ਦਿੱਲੀ ਗੁਰਦਵਾਰਾ ਕਮੇਟੀ ਦੇ ਫ਼ੰਡਾਂ ਦੀ ਹੇਰਾ-ਫੇਰੀ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਚੁੱਪ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਦਵਾਰਾ ਫ਼ੰਡਾਂ ਨੂੰ ਅਖੌਤੀ ਤੌਰ 'ਤੇ ਖ਼ੁਰਦ-ਬੁਰਦ ਕਰਨ ਦੇ ਮਾਮਲੇ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੂੰ ਅਦਾਲਤ

Gurmeet Singh Shunty

ਨਵੀਂ ਦਿੱਲੀ : ਗੁਰਦਵਾਰਾ ਫ਼ੰਡਾਂ ਨੂੰ ਅਖੌਤੀ ਤੌਰ 'ਤੇ ਖ਼ੁਰਦ-ਬੁਰਦ ਕਰਨ ਦੇ ਮਾਮਲੇ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੂੰ ਅਦਾਲਤ ਦੇ ਕਟਹਿਰੇ ਵਿਚ ਖੜਾ ਕਰਨ ਪਿਛੋਂ ਕਮੇਟੀ ਦੇ ਸਾਬਕਾ ਜਨਰਲ ਸਕੱਤਰ, ਮੌਜੂਦਾ ਮੈਂਬਰ ਤੇ ਪਟੀਸ਼ਨਰ ਸ.ਗੁਰਮੀਤ ਸਿੰਘ ਸ਼ੰਟੀ ਨੇ ਪੁਛਿਆ ਹੈ ਕਿ ਆਖ਼ਰ ਅਜਿਹੀ ਕਿਹੜੀ ਮਜਬੂਰੀ ਹੈ ਕਿ ਸੰਗਤ ਦੇ ਕਰੋੜਾਂ ਦੇ ਫ਼ੰਡਾਂ ਦੇ ਅਖੌਤੀ ਘਪਲੇ ਦੇ ਮਾਮਲੇ ਵਿਚ ਹੁਣ ਤਕ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਪ੍ਰਧਾਨ ਨੂੰ ਤਲਬ ਕਰਨ ਦੀ ਲੋੜ ਨਹੀਂ ਸਮਝੀ? ਕੀ ਸੰਗਤ ਪ੍ਰਤੀ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ?

ਇਥੋਂ ਦੇ ਪ੍ਰੈੱਸ ਕਲੱਬ ਵਿਖੇ ਅੱਜ ਸੱਦੀ ਪੱਤਰਕਾਰ ਮਿਲਣੀ ਵਿਚ ਸ.ਸ਼ੰਟੀ ਨੇ ਕਿਹਾ, “ਭਾਵੇਂ ਤੱਥਾਂ ਤੇ ਸਬੂਤਾਂ ਨੂੰ ਅਣਗੌਲਿਆਂ ਕਰ ਕੇ, ਦਿੱਲੀ ਪੁਲਿਸ ਨੇ ਜੀ.ਕੇ. ਤੇ ਹੋਰਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਅਦਾਲਤ ਨੇ ਪੁਲਿਸ ਦੀ 'ਕਲੋਜ਼ਰ ਰੀਪੋਰਟ' ਨੂੰ ਰੱਦ ਕਰ ਕੇ, ਹੋਰ ਅੱਗੇ ਪੜਤਾਲ ਕਰਨ ਤੇ ਪੁਲਿਸ ਕਮਿਸ਼ਨਰ ਤੋਂ ਰੀਪੋਰਟ ਤਲਬ ਕਰਨ ਦੇ ਹੁਕਮ ਦੇ ਕੇ, ਸੰਗਤ ਦੀ 'ਅਮਾਨਤ ਵਿਚ ਖ਼ਿਆਨਤ' ਕਰਨ ਦਾ ਸਖ਼ਤ ਨੋਟਿਸ ਲਿਆ ਹੈ। ਇਹ ਸੰਗਤ ਦੀ ਜਿੱਤ ਹੈ। ਭਾਵੇਂ ਮੈਨੂੰ ਸੁਪਰੀਮ ਕੋਰਟ ਤਕ ਜਾਣਾ ਪਵੇ, ਮੈਂ ਸੰਗਤ ਦੇ ਸਹਿਯੋਗ ਨਾਲ ਜੀ ਕੇ ਤੇ ਹੋਰਨਾਂ ਨੂੰ ਸੀਖਾਂ ਪਿਛੇ ਪਹੁੰਚਾਵਾਂਗਾ।''

ਸ.ਸ਼ੰਟੀ ਦੇ ਵਕੀਲ ਰਜਿੰਦਰ ਛਾਬੜਾ ਨੇ ਕਿਹਾ,“ਅਦਾਲਤ ਨੇ ਅਪਣੇ ਫ਼ੈਸਲੇ ਵਿਚ ਡਾਢੀ ਚਿੰਤਾ ਪ੍ਰਗਟਾਈ ਹੈ ਕਿ ਧਾਰਮਕ ਸੰਸਥਾ ਦੇ ਪ੍ਰਧਾਨ, ਜੋ ਲੋਕ ਨੁਮਾਇੰਦਾ ਹੈ, ਨੇ ਸੰਗਤ ਦੇ ਫ਼ੰਡਾਂ ਨਾਲ ਹੇਰਾ ਫੇਰੀ ਕੀਤੀ ਹੈ ਤੇ ਇਕ ਲੱਖ ਕੈਨੇਡੀਅਨ ਡਾਲਰ ਬੈਂਕ ਤੋਂ ਕਢਵਾਉਣ ਬਾਰੇ ਫਾਰਨ ਕਰੰਸੀ ਰੈਗੂਲੇਸ਼ਨ ਐਕਟ ਅਧੀਨ ਪ੍ਰਵਾਨਗੀ ਵੀ ਨਹੀਂ ਲਈ। ਇਹ ਮਾਮਲਾ ਸੀਬੀਆਈ ਨੂੰ ਭੇਜਣ ਲਈ ਪੂਰੀ ਤਰ੍ਹਾਂ ਫਿੱਟ ਹੈ।'' ਕਮੇਟੀ ਦੇ ਮੌਜੂਦਾ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ 'ਤੇ ਭ੍ਰਿਸ਼ਟਾਚਾਰ ਦੇ ਲੱਗ ਰਹੇ ਦੋਸ਼ਾਂ ਬਾਰੇ 'ਸਪੋਕਸਮੈਨ' ਵਲੋਂ ਪੁਛੇ ਸਵਾਲ ਦੇ ਜਵਾਬ ਵਿਚ ਸ.ਸ਼ੰਟੀ ਨੇ ਸਪਸ਼ਟ ਕਿਹਾ,“ਜੇ ਸਬੂਤ ਹੋਣਗੇ ਤਾਂ ਮੈਂ ਸਿਰਸਾ ਦੇ ਮਾਮਲੇ ਨੂੰ ਵੀ ਅਦਾਲਤ ਵਿਚ ਲਿਜਾਵਾਂਗਾ।''