ਦਿੱਲੀ ਕਮੇਟੀ ਦੇ ਕਰੋੜਾਂ ਦੇ ਫ਼ੰਡਾਂ ਦੀ ਦੁਰਵਰਤੋਂ ਵਿਚ ਸਮੁੱਚਾ ਬਾਦਲ ਦਲ ਦੋਸ਼ੀ : ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਕਰੋੜਾਂ ਦੇ ਅਖੌਤੀ ਘਪਲਿਆਂ ਵਿਚ ਪਿਛਲੇ ਛੇ ਸਾਲ ਤੋਂ ਕੇਂਦਰ ਦੀ ਭਾਜਪਾ

Harvinder Singh Sarna

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਕਰੋੜਾਂ ਦੇ ਅਖੌਤੀ ਘਪਲਿਆਂ ਵਿਚ ਪਿਛਲੇ ਛੇ ਸਾਲ ਤੋਂ ਕੇਂਦਰ ਦੀ ਭਾਜਪਾ ਸਰਕਾਰ ਦਿੱਲੀ ਗੁਰਦਵਾਰਾ ਕਮੇਟੀ 'ਤੇ ਕਾਬਜ਼ ਬਾਦਲਾਂ ਨੂੰ ਬਚਾਉਂਦੀ ਆ ਰਹੀ ਹੈ, ਪਰ ਪਟਿਆਲਾ ਹਾਊਸ ਅਦਾਲਤ ਦੇ ਫ਼ੈਸਲੇ ਤੋਂ ਸਾਬਤ ਹੋ ਜਾਂਦਾ ਹੈ ਕਿ ਬਾਦਲਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ। ਅੱਜ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਭਾਈ ਤਰਸੇਮ ਸਿੰਘ, ਸ.ਭਜਨ ਸਿੰਘ ਵਾਲੀਆ ਤੇ ਹੋਰਨਾਂ ਨੂੰ ਲੈ ਕੇ, ਕੀਤੀ ਪੱਤਰਕਾਰ ਮਿਲਣੀ ਵਿਚ ਸ.ਸਰਨਾ ਨੇ ਦੋਸ਼ ਲਾਇਆ,“ਕਰੋੜਾਂ ਦੀ ਲੁੱਟ ਵਿਚ ਸਿਰਫ਼ ਮਨਜੀਤ ਸਿੰਘ ਜੀ ਕੇ ਹੀ ਨਹੀਂ,

ਸਗੋਂ ਸੁਖਬੀਰ ਸਿੰਘ ਬਾਦਲ ਸਣੇ ਸਮੁੱਚਾ ਅਕਾਲੀ ਦਲ ਬਾਦਲ ਸ਼ਾਮਲ ਹੈ ਤੇ ਇਹ ਸਾਰੇ ਬਰਾਬਰ ਦੇ ਭਾਈਵਾਲ ਤੇ ਦੋਸ਼ੀ ਹਨ। ਭਾਜਪਾ ਤੇ ਕੇਂਦਰ ਸਰਕਾਰ ਨੇ ਪੁਲਿਸ 'ਤੇ ਦਬਾਅ ਬਣਾ ਕੇ, ਜੀ ਕੇ ਮਾਮਲੇ ਦੀ ਸਹੀ ਪੜਤਾਲ ਨਹੀਂ ਹੋਣ ਦਿਤੀ ਤੇ ਕਾਹਲੀ ਨਾਲ ਅਦਾਲਤ ਵਿਚ ਮਾਮਲਾ ਬੰਦ ਕਰਨ ਦੀ ਰੀਪੋਰਟ ਦਾਖ਼ਲ ਕਰ ਦਿਤੀ, ਪਰ ਅਦਾਲਤ ਨੇ ਉਸ ਨੂੰ ਪ੍ਰਵਾਨ ਹੀ ਨਹੀਂ ਕੀਤਾ।'' ਉਨ੍ਹਾਂ ਕਿਹਾ,“ਕਮੇਟੀ ਦਾ ਪ੍ਰਧਾਨ ਬਣਨ ਪਿਛੋਂ ਸਿਰਸਾ ਨੇ ਹੁਣ ਤਕ ਖਾਤਿਆਂ ਦੀ ਨਿਰਪੱਖ ਪੜਤਾਲ ਕਿਉਂ ਨਹੀਂ ਕਰਵਾਈ? ਗੁਰਦਵਾਰਾ ਕਮੇਟੀ ਦੇ ਫ਼ੰਡਾਂ ਬਾਰੇ ਅਸੀਂ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ, ਮੰਗ ਕੀਤੀ ਹੋਈ ਹੈ

ਕਿ ਕਮੇਟੀ ਦਾ ਨਿਰਪੱਖ ਏਜੰਸੀ ਤੋਂ ਲੇਖਾ ਜੋਖਾ ਕਰਵਾਇਆ ਜਾਵੇ।'' ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਵੀ ਗੁਰਦਵਾਰਾ ਕਮੇਟੀ ਦੇ ਸ੍ਰੋਤਾਂ ਦੀ ਖੁਲ੍ਹ ਕੇ ਦੁਰਵਰਤੋਂ ਹੋਈ ਹੈ, ਇਸ ਦੇ ਉਲਟ ਕਮੇਟੀ ਦੇ ਸਕੂਲਾਂ ਦੇ ਅਧਿਆਪਕ ਤੇ ਹੋਰ ਮੁਲਾਜ਼ਮ ਤਿੰਨ ਤਿੰਨ ਮਹੀਨੇ ਤੋਂ ਤਨਖ਼ਾਹਾਂ ਲਈ ਤਰਸ ਰਹੇ ਹਨ ਤੇ ਅਦਾਲਤਾਂ ਵਿਚ ਜਾਣ ਲਈ ਮਜਬੂਰ ਹਨ। ਉਨ੍ਹਾਂ ਦਿੱਲੀ ਦੇ ਪਤਵੰਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਕਮੇਟੀ ਦੇ ਭਰਮ ਜਾਲ ਵਿਚ ਨਾ ਫੱਸਣ ਤੇ ਪਹਿਲਾਂ ਕਮੇਟੀ ਤੋਂ ਕਰੋੜਾਂ ਦੇ ਫ਼ੰਡਾਂ ਦੇ ਹਿਸਾਬ ਤਾਂ ਪੁਛ ਲੈਣ।