ਕਾਬੁਲ ਸਥਿਤ ਗੁਰੂਘਰ 'ਤੇ ਹਮਲੇ ਤੋਂ ਬਾਅਦ ਅਫ਼ਗ਼ਾਨ ਸਿੱਖਾਂ ਲਈ ਈ-ਵੀਜ਼ੇ ਜਾਰੀ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਕਰਤੇ ਪ੍ਰਵਾਨ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਤੋਂ ਬਾਅਦ ਜਾਰੀ ਹੋਏ 111 ਵੀਜ਼ੇ 

E-visas issued to Afghan Sikhs

ਕਾਬੁਲ : ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਕਰਤੇ ਪ੍ਰਵਾਨ ਗੁਰਦੁਆਰਾ ਸਾਹਿਬ 'ਚ ਸ਼ਨੀਵਾਰ ਨੂੰ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਉਥੋਂ ਦੇ ਸਿੱਖਾਂ ਅਤੇ ਹਿੰਦੂਆਂ ਨੂੰ ਈ-ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਸੂਤਰਾਂ ਮੁਤਾਬਕ ਹੁਣ ਤੱਕ 100 ਦੇ ਕਰੀਬ ਅਜਿਹੇ ਵੀਜ਼ੇ ਜਾਰੀ ਕੀਤੇ ਜਾ ਚੁੱਕੇ ਹਨ।
ਇਸ ਬਾਰੇ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕੇ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਵੀਜ਼ਾ ਅਪਲਾਈ ਕੀਤਾ ਗਿਆ ਸੀ ਉਨ੍ਹਾਂ ਵਿਚੋਂ 111 ਅਫ਼ਗ਼ਾਨਿਸਤਾਨ ਰਹਿੰਦੇ ਅਤੇ ਇੱਕ ਇੰਗਲੈਂਡ ਰਹਿੰਦੇ ਭਾਰਤੀ ਨੂੰ ਵੀਜ਼ਾ ਦਿਤਾ ਗਿਆ ਹੈ।

ਜਿਸ ਸਿੱਖ ਦੀ ਕੱਲ ਮੌਤ ਹੋਈ ਸੀ ਉਨ੍ਹਾਂ ਦਾ ਪੁੱਤਰ ਇੰਗਲੈਂਡ ਰਹਿੰਦਾ ਹੈ ਜਿਸ ਨੂੰ ਵੀਜ਼ਾ ਦਿਤਾ ਗਿਆ ਹੈ ਤਾਂ ਜੋ ਉਹ ਇਸ ਦੁੱਖ ਦੀ ਘੜੀ ਵਿਚ ਆਪਣੇ ਪਰਿਵਾਰ ਦੇ ਨਾਲ ਰਹਿਣ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਭਰੋਸਾ ਦਿਵਾਇਆ ਹੈ 50 ਦੇ ਕਰੀਬ ਹੋਰ ਵੀ ਵਿਅਕਤੀ ਹਨ ਜਿਨ੍ਹਾਂ ਨੇ ਵੀਜ਼ਾ ਅਪਲਾਈ ਨਹੀਂ ਕੀਤੀ ਇਸ ਲਈ ਜੋ ਕੋਈ ਵੀ ਭਾਰਤ ਆਉਣ ਦਾ ਇੱਛੁਕ ਹੋਵੇਗਾ ਉਸ ਨੂੰ ਵੀਜ਼ਾ ਦਿਤਾ ਜਾਵੇਗਾ ਇਥੋਂ ਤੱਕ ਕਿ ਜੇਕਰ ਉਨ੍ਹਾਂ ਕੋਲ ਟਿਕਟ ਦੇ ਪੈਸੇ ਨਹੀਂ ਹੋਣਗੇ ਤਾਂ ਉਨ੍ਹਾਂ ਦੀ ਵੀ ਮਦਦ ਕੀਤੀ ਜਾਵੇਗੀ।

ਦੱਸ ਦਈਏ ਕਿ ਇਸ ਹਮਲੇ ਵਿੱਚ ਇੱਕ ਸਿੱਖ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ ਸਨ। ਇਸ ਦੇ ਨਾਲ ਹੀ ਅਫ਼ਗ਼ਾਨ ਸੁਰੱਖਿਆ ਮੁਲਾਜ਼ਮਾਂ ਨੇ ਵਿਸਫੋਟਕਾਂ ਨਾਲ ਭਰੇ ਵਾਹਨ ਨੂੰ ਗੁਰਦੁਆਰੇ ਅੰਦਰ ਦਾਖਲ ਹੋਣ ਤੋਂ ਰੋਕ ਕੇ ਵੱਡੀ ਘਟਨਾ ਨੂੰ ਟਾਲ ਦਿੱਤਾ। ਇਸ ਹਮਲੇ ਨੂੰ ਲੈ ਕੇ ਸਿੱਖ ਭਾਈਚਾਰੇ ਅਤੇ ਵੱਖ-ਵੱਖ ਸਿਆਸੀ ਲੀਡਰਾਂ ਵਲੋਂ ਅਫ਼ਗ਼ਾਨਿਸਤਾਨ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ  ਦੀ ਅਪੀਲ ਕੀਤੀ ਜਾ ਰਹੀ ਸੀ।
ਭਾਰਤ ਨੇ ਇਸ ਹਮਲੇ 'ਤੇ ਸਖ਼ਤ ਇਤਰਾਜ਼ ਜਤਾਇਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸਥਿਤ ਗੁਰਦੁਆਰਾ ਕਾਰਤੇ ਪ੍ਰਵਾਨ 'ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਇੱਕ ਟਵੀਟ ਵਿੱਚ ਮੋਦੀ ਨੇ ਕਿਹਾ, "ਕਾਬੁਲ ਵਿੱਚ ਕਾਰਤੇ ਪਰਵਾਨ ਗੁਰਦੁਆਰੇ 'ਤੇ ਕਾਇਰਤਾਪੂਰਨ ਅੱਤਵਾਦੀ ਹਮਲੇ ਤੋਂ ਸਦਮੇ ਵਿੱਚ ਹਾਂ। ਮੈਂ ਇਸ ਵਹਿਸ਼ੀ ਹਮਲੇ ਦੀ ਨਿੰਦਾ ਕਰਦਾ ਹਾਂ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਅਰਦਾਸ ਕਰਦਾ ਹਾਂ।