ਨਾਰਾਇਣ ਦਾਸ ਵਿਰੁਧ ਹੋਵੇ ਸਖ਼ਤ ਕਾਰਵਾਈ: ਹਰਨਾਮ ਸਿੰਘ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਕੁਬੋਲ ਬੋਲਣ ਵਾਲੇ ਪਖੰਡੀ....

Baba Harnam Singh

ਤਰਨਤਾਰਨ: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਕੁਬੋਲ ਬੋਲਣ ਵਾਲੇ ਪਖੰਡੀ ਨਰਾਇਣ ਦਾਸ ਵਿਰੁਧ ਅੱਜ ਪੰਜਵੇਂ ਦਿਨ ਤਕ ਵੀ ਕੋਈ ਕਾਰਵਾਈ ਨਾ ਕਰਨ ਲਈ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਆੜੇ ਹੱਥੀਂ ਲੈਂਦਿਆਂ ਉਸ ਨੂੰ ਤੁਰਤ ਗ੍ਰਿਫ਼ਤਾਰ ਕਰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਸਮੁੱਚੀਆਂ ਸਿਖ ਜਥੇਬੰਦੀਆਂ ਸੰਪਰਦਾਵਾਂ ਨੂੰ ਵੀ ਉਕਤ ਬਾਬੇ ਵਿਰੁਧ ਕਾਨੂੰਨੀ ਕਾਰਵਾਈ ਰਾਹੀਂ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਅਪੀਲ ਕੀਤੀ ਹੈ। 

ਪ੍ਰੋ. ਸਰਚਾਂਦ ਸਿੰਘ ਵਲੋਂ ਜਾਰੀ ਬਿਆਨ 'ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਪਖੰਡੀਆਂ ਵਲੋਂ ਭਗਤਾਂ ਦੀ ਬਾਣੀ ਨੂੰ ਨਿਸ਼ਾਨਾ ਬਣਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਵਿਰੁਧ ਕੁਬੋਲ ਬੋਲਣਾ ਸਹਿਣ ਨਹੀਂ ਕੀਤਾ ਜਾ ਸਕਦਾ।  ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਗੁਰੂ ਨਿੰਦਕਾਂ ਨੂੰ ਛੱਡ ਕੇ ਦਮਦਮੀ ਟਕਸਾਲ ਗੁਰਬਾਣੀ ਗੁਰ ਇਤਿਹਾਸ ਅਤੇ ਭਗਤਾਂ ਦੀ ਬਾਣੀ 'ਤੇ ਕਿਸੇ ਨਾਲ ਵੀ ਵਿਚਾਰ ਕਰਨ ਲਈ ਤਿਆਰ ਹੈ । 

ਉਨ੍ਹਾਂ ਨਰਾਇਣਾ ਵਰਗੇ ਗੁਰੂ ਨਿੰਦਕਾਂ ਦੇ ਕਾਰੇ ਲਈ ਪੰਥ ਦੀ ਬੁੱਕਲ ਵਿਚ ਬੈਠ ਕੇ ਗੁਰੂ ਸਿਧਾਂਤਾਂ ਦਾ ਅਪਮਾਨ ਕਰ ਰਹੇ ਸ਼ੰਕਾਵਾਦੀ ਪ੍ਰਚਾਰਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜੋ ਅਪਣੇ ਆਪ ਨੂੰ ਜਾਗਰੂਕ ਕਹਾਉਂਦੇ ਹੋਏ ਪਰੰਪਰਾਵਾਂ 'ਤੇ ਉਂਗਲ ਚੁੱਕੇ ਪੰਥ ਦੋਖੀ ਗੁਰੂ ਨਿੰਦਕ ਅਖੌਤੀ ਫ਼ਲਸਫ਼ੇ ਦੀ ਸ਼ੁਰੂਆਤ ਕੀਤੀ। ਇਹ ਉਹ ਲੋਕ ਹਨ ਜੋ ਗੁਰੂ ਸਾਹਿਬਾਨ,

ਸਿਧਾਂਤ ਅਤੇ ਪਰੰਪਰਾ 'ਤੇ ਟੀਕਾ ਟਿਪਣੀਆਂ ਕਰਦਿਆਂ ਗੁਰਬਾਣੀ ਨੂੰ ਵੀ ਸਵਾਲਾਂ ਦਾ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਭੇਖੀ ਤੇ ਦੋਖੀ ਨਰਾਇਣ ਦਾਸ ਦਾ ਕਿਸੇ ਵੀ ਉਦਾਸੀਨ ਸੰਪਰਦਾਈ ਨਾਲ ਸਬੰਧ ਨਹੀਂ ਹੈ। ਫਿਰ ਵੀ ਉਦਾਸੀਨ ਭੇਖ ਅਪਣਾਉਣ ਵਾਲੇ ਦੋਖੀ ਨੂੰ ਲੋਕਾਂ 'ਚ ਨਸ਼ਰ ਕਰਨ ਦੀ ਉਦਾਸੀਨ ਸੰਪਰਦਾਈ ਦੇ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਵਿਰੁਧ ਸਖ਼ਤ ਕਾਰਵਾਈ ਕਰਾਉਣ।