Panthak News: ਪਿੰਡ ਨੂਰਪੁਰ ਜੱਟਾਂ ਵਿਚ ਹੋਈ ਬੇਅਦਬੀ ਦੀ ਐਡਵੋਕੇਟ ਧਾਮੀ ਵਲੋਂ ਸਖ਼ਤ ਨਿੰਦਾ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਕਿਹਾ, ਹਰ ਪਿੰਡ ’ਚ ਸਿਰਫ਼ ਇਕ ਗੁਰਦੁਆਰਾ ਹੋਵੇ ਤੇ ਸਾਰੀ ਸੰਗਤ ਰਲ ਕੇ ਪ੍ਰਬੰਧ ’ਚ ਸਹਿਯੋਗੀ ਬਣੇ

Harjinder Singh Dhami

 

Amritsar News : ਗੜ੍ਹਸ਼ੰਕਰ ਨੇੜੇ ਪਿੰਡ ਨੂਰਪੁਰ ਜੱਟਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਾਕਾਮੀ ਕਾਰਨ ਗ਼ੈਰ ਸਮਾਜਕ ਅਨਸਰਾਂ ਦੇ ਹੌਸਲੇ ਵਧੇ ਹੋਏ ਹਨ ਅਤੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਜੀਵਨ ਦੀ ਅਗਵਾਈ ਦਿੰਦੇ ਹਨ, ਜਿਨ੍ਹਾਂ ਦੇ ਸਤਿਕਾਰ ਅਤੇ ਮਰਯਾਦਾ ਨੂੰ ਕਾਇਮ ਰੱਖਣਾ ਅਤੇ ਗੁਰੂ ਘਰਾਂ ਦੀ ਚੇਤੰਨ ਹੋ ਕੇ ਸੇਵਾ ਸੰਭਾਲ ਪ੍ਰਬੰਧਕਾਂ ਤੇ ਸੰਗਤਾਂ ਦੀ ਜ਼ੁੰਮੇਵਾਰੀ ਹੈ। 

  ਉਨ੍ਹਾਂ ਕਿਹਾ ਕਿ ਕੁੱਝ ਗੁਰਦੁਆਰਾ ਕਮੇਟੀਆਂ ਦੀ ਲਾਪਰਵਾਹੀ ਨਾਲ ਅਜਿਹੀਆਂ ਦੁਖਦਾਈ ਘਟਨਾਵਾਂ ਵਾਪਰਦੀਆਂ ਹਨ, ਜਿਸ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੱਜ ਪਿੰਡਾਂ/ ਸ਼ਹਿਰਾਂ ਦੇ ਹਰ ਮੁਹੱਲੇ ਵਿਚ ਕਈ ਗੁਰਦੁਆਰਾ ਸਾਹਿਬ ਬਣੇ ਹਨ, ਪਰੰਤੂ ਸਾਂਭ ਸੰਭਾਲ ਵਲ ਧਿਆਨ ਨਹੀਂ ਦਿਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਹਰ ਪਿੰਡ ਵਿਚ ਕੇਵਲ ਇਕ ਗੁਰਦੁਆਰਾ ਸਾਹਿਬ ਹੋਏ ਅਤੇ ਸਾਰੀ ਸੰਗਤ ਰਲ ਕੇ ਪ੍ਰਬੰਧ ਵਿਚ ਸਹਿਯੋਗੀ ਬਣੇ।

ਉਨ੍ਹਾਂ ਕਿਹਾ ਕਿ ਜੇਕਰ ਇਕ ਪਿੰਡ ’ਚ ਇਕ ਹੀ ਗੁਰਦੁਆਰਾ ਸਾਹਿਬ ਹੋਵੇਗਾ ਤਾਂ ਸਾਰਾ ਪਿੰਡ ਰਲ ਕੇ ਪ੍ਰਬੰਧ ਨੂੰ ਬੇਹਤਰ ਅਤੇ ਪਹਿਰੇਦਾਰੀ ਲਾਜ਼ਮੀ ਬਣਾ ਸਕਦਾ ਹੈ। ਇਸ ਵਾਸਤੇ ਸਾਂਝੇ ਉਦਮ ਤਹਿਤ ਕੰਮ ਕੀਤਾ ਜਾਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਸਰਕਾਰ ਨੂੰ ਕਿਹਾ ਕਿ ਉਹ ਅਪਣੀ ਡੰਗ ਟਪਾਊ ਨੀਤੀ ਛੱਡ ਕੇ ਧਾਰਮਕ ਭਾਵਨਾਵਾਂ ਤਾਰ ਤਾਰ ਕਰਨ ਵਾਲੇ ਲੋਕਾਂ ਦਾ ਪਰਦਾਫਾਸ਼ ਕਰਦੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਵਾਵੇ।