ਬੇਅਦਬੀ ਮਾਮਲਾ: ਗਵਾਹਾਂ ਦੇ ਬਿਆਨ ਕੀਤੇ ਦਰਜ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੜਤਾਲੀਆ ਕਮਿਸ਼ਨ ਨੇ ਕੀਤਾ ਪਿੰਡ ਮਹਿਲਾਂ, ਪਡਿਆਲ ਅਤੇ ਰਸਾਲਦਾਰ ਬੇਅਦਬੀ ਮਾਮਲਿਆਂ ਵਾਲੀਆਂ ਥਾਵਾਂ ਦਾ ਦੌਰਾ

Disclaimer

ਸੰਗਰੂਰ, 18 ਅਪ੍ਰੈਲ (ਗੁਰਦਰਸ਼ਨ ਸਿੰਘ ਸਿੱਧੂ/ਪਰਮਜੀਤ ਸਿੰਘ ਲੱਡਾ) : ਧਾਰਮਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਪੰਜਾਬ ਸਰਕਾਰ ਵਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਨੇ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਗਵਾਹਾਂ ਦੇ ਬਿਆਨ ਕਲਮਬੱਧ ਕੀਤੇ। ਇਸ ਕਮਿਸ਼ਨ ਦੀ ਅਗਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਕਰ ਰਹੇ ਹਨ। ਕਮਿਸ਼ਨ ਨੇ ਸੱਭ ਤੋਂ ਪਹਿਲਾਂ ਪਿੰਡ ਮਹਿਲਾਂ ਵਿਖੇ ਉਸ ਘਟਨਾ ਦੀ ਜਾਂਚ ਕੀਤੀ ਜਿਸ ਤਹਿਤ ਸਾਲ 2016 ਅਗੱਸਤ ਮਹੀਨੇ ਦੌਰਾਨ ਕੁਰਾਨ ਸ਼ਰੀਫ਼ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।

ਜਸਟਿਸ ਰਣਜੀਤ ਸਿੰਘ ਨੇ ਸੰਯੁਕਤ ਡਾਇਰੈਕਟਰ ਪ੍ਰੋਸੀਕਿਊਸ਼ਨ ਅੰਗਰੇਜ਼ ਸਿੰਘ ਅਤੇ ਸਾਬਕਾ ਐਡੀਸ਼ਨਲ ਸੈਸ਼ਨ ਜੱਜ ਰਿਟਾ. ਕਮ ਰਜਿਸਟਰਾਰ ਜੇ.ਪੀ. ਮਹਿਮੀ ਨਾਲ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਤੋਂ ਘਟਨਾਵਾਂ ਬਾਰੇ ਜਾਣਕਾਰੀ ਲੈਂਦਿਆਂ ਵੇਰਵੇ ਇਕੱਤਰ ਕੀਤੇ। ਇਸ ਤੋਂ ਬਾਅਦ ਕਮਿਸ਼ਨ ਵਲੋਂ ਪਿੰਡ ਖਡਿਆਲ ਅਤੇ ਰਸਾਲਦਾਰ ਛੰਨਾ ਆਦਿ ਵਿਖੇ ਵੀ ਘਟਨਾ ਸਥਾਨਾਂ ਦਾ ਦੌਰਾ ਕਰ ਕੇ ਲੋਕਾਂ ਦੇ ਬਿਆਨ ਲਏ ਗਏ। ਇਨ੍ਹਾਂ ਪਿੰਡਾਂ ਵਿਚ ਵੀ ਸਾਲ 2015 ਤੋਂ 2017 ਦੌਰਾਨ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ ਸਨ। ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਕਮਿਸ਼ਨ ਦੇ ਲਈ ਸਾਰੇ ਧਰਮਾਂ ਦੇ ਲੋਕ ਬਰਾਬਰ ਹਨ ਅਤੇ ਕਮਿਸ਼ਨ ਵਲੋਂ ਨਿਰਪੱਖ ਜਾਂਚ ਕਰ ਕੇ ਪੰਜਾਬ ਸਰਕਾਰ ਨੂੰ ਅਪਣੀ ਰੀਪੋਰਟ ਸੌਂਪੀ ਜਾਵੇਗੀ। ਉਨ੍ਹਾਂ ਦਸਿਆ ਕਿ ਲਗਭਗ ਪੰਜਾਬ ਦੇ ਕਾਫ਼ੀ ਜ਼ਿਲ੍ਹਿਆ 'ਚ ਪਹੁੰਚ ਕਰ ਕੇ ਰੀਪੋਰਟ ਇਕੱਤਰ ਕਰ ਲਈ ਗਈ ਹੈ।