ਸਿੱਖ ਸੰੰਘਰਸ਼ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਨੇ ਬਣਾਈ ਫ਼ਿਲਮ 'ਬਲੈਕੀਆ': ਭਾਈ ਰਣਜੀਤ ਸਿੰਘ
ਖਾੜਕੂ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਵਲੋਂ ਬਣਾਈ ਗਈ ਫ਼ਿਲਮ 'ਬਲੈਕੀਆ' ਜਿਸ ਵਿਚ ਬੜੀ ਚਲਾਕੀ ਨਾਲ ਪੰਜਾਬ ਦੀ ਜਵਾਨੀ ਦੀ ਬਰਬਾਦੀ ਦਾ ਸਿਹਰਾ ਖਾੜਕੂਆਂ
ਅੰਮ੍ਰਿਤਸਰ : ਖਾੜਕੂ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਵਲੋਂ ਬਣਾਈ ਗਈ ਫ਼ਿਲਮ 'ਬਲੈਕੀਆ' ਜਿਸ ਵਿਚ ਬੜੀ ਚਲਾਕੀ ਨਾਲ ਪੰਜਾਬ ਦੀ ਜਵਾਨੀ ਦੀ ਬਰਬਾਦੀ ਦਾ ਸਿਹਰਾ ਖਾੜਕੂਆਂ ਸਿਰ ਮੜ੍ਹਿਆ ਗਿਆ ਹੈ ਤੇ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਦਾ ਜ਼ਿੰਮੇਵਾਰ ਪਾਕਿਸਤਾਨ ਨੂੰ ਠਹਿਰਾ ਕੇ ਹਿੰਦੋਸਤਾਨ ਨੂੰ ਕਲੀਨ ਚਿਟ ਦਿਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਹੈ ਕਿ ਫ਼ਿਲਮ ਵਿਚ ਕਹਾਣੀ ਨੂੰ ਬੜੀ ਹੀ ਚਲਾਕੀ ਨਾਲ ਨਿਜੀ ਰੰਜਸ਼ਾਂ ਤੋਂ ਸਿੱਖ ਸੰਘਰਸ਼ ਤਕ ਲਿਜਾਇਆ ਗਿਆ ਹੈ
ਤੇ ਇਹ ਫ਼ਿਲਮ ਗ਼ਲਤ ਤੱਥਾਂ ਅਤੇ ਸਿੱਖ ਸੰਘਰਸ਼ ਵਿਰੋਧੀ ਮਾਨਸਿਕਤਾ ਨਾਲ ਭਰਪੂਰ ਹਿੰਦੋਸਤਾਨੀ ਪ੍ਰਾਪੇਗੰਡਾ ਹੈ। ਫ਼ਿਲਮ ਵਿਚ ਐਮਰਜੈਂਸੀ ਤੇ ਉਸ ਤੋਂ ਬਾਅਦ ਦੇ ਸਿੱਖ ਸੰਘਰਸ਼ ਦੇ ਦੌਰ ਨੂੰ ਦਿਖਾਇਆ ਗਿਆ ਹੈ। ਸੋਨੇ ਦੇ ਤਸਕਰਾਂ ਵਲੋਂ ਏ.ਕੇ.ਸੰਤਾਲੀ ਦੇ ਨਾਲ ਹੀ ਨਸ਼ੇ ਦੀਆਂ ਖੇਪਾਂ ਆਉਣ ਲੱਗਦੀਆਂ ਹਨ। ਇਨ੍ਹਾਂ ਗ਼ਲਤ ਤੱਥਾਂ ਰਾਹੀਂ ਪੰਜਾਬ ਵਿਚ ਚਲੇ ਸਿੱਖ ਸੰਘਰਸ਼ ਬਾਰੇ ਇਹ ਭੁਲੇਖਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ
ਕਿ 1971 ਦੀ ਜੰਗ ਦਾ ਬਦਲਾ ਲੈਣ ਖ਼ਾਤਰ ਪਾਕਿਸਤਾਨ ਵਲੋਂ ਸਿੱਖਾਂ ਨੂੰ ਹਿੰਦੋਸਤਾਨ ਵਿਰੁਧ ਵਰਤਿਆ ਗਿਆ ਤੇ ਪੰਜਾਬ ਸਮੱਸਿਆ ਦਾ ਕਾਰਨ ਪਾਕਿਸਤਾਨ ਨੂੰ ਦਸਿਆ ਗਿਆ। ਉਨ੍ਹਾਂ ਕਿਹਾ ਕਿ 'ਪੰਜਾਬ 1984' ਫ਼ਿਲਮ ਵੀ ਇਸੇ ਲੜੀ ਦਾ ਹਿੱਸਾ ਸੀ ਪਰ 'ਬਲੈਕੀਆ' ਫ਼ਿਲਮ ਵਿਚ ਪ੍ਰਾਪੇਗੰਡਾ ਦਾ ਪੱਧਰ ਪਹਿਲਾਂ ਨਾਲੋਂ ਜ਼ਿਆਦਾ ਨੀਵਾਂ ਹੈ। ਫ਼ੈਡਰੇਸ਼ਨ ਆਗੂ ਨੇ ਬੀਤੇ ਦਿਨ ਇਸ ਫ਼ਿਲਮ ਦਾ ਅਲਫ਼ਾ ਵਨ ਸਿਨੇਮਾ ਹਾਲ ਵਿਚ ਹੀ ਸਖ਼ਤ ਵਿਰੋਧ ਕੀਤਾ ਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ।