁਸ਼ ਕਰਨ ਲਈ ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਕਮੇਟੀ 'ਤੇ ਜ਼ੋਰ ਪਾ ਕੇ ਤਰਮੀਮਾਂ ਕਰਵਾਈਆਂ ਅਤੇ ਹੌਲੀ-ਹੌਲੀ 2014 ਤਕ ਮੂਲ ਨਾਨਕਸ਼ਾਹੀ  ਕੈਲੰਡਰ ਦਾ ਬਿਕਰਮੀਕਰਨ ਕਰ ਦਿਤਾ ਗਿਆ। ਦਲ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਦੇ ਬਦਲਦੇ ਪ੍ਰਧਾਨਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਨੇ ਸਿੱਖਾਂ ਵਿਚ ਕੈਲੰਡਰ ਨੂੰ ਲੈ ਕੇ ਦੁਬਿਧਾ ਪੈਦਾ ਕੀਤੀ ਹੈ ਅਤੇ ਇਹ ਸੱਭ ਕੁੱਝ 

ਸਿਰਫ਼ ਸੰਤ ਸਮਾਜ ਅਤੇ ਨਾਨਕਸਰ ਵਾਲਿਆਂ ਨੂੰ ਖ਼ੁਸ਼ ਕਰਨ ਲਈ ਕੀਤਾ ਗਿਆ ਹੈ। 1783 ਵਿਚ ਦਿੱਲੀ ਦੇ ਲਾਲ ਕਿਲ੍ਹੇ 'ਤੇ ਸਿੱਖੀ ਦਾ ਝੰਡਾ ਲਹਿਰਾਉਣ ਵਾਲੇ ਸਿੱਖ ਯੋਧੇ ਬਾਬਾ ਬਘੇਲ ਸਿੰਘ ਦੀ ਯਾਦ ਵਿਚ ਰੱਖੇ ਗਏ ਸਮਾਗਮ ਵਿਚ ਪਾਰਟੀ ਆਗੂ ਹਰਚਰਨਜੀਤ ਸਿੰਘ ਧਾਮੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੀ ਕਾਪੀ ਜਾਰੀ ਕੀਤੀ ਗਈ। ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਮੈਂਬਰਾਂ ਤੋਂ ਇਲਾਵਾ ਸਿੱਖ ਚਿੰਤਕ ਡਾ. ਸੁਖਪ੍ਰੀਤ ਸਿੰਘ ਉਦੋਕੇ ਵੀ ਸਨ। ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਵਖਰੀ ਪਛਾਣ ਨੂੰ ਬਰਕਰਾਰ ਰਖਦਾ ਸੀ ਪਰ ਇਸ ਵਿਚ ਤਰਮੀਮਾਂ ਕਰ ਕੇ ਇਸ ਦੀ ਅਸਲੀ ਭਾਵਨਾ ਖ਼ਤਮ ਕਰ ਦਿਤੀ ਗਈ ਹੈ। ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਕਿਹਾ ਕਿ ਆਜ਼ਾਦ ਪੰਜਾਬ ਵਿਚ ਬਿਨਾਂ ਕਿਸੇ ਨਾਲ ਵਿਤਕਰਾ ਕੀਤੇ ਹਰ ਇਕ ਨਾਗਰਿਕ ਦੀਆਂ ਭਾਵਨਾਵਾਂ ਅਤੇ ਕਦਰਾਂ ਕੀਮਤਾਂ ਨੂੰ ਸੁਰੱਖਿਅਤ ਕੀਤਾ ਜਾਵੇਗਾ।