ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਕਾਬੂ ਨਾ ਕਰਨ ਮਾਮਲਾ-ਸਰਬੱਤ ਖ਼ਾਲਸਾ ਧਿਰਾਂ ਨੇ ਇਕ ਜੂਨ ਨੂੰ ਸਦਿਆ ਇਕੱਠ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਰਗਾੜੀ ਕਾਂਡ ਦੇ ਕਥਿਤ ਦੋਸ਼ੀਆਂ ਨੂੰ ਕਾਬੂ ਨਾ ਕਰਨ ਅਤੇ ਬੰਦੀ ਸਿੱਖਾਂ ਨੂੰ ਰਿਹਾਅ ਨਾ ਕਰਨ ਦੇ ਰੋਸ ਵਜੋਂ ਸਰਬੱਤ ਖ਼ਾਲਸਾ ਧਿਰਾਂ ਨੇ 1 ਜੂਨ ਨੂੰ ਬਰਗਾੜੀ....

Press Conference on Bargadi case

ਬਠਿੰਡਾ,  (ਸੁਖਜਿੰਦਰ ਮਾਨ): ਬਰਗਾੜੀ ਕਾਂਡ ਦੇ ਕਥਿਤ ਦੋਸ਼ੀਆਂ ਨੂੰ ਕਾਬੂ ਨਾ ਕਰਨ ਅਤੇ ਬੰਦੀ ਸਿੱਖਾਂ ਨੂੰ ਰਿਹਾਅ ਨਾ ਕਰਨ ਦੇ ਰੋਸ ਵਜੋਂ ਸਰਬੱਤ ਖ਼ਾਲਸਾ ਧਿਰਾਂ ਨੇ 1 ਜੂਨ ਨੂੰ ਬਰਗਾੜੀ ਵਿਖੇ ਇਕੱਠ ਸਦਿਆਂ ਹੈ। ਅੱਜ ਇਥੇ ਪ੍ਰੈੱਸ ਕਾਨਫ਼ਰੰਸ ਵਿਚ ਸਰਬੱਤ ਖ਼ਾਲਸਾ ਧਿਰਾਂ ਨੇ ਕੈਪਟਨ ਸਰਕਾਰ 'ਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਮੁਕਰਨ ਦਾ ਦੋਸ਼ ਲਗਾਉਂਦਿਆਂ ਐਲਾਨ ਕੀਤਾ ਕਿ ਉਹ ਪੰਥਕ ਮੁਦਿਆਂ 'ਤੇ ਸਰਕਾਰ ਨੂੰ ਭੱਜਣ ਨਹੀਂ ਦੇਣਗੇ।

ਯੂਨਾਈਟਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ, ਗਮਦੂਰ ਸਿੰਘ, ਬਾਬਾ ਸੁਖਦੇਵ ਸਿੰਘ, ਏਕਸ ਕੇ ਬਾਰਿਕ ਜਥੇਬੰਦੀ ਦੇ ਮਹਿੰਦਰ ਸਿੰਘ ਖ਼ਾਲਸਾ, ਅਖੰਡ ਕੀਰਤਨੀ ਜਥਾ ਦੇ ਹਾਕਮ ਸਿੰਘ, ਪੰਥਕ ਸੇਵਾ ਲਹਿਰ ਦੇ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਰਮਿੰਦਰ ਸਿੰਘ ਬਾਲਿਆਂਵਾਲੀ, ਦਲ ਖ਼ਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ, ਸ਼੍ਰੋਮਣੀ ਅਕਾਲੀ ਦਲ 1920 ਦੇ ਬੂਟਾ ਸਿੰਘ ਰਣਸ਼ੀਂਹ, ਸੁਤੰਤਰ ਅਕਾਲੀ ਦਲ ਦੇ ਪਰਮਜੀਤ ਸਿੰਘ ਸਹੋਲੀ, ਲੋਕ ਜਨਸ਼ਕਤੀ ਪਾਰਟੀ ਦੇ ਕਿਰਨਜੀਤ ਸਿੰਘ ਗਹਿਰੀ ਆਦਿ ਨੇ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚੋਰੀ ਕਰ ਕੇ

ਬੇਅਦਬੀ ਕਰਨ ਦੇ ਵਾਪਰੇ ਦੁਖਦਾਈ ਸਾਕੇ ਦੇ ਢਾਈ ਸਾਲ ਬੀਤ ਜਾਣ ਬਾਅਦ ਵੀ ਸਮੇਂ ਦੀ ਸਰਕਾਰ ਵਲੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਾਬੂ ਕਰ ਕੇ ਸਜ਼ਾ ਨਹੀਂ ਦਿਵਾਈ ਜਾ ਸਕੀ। ਇਸੇ ਤਰ੍ਹਾਂ ਇਨਸਾਫ਼ ਪਸੰਦ ਸੰਗਤਾਂ ਵਲੋਂ ਲਗਾਏ ਗਏ ਸ਼ਾਂਤਮਈ ਧਰਨੇ 'ਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਵਿਰੁਧ ਵੀ ਹਾਲੇ ਤਕ ਕੋਈ ਕਾਰਵਾਈ ਨਾ ਕਰਨ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਦੇ ਰੋਸ ਵਜੋਂ ਵੱਖ-ਵੱਖ ਪੰਥਕ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਵਲੋਂ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਸਾਂਝੀ ਮੀਟਿੰਗ ਕਰ ਕੇ ਉਪ੍ਰੋਕਤ ਮਸਲਿਆਂ ਨੂੰ ਹੱਲ ਕਰਨ ਲਈ ਸਰਕਾਰ ਤੋਂ ਮੰਗ ਕੀਤੀ ਹੈ।