ਕੈਲੀਫ਼ੋਰਨੀਆ ਦੇ ਸੱਭ ਤੋਂ ਪੁਰਾਣੇ ਗੁਰਦਵਾਰੇ ਨੂੰ ਇਤਿਹਾਸਕ ਦਰਜਾ ਦਿਵਾਉਣ ਲਈ ਉਪਰਾਲੇ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

'ਸਿੱਖ ਟੈਂਪਲ ਸਨਵਾਕੀਨ' ਨੂੰ ਇਤਿਹਾਸਕ ਦਰਜਾ ਦਿਵਾਉਣ ਲਈ ਉਪਰਾਲੇ ਸ਼ੁਰੂ

File

ਕੈਲੀਫ਼ੋਰਨੀਆ- ਕੈਲੀਫ਼ੋਰਨੀਆ ਦੀ ਸੈਂਟਰਲ ਵੈਲੀ ਦੇ ਸੱਭ ਤੋਂ ਪੁਰਾਣੇ ਗੁਰਦਵਾਰੇ ਸਿੱਖ ਟੈਂਪਲ ਨੂੰ ਇਤਿਹਾਸਕ ਮਹੱਤਤਾ ਦਿਵਾਉਣ ਲਈ ਇਲਾਕੇ ਦੀਆਂ ਸੰਗਤਾਂ ਤੇ ਸਿੱਖ ਸੰਸਥਾਵਾਂ ਵਲੋਂ ਉਪਰਾਲੇ ਸ਼ੁਰੂ ਕੀਤੇ ਗਏ ਹਨ ।

ਇਸ ਬਾਰੇ ਪ੍ਰਾਪਤ ਸੂਚਨਾ ਅਨੂਸਾਰ ਕੈਲੀਫ਼ੋਰਨੀਆ ਵਿਚ ਸੱਭ ਤੋਂ ਪਹਿਲਾਂ ਗ਼ਦਰੀ ਬਾਬਿਆਂ ਨੇ ਸਟਾਕਟਨ ਵਿਖੇ ਗੁਰਦਵਾਰਾ ਸਥਾਪਤ ਕੀਤਾ ਸੀ। ਇਸ ਉਪਰੰਤ ਯੂਬਾ ਸਿਟੀ ਵਿਖੇ ਗੁਰਦਵਾਰੇ ਦਾ ਨਿਰਮਾਣ ਕੀਤਾ ਗਿਆ ਸੀ । ਇਸ ਉਪਰੰਤ ਸਿੱਖ ਭਾਈਚਾਰਾ ਅਪਣੇ ਖੇਤੀਬਾੜੀ ਦੇ ਕੰਮਕਾਜਾਂ ਲਈ ਫ਼ਰਿਜਨੋ ਵਿਖੇ ਆਇਆ ਤੇ ਉਹ ਨਜ਼ਦੀਕੀ ਕਸਬੇ ਸਨਵਾਕੀਨ ਵਿਖੇ ਵਸ ਗਿਆ।

ਇਥੋਂ ਦੀਆਂ ਸੰਗਤਾਂ ਨੂੰ ਤਿੰਨ ਚਾਰ ਘੰਟੇ ਕਾਰ ਦਾ ਸਫ਼ਰ ਕਰ ਕੇ ਛੁੱਟੀ ਵਾਲੇ ਦਿਨ ਐਤਵਾਰ ਨੂੰ ਸਟਾਕਟਨ ਜਾਂ ਯੁਬਾ ਸਿਟੀ ਦੇ ਗੁਰਦਵਾਰੇ ਜਾਣ ਵਿਚ ਬੜੀ ਔਖ ਮਹਿਸੂਸ ਕਰਦੀ ਸੀ। ਇਸ ਕਰ ਕੇ ਇਲਾਕੇ ਵਿਚ ਵਸੀ ਸਿੱਖ ਸੰਗਤ ਨੇ ਰਲ ਕੇ 1970 ਵਿਚ ਦੇ ਦਹਾਕੇ ਵਿਚ ਗੁਰੂ ਘਰ ਦੀ ਸਥਾਪਨਾ ਇਕ ਸਟੋਰ ਦੀ ਬਹੁਤ ਵੱਡੀ ਦੋ ਮੰਜ਼ਲੀ ਇਮਾਰਤ ਲੈ ਕੇ ਕੀਤੀ ਸੀ।

ਉਦੋਂ ਤੋਂ ਹੀ ਇਹ ਗੁਰਦੁਆਰਾ ਸਿੱਖ ਸੰਗਤਾਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ ਹੈ। ਪ੍ਰਬੰਧਕਾਂ ਅਨੁਸਾਰ ਇਸ ਇਮਾਰਤ ਨੂੰ ਬਣਿਆ ਇਕ ਸਦੀ ਹੋ ਗਈ ਹੈ ਜੋ ਕਿ ਇਲਾਕੇ ਦੀ ਸੱਭ ਤੋਂ ਪੁਰਾਣੀ ਇਮਾਰਤ ਹੋਣ ਕਰ ਕੇ ਇਸ ਦੀ ਸ਼ਰਧਾ ਸਿੱਖ ਧਰਮ ਨਾਲ ਜੁੜ ਚੁਕੀ ਹੈ । ਇਸੇ ਕਰ ਕੇ ਗੁਰਦਵਾਰੇ ਦੇ ਪ੍ਰਬੰਧਕਾਂ ਨੇ  ਹੋਰ ਸੰਸਥਾਵਾਂ ਨਾਲ ਰਲ ਕੇ ਇਸ ਇਮਾਰਤ ਨੂੰ ਇਤਿਹਾਸਕ ਦਰਜਾ ਦਿਵਾਉਣ ਲਈ ਯਤਨ ਕਰਨੇ ਅਰੰਭ ਦਿਤੇ ਹਨ।

ਇਸ ਸਬੰਧ ਵਿਚ ਫ਼ਰਿਜ਼ਨੋ ਕਾਊਂਟੀ ਦੇ ਸੁਪਰਵਾਈਜ਼ਰ ਅਤੇ ਹੋਰ ਅਧਿਕਾਰੀਆਂ ਨਾਲ ਮਨਜ਼ੂਰੀ ਲਈ ਕਾਰਵਾਈ ਕੀਤੀ ਜਾਵੇਗੀ । ਇਲਾਕੇ ਦੀਆਂ ਸੰਗਤਾਂ ਨੇ ਆਸ ਪ੍ਰਗਟਾਈ ਹੈ ਕਿ ਇਸ ਗੁਰੁ ਘਰ ਨੂੰ ਇਤਿਹਾਸਕ ਦਰਜੇ ਦਾ ਮਾਣ ਜ਼ਰੂਰ ਪ੍ਰਾਪਤ ਹੋ ਜਾਵੇਗਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।