ਖ਼ਾਲਸਾ ਰਾਜ ਦੇ 'ਤੇ ਰੌਸ਼ਨੀ ਪਾਉਂਦੀ ਹੈ 'ਦ ਟਾਰਟਨ ਟਰਬਨ: ਇਨ ਸਰਚ ਆਫ਼ ਅਲੈਗਜ਼ੈਂਡਰ ਗਾਰਡਨਰ'
ਕੁਰੂਕਸ਼ੇਤਰ ਯੂਨੀਵਰਸਟੀ ਦੇ ਸਾਬਕਾ ਵਾਈਸ ਚਾਂਸਰ ਸੇਵਾ ਮੁਕਤ ਲੈਫ਼ਟੀਨੈਂਟ ਜਨਰਲ ਡਾ. ਡੀ.ਡੀ.ਐਸ. ਸੰਧੂ ਨੇ ਵਿਦੇਸ਼ੀ ਲਿਖਾਰੀ 'ਜੌਨ ਕੀਅ' ਦੀ ਅੰਗ੍ਰੇਜ਼ੀ ਕਿਤਾਬ ..
ਨਵੀਂ ਦਿੱਲੀ, 26 ਅਗੱਸਤ (ਅਮਨਦੀਪ ਸਿੰਘ): ਕੁਰੂਕਸ਼ੇਤਰ ਯੂਨੀਵਰਸਟੀ ਦੇ ਸਾਬਕਾ ਵਾਈਸ ਚਾਂਸਰ ਸੇਵਾ ਮੁਕਤ ਲੈਫ਼ਟੀਨੈਂਟ ਜਨਰਲ ਡਾ. ਡੀ.ਡੀ.ਐਸ. ਸੰਧੂ ਨੇ ਵਿਦੇਸ਼ੀ ਲਿਖਾਰੀ 'ਜੌਨ ਕੀਅ' ਦੀ ਅੰਗ੍ਰੇਜ਼ੀ ਕਿਤਾਬ 'ਦ ਟਾਰਟਨ ਟਰਬਨ: ਇਨ ਸਰਚ ਆਫ਼ ਅਲੈਗਜ਼ੈਂਡਰ ਗਾਰਡਨਰ' ਨੂੰ ਇਕ ਅਹਿਮ ਦਸਤਾਵੇਜ਼ ਦਸਿਆ ਹੈ। ਇਹ ਕਿਤਾਬ ਮਹਾਰਾਜਾ ਰਣਜੀਤ ਸਿੰਘ, ਮਹਾਰਾਣੀ ਜਿੰਦਾ ਤੇ ਸਿੱਖ ਰਾਜ ਦੇ ਖ਼ਾਤਮੇ ਬਾਰੇ ਚਰਚਾ ਨੂੰ ਉਭਾਰਦੀ ਹੈ।
ਇਥੋਂ ਦੇ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਵਲੋਂ ਜੌਨ ਕੀਅ ਦੀ ਕਿਤਾਬ ਬਾਰੇ ਭਖਵੀਂ ਚਰਚਾ ਉਲੀਕੀ ਗਈ। ਸਮਾਗਮ ਦੇ ਕਨਵੀਨਰ ਡਾ. ਯਾਦਵਿੰਦਰ ਸਿੰਘ ਨੇ ਦਸਿਆ ਕਿ ਜੌਨ੍ਹ ਕੀਅ ਦੀ ਕਿਤਾਬ ਇਕ ਇਤਿਹਾਸਕ ਕਿਤਾਬ ਹੈ, ਜੋ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਕਰਨਲ ਵਰਗੇ ਅਹਿਮ ਅਹੁਦੇ 'ਤੇ ਸੇਵਾ ਨਿਭਾਉਣ ਵਾਲੇ ਅਲੈਗਜ਼ੈਂਡਰ ਗਾਰਡਨਰ ਦੇ ਹਵਾਲਿਆਂ ਨਾਲ ਉਸ ਦੇ ਜੀਵਨ ਤਜ਼ਰਬੇ ਨੂੰ ਤਾਂ ਬਿਆਨਦੀ ਹੀ ਹੈ, ਨਾਲ ਹੀ ਸਿੱਖ ਰਾਜ ਦੇ ਹਾਲਾਤ ਅਤੇ ਸਿੱਖ ਰਾਜ ਖ਼ਤਮ ਹੋਣ ਬਾਰੇ ਇਤਿਹਾਸਕ ਪੜਚੋਲ ਵੀ ਕਰਦੀ ਹੈ।
ਸਮਾਗਮ ਦੀ ਸ਼ੁਰੂਆਤ 'ਚ ਸਦਨ ਦੇ ਜਨਰਲ ਸਕੱਤਰ ਡਾ. ਰਘਬੀਰ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਕਈ ਨੁਕਤਿਆਂ ਨੂੰ ਉਭਾਰਿਆ।
ਡਾ. ਡੀ.ਡੀ.ਐਸ. ਸੰਧੂ ਨੇ ਕਿਤਾਬ ਨੂੰ ਕੀਮਤੀ ਕ੍ਰਿਤ ਦਸਦਿਆਂ ਕਿਹਾ ਕਿ ਇਹ ਕਿਤਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਹਾਲਾਤ ਦੀ ਨਵੇਂ ਨਜ਼ਰੀਏ ਤੋਂ ਪੜਚੋਲ ਕਰਦੀ ਹੈ। ਉਨ੍ਹਾਂ ਮੌਕੇ ਇੰਟਰਨੈੱਟ ਰਾਹੀਂ 'ਸਕਾਈਪ' ਦੀ ਮਦਦ ਨਾਲ ਕਿਤਾਬ ਦੇ ਲਿਖਾਰੀ ਜੌਨ ਕੀਅ ਨਾਲ ਗੱਲਬਾਤ ਕਰਦੇ ਹੋਏ ਖ਼ਾਲਸਾ ਰਾਜ ਦੇ ਖ਼ਾਤਮੇ, ਅਲੈਗਜ਼ੈਂਡਰ ਦੇ ਰੋਲ ਤੇ ਮਹਾਰਾਣੀ ਜਿੰਦਾ ਬਾਰੇ ਸਵਾਲ ਪੁੱਛੇ, ਜਿਨ੍ਹਾਂ ਦੇ ਜਵਾਬ ਵਿਚ ਜੌਨ ਕੀਅ ਨੇ ਦਸਿਆ ਕਿ ਜਦ ਉਹ 19ਵੀਂ ਸਦੀ ਦੇ ਪੰਜਾਬ ਬਾਰੇ ਇਤਿਹਾਸਕ ਲਿਖਤਾਂ ਦੀ ਪੜਚੋਲ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ 'ਚ ਕਰਨਲ ਰਹੇ ਅਲੈਗਜ਼ੈਂਡਰ ਗਾਰਡਨਰ ਬਾਰੇ ਜਾਣਨ ਦੀ ਖਿੱਚ ਪੈਦਾ ਹੋਈ ਤੇ ਅਲੈਗਜ਼ੈਂਡਰ ਦੀਆਂ ਲਿਖਤਾਂ ਦੇ ਆਧਾਰ 'ਤੇ ਹੀ ਇਹ ਕਿਤਾਬ ਲਿਖੀ। ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੇ ਪ੍ਰੋ. ਰਾਕੇਸ਼ ਦੱਤਾ ਨੇ ਕਿਤਾਬ ਦੇ ਮੁੱਖ ਪਾਤਰ ਅਲੈਗਜ਼ੈਂਡਰ ਬਾਰੇ ਚਰਚਾ ਕੀਤੀ। ਇਸ ਮੌਕੇ ਸਦਨ ਦੇ ਮੀਤ ਪ੍ਰਧਾਨ ਜਨਰਲ ਜੋਗਿੰਦਰ ਸਿੰਘ, ਡਾ.ਹਰਬੰਸ ਕੌਰ ਸੱਗੂ, ਲੈਫ. ਜਨਰਲ ਗੁਰਮੀਤ ਸਿੰਘ, ਡਾ. ਕੁਲਵੀਰ, ਡਾ. ਵਨੀਤਾ ਸਣੇ ਪੰਜਾਬੀ ਖੋਜਾਰਥੀ ਵੀ ਸ਼ਾਮਲ ਹੋਏ।