'ਦੀਵਾਨ ਦੀ ਕੋਈ ਜ਼ਿੰਮੇਵਾਰੀ ਲੈਣ ਦੇ ਇੱਛੁਕ ਨਹੀਂ ਚੱਢਾ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਚੀਫ਼ ਖ਼ਾਲਸਾ ਦੀਵਾਨ ਦੀ ਅਗਾਂਹ ਕੋਈ ਵੀ ...

Charanjit  Singh Chadha

ਅੰਮ੍ਰਿਤਸਰ, 18 ਜੁਲਾਈ (ਮਨਪ੍ਰੀਤ ਸਿੰਘ ਜੱਸੀ): ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਚੀਫ਼ ਖ਼ਾਲਸਾ ਦੀਵਾਨ ਦੀ ਅਗਾਂਹ ਕੋਈ ਵੀ ਜ਼ਿੰਮੇਵਾਰੀ ਲੈਣ ਦੀ ਰੁਚੀ ਨਹੀਂ ਹੈ ਅਤੇ ਨਾ ਹੀ ਉਹ ਫ਼ਰਵਰੀ 2019 ਦੀਆਂ ਚੋਣਾਂ 'ਚ ਹਿੱਸਾ ਲੈਣਗੇ। ਸੂਤਰਾਂ ਮੁਤਾਬਕ ਚੱਢਾ ਸਿਰਫ਼ ਹੁਣ ਅਪਣੇ ਕਾਰੋਬਾਰ ਤੇ ਗੁਰੂ ਮਹਾਰਾਜ ਦੀਆਂ ਅਸੀਸਾਂ ਪ੍ਰਾਪਤ ਕਰਨ ਹਿਤ ਸੇਵਾ 'ਚ ਲੱਗੇ ਹਨ। 

ਸੂਤਰਾਂ ਦਾ ਕਹਿਣਾ ਹੈ ਕਿ ਚੱਢਾ ਦੇ ਕਾਰਜਕਾਲ ਸਮੇਂ ਚੀਫ਼ ਖ਼ਾਲਸਾ ਦੀਵਾਨ ਨੇ ਚਾਰ ਕਾਲਜ ਖੋਲ੍ਹੇ ਗਏ। ਬਜ਼ੁਰਗਾਂ ਦੇ ਰੈਣ ਬਸੇਰਾ ਲਈ ਸ੍ਰੀ ਗੁਰੂ ਅਮਰਦਾਸ ਜੀ ਬਿਰਧ ਘਰ ਖੋਲ੍ਹਿਆ। ਇਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਤਿੰਨ ਆਦਰਸ਼ ਸਕੂਲ ਚੀਫ਼ ਖ਼ਾਲਸਾ ਦੀਵਾਨ ਨੂੰ ਚਲਾਉਣ ਲਈ ਦਿਤੇ, ਗ਼ਰੀਬ ਤੇ ਲੋੜਵੰਦ ਬੱਚਿਆਂ ਲਈ ਤਿੰਨ ਆਦਰਸ਼ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਆਦਰਸ਼ ਸਕੂਲ ਦੇ ਨਾਂ ਹੇਠ ਬਣਵਾਏ ਜਿਥੇ ਮੁਫ਼ਤ ਸਿਖਿਆ, ਮੁਫ਼ਤ ਵਰਦੀ, ਮੁਫ਼ਤ ਕਿਤਾਬਾਂ ਤੇ ਮੁਫ਼ਤ ਖਾਣ ਪੀਣ ਦੀ ਸਹੂਲਤ ਦਿਤੀ ਗਈ।

ਇਹ ਸਕੂਲ ਨੌਸ਼ਹਿਰਾ ਪਨੂੰਆ, ਢਾਂਡਰਾ ਰੋਡ ਲੁਧਿਆਣਾ ਤੇ ਉੱਚਾ ਪਿੰਡ ਕਪੂਰਥਲਾ ਵਿਖੇ ਚੱਲ ਰਹੇ ਹਨ। ਚੱਢਾ ਦੇ ਕਾਰਜਕਾਲ ਸਮੇਂ ਹੀ ਔਰਤਾਂ ਨੂੰ ਮੈਂਬਰ ਇੰਚਾਰਜ ਦੀ ਨੁਮਾਇੰਦਗੀ ਦਿਤੀ ਗਈ ਤੇ ਔਰਤਾਂ ਨੂੰ ਵੀ ਦੀਵਾਨ ਦਾ ਮੈਂਬਰ ਬਣਨ ਦਾ ਹੱਕ ਮਿਲਿਆ। ਚੱਢਾ ਨੇ ਜਦ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਤਾਂ ਉਸ ਸਮੇਂ ਚੀਫ਼ ਖ਼ਾਲਸਾ ਦੀਵਾਨ ਦਾ ਬਜਟ 14 ਕਰੋੜ ਦਾ ਸੀ ਜੋ ਹੁਣ 100 ਕਰੋੜ ਦਾ ਹੋ ਗਿਆ। ਇਹ ਸਿਰਫ਼ ਚੱਢਾ ਦੀਆਂ ਸੇਵਾਵਾਂ ਤੇ ਕੋਸ਼ਿਸ਼ਾਂ ਦਾ ਨਤੀਜਾ ਹੈ।

ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਗਿਣਤੀ 'ਚ ਵਾਧਾ ਹੋਇਆ। ਉਥੇ ਸਕੂਲ ਦੀਆਂ ਨਵੀਆਂ ਬਰਾਂਚਾਂ ਖੋਲ੍ਹੀਆ ਗਈਆਂ ਜਿਥੇ ਅੱਜ ਹਰ ਵਰਗ ਦੇ ਵਿਦਿਆਰਥੀ ਸਿਖਿਆ ਤੋਂ ਇਲਾਵਾ ਧਾਰਮਕ ਸਿਖਿਆ ਲੈ ਰਹੇ ਹਨ। ਜਦ 2019 ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਬਾਰੇ ਪੁਛਿਆ ਗਿਆ ਕਿ ਕੀ ਚਰਨਜੀਤ ਸਿੰਘ ਚੱਢਾ ਮੁੜ ਚੀਫ਼ ਖ਼ਾਲਸਾ ਦੀਵਾਨ ਦੀ ਵਾਗਡੋਰ ਸੰਭਾਲਣਗੇ ਤਾਂ ਸੂਤਰਾਂ ਦਾ ਕਹਿਣਾ ਸੀ ਕਿ ਚਰਨਜੀਤ ਸਿੰਘ ਚੱਢਾ ਚੀਫ਼ ਖ਼ਾਲਸਾ ਦੀਵਾਨ ਦੇ ਕਿਸੇ ਵੀ ਅਹੁਦੇ ਜਾਂ ਚੋਣ ਦੇ ਹੱਕ ਵਿਚ ਨਹੀਂ ਤੇ ਨਾ ਹੀ ਉਹ ਇਸ ਪਾਸੇ ਆਉਣਾ ਚਾਹੁੰਦੇ ਹਨ।