ਜੇ ਸਰਕਾਰ ਠੇਕੇ ਖੋਲ੍ਹ ਸਕਦੀ ਹੈ, ਤਾਂ ਗੁਰੂ ਘਰ ਕਿਉਂ ਨਹੀਂ ਖੋਲ੍ਹੇ ਜਾ ਸਕਦੇ- ਲੌਂਗੋਵਾਲ
ਲੌਂਗੋਵਾਲ ਨੇ ਕਿਹਾ ਕਿ ਸਰਕਾਰ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਨਹੀਂ ਦੇ ਰਹੀ ਹੈ ਪਰ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹ ਸਕਦੀ ਹੈ।
ਚੰਡੀਗੜ੍ਹ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਪਣੀ ਦਹਿਸ਼ਤ ਫੈਲਾਈ ਹੋਈ ਹੈ ਇਸ ਕਰ ਕੇ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਹੈ ਇਹ ਲੌਕਡਾਊਨ 31 ਮਈ ਤੱਕ ਜਾਰੀ ਰਹੇਗਾ। ਇਸ ਲੌਕਡਾਊਨ ਨੂੰ ਲੈ ਕੇ ਮਾਲ, ਦੁਕਾਨਾਂ, ਸ਼ਰਾਬ ਦੇ ਠੇਕੇ ਇੱਥੋਂ ਤੱਕ ਕਿ ਧਾਰਮਿਕ ਸਥਾਨ ਵੀ ਬੰਦ ਕਰ ਦਿੱਤੇ ਗਏ ਸਨ। ਤੇ ਹੁਣ ਧਾਰਮਿਕ ਸਥਾਨਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC) ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਜੇ ਸਰਕਾਰ ਸ਼ਰਾਬ ਦੇ ਠੇਕੇ ਖ੍ਹੋਲ ਸਕਦੀ ਹੈ ਤਾਂ ਗੁਰੂ ਘਰਾਂ ਨੂੰ ਕਿਉਂ ਨਹੀਂ ਖੋਲ੍ਹਿਆ ਜਾ ਸਕਦਾ।
ਲੌਂਗੋਵਾਲ ਨੇ ਕਿਹਾ ਕਿ ਸਰਕਾਰ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਨਹੀਂ ਦੇ ਰਹੀ ਹੈ ਪਰ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹ ਸਕਦੀ ਹੈ। ਲੌਂਗੋਵਾਲ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਉਥੋਂ ਤਾਂ ਲੋਕ ਚੰਗੀ ਸਿੱਖਿਆ ਹੀ ਲੈ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਲਈ ਨਸ਼ੇ ਖਤਰਨਾਕ ਹਨ ਇਸ ਲਈ ਸਰਕਾਰ ਨੂੰ ਨਸ਼ਿਆ ਨੂੰ ਬੰਦ ਕਰਨਾ ਚਾਹੀਦਾ ਹੈ। ਲੌਂਗੋਵਾਲ ਨੇ ਕਿਹਾ ਕਿ ਅਸੀਂ ਕਮੇਟੀ ਦਾ ਗਠਨ ਕੀਤਾ ਹੈ ਜਿਹੜੀ ਸਾਨੂੰ ਸਮੇਂ ਸਮੇਂ ਉਤੇ ਪੂਰੀ ਜਾਣਕਾਰੀ ਦੇਵੇਗੀ ਅਤੇ ਗੁਰੂ ਦੇ ਲੰਗਰਾਂ ਲਈ ਸੰਗਤ ਦਾ ਸਹਿਯੋਗ ਵੀ ਪੂਰਾ ਮਿਲ ਰਿਹਾ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਫੇਸਬੁੱਕ ਪੇਜ਼ ਤੇ ਗੁਰੂ ਦੇ ਲੰਗਰਾਂ ਨੂੰ ਮਿਲ ਰਹੇ ਸਹਿਯੋਗ ਨੂੰ ਲੈ ਕੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ ਜਿਸ ਦੇ ਵਿਚ ਦੱਸਿਆ ਗਿਆ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਕਾਦੀਆਂ ਤੋਂ ਸ. ਗੁਰਇਕਬਾਲ ਸਿੰਘ ਮਾਹਲ ਸੰਗਤਾਂ ਸਮੇਤ ਲੰਗਰ ਲਈ 100 ਟੀਨ ਘਿਓ ਅਤੇ 25 ਕੁਇੰਟਲ ਖੰਡ ਲੈ ਕੇ ਪੁੱਜੇ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।
ਕਿ ਗੁਰੂ ਘਰਾਂ ਦੇ ਲੰਗਰਾਂ ਲਈ ਰਸਦਾਂ ਤੇ ਮਾਇਆ ਭੇਟ ਕਰਨ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ। ਉਹਨਾਂ ਦੱਸਿਆਂ ਕਿ ਫ਼ਤਹਿਗੜ੍ਹ ਚੂੜ੍ਹੀਆਂ ਦੀ ਸੰਗਤ ਵੱਲੋਂ 764 ਕੁਇੰਟਲ 29 ਕਿਲੋ ਕਣਕ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਲਈ ਭੇਟ ਕੀਤੀ ਗਈ। ਇਸੇ ਤਰ੍ਹਾਂ ਹਲਕਾ ਅਜਨਾਲਾ ਤੋਂ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਜੋਧ ਸਿੰਘ ਸਮਰਾ, ਸ. ਅਮਰੀਕ ਸਿੰਘ ਵਿਛੋਆ, ਸ. ਕੁਲਦੀਪ ਸਿੰਘ ਤੇੜਾ ਸੰਗਤਾਂ ਸਮੇਤ ਲੰਗਰ ਲਈ 4 ਟਰਾਲੀਆਂ ਕਣਕ ਲੈ ਕੇ ਪੁੱਜੇ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਜਲਦੀ ਹੀ ਕੋਰੋਨਾ ਨਾਮ ਦੀ ਬਿਮਾਰੀ ਖ਼ਤਮ ਹੋ ਸਕੇ।