ਸਰਤਾਜ ਸਿੰਘ ਦਾ ਅਸਤੀਫ਼ਾ ਪ੍ਰਵਾਨ!
ਸਿਫ਼ਾਰਸ਼ੀ ਭਰਤੀ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਵਿਚ ਭਰਤੀ 523 ਵਿਅਕਤੀਆਂ ਵਿਚ ਸਰਤਾਜ ਸਿੰਘ ਦਾ ਨਾਂ ਫ਼ਹਿਰਿਸਤ ਸੀ
ਤਰਨਤਾਰਨ, 12 ਮਾਰਚ (ਚਰਨਜੀਤ ਸਿੰਘ): ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਸਾਬਕਾ ਮੈਂਬਰ ਭਾਈ ਰਾਮ ਸਿੰਘ ਦੇ ਪੁੱਤਰ ਸਰਤਾਜ ਸਿੰਘ ਜਿਨ੍ਹਾਂ ਦੀ ਡਿਊਟੀ ਭਾਈ ਰਾਮ ਸਿੰਘ ਨੇ ਸਿਫ਼ਾਰਸ਼ ਕਰ ਕੇ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਲਗਵਾਈ ਸੀ, ਨੇ ਪਿਛਲੀ ਤਰੀਕ ਪਾ ਕੇ ਅਪਣਾ ਅਸਤੀਫ਼ਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭੇਜ ਦਿਤਾ ਜਿਸ ਬਾਰੇ ਚਰਚਾ ਹੈ ਕਿ ਪ੍ਰਧਾਨ ਨੇ ਇਹ ਅਸਤੀਫ਼ਾ ਪਿਛਲੀ ਤਰੀਕ ਵਿਚ ਹੀ ਸਵੀਕਾਰ ਕਰ ਲਿਆ। ਸਿਫ਼ਾਰਸ਼ੀ ਭਰਤੀ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਵਿਚ ਭਰਤੀ 523 ਵਿਅਕਤੀਆਂ ਵਿਚ ਸਰਤਾਜ ਸਿੰਘ ਦਾ ਨਾਂ ਫ਼ਹਿਰਿਸਤ ਸੀ।ਸਿੱਖ ਗੁਰਦੁਆਰਾ ਐਕਟ 1925 ਦੀ ਅਣਦੇਖੀ ਕਰ ਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਉਚ ਅਧਿਕਾਰੀਆਂ ਨੇ ਅਪਣੇ ਧੀਆਂ ਪੁੱਤਰਾਂ, ਰਿਸ਼ਤੇਦਾਰਾਂ ਤੇ ਸਨੇਹੀਆਂ ਦੀ ਕਮੇਟੀ ਅਤੇ ਵਿਦਿਅਕ ਅਦਾਰਿਆਂ ਵਿਚ ਭਰਤੀਆਂ ਕਰਵਾਈਆਂ ਸਨ। ਇਸ ਬਾਰੇ ਰੌਲਾ ਪੈ ਜਾਣ ਤੋਂ ਬਾਅਦ ਬਣਾਈ ਸਬ ਕਮੇਟੀ ਦੀ ਰੀਪੋਰਟ ਨੂੰ ਸਵੀਕਾਰ ਕਰਦਿਆਂ 523 ਮੁਲਾਜ਼ਮਾਂ ਨੂੰ ਫਾਰਗ ਕਰਨ ਦਾ ਫ਼ੈਸਲਾ ਅੰਤ੍ਰਿੰਗ ਕਮੇਟੀ ਵਲੋਂ ਲਿਆ ਗਿਆ। ਇਸ ਵਿਚ ਸ਼ਾਮਲ 2016-17 ਦੇ ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ ਦੇ ਪੁੱਤਰ ਸਰਤਾਜ ਸਿੰਘ ਵਲੋਂ ਦਿਤਾ ਅਸਤੀਫ਼ਾ ਲੌਂਗੋਵਾਲ ਵਲੋਂ ਪ੍ਰਵਾਨ ਕਰ ਲਏ ਜਾਣ ਦੀ ਚਰਚਾ ਹੈ।