ਸਿੱਖ ਜਥੇਬੰਦੀਆਂ ਨੇ ਹਿਸਾਰ ਦੇ ਐਸ.ਪੀ. ਨਾਲ ਮੁਲਾਕਾਤ ਕਰ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹਿਸਾਰ ਵਿਚ ਸਿੱਖ ਪਰਵਾਰ 'ਤੇ ਹੋਏ ਹਮਲੇ ਪਿਛੋਂ ਸਿੱਖਾਂ ਵਿਚ ਸਖ਼ਤ ਰੋਸ ਹੈ। ਪੀੜਤ ਪਰਵਾਰ ਦੇ ਹੱਕ ਵਿਚ ਤੇ ਦੋਸ਼ੀਆਂ ਨੂੰ ਸਜ਼ਾਵਾਂ

Sikh Organizations Met with Hisar SP

ਨਵੀਂ ਦਿੱਲੀ, (ਅਮਨਦੀਪ ਸਿੰਘ) : ਹਿਸਾਰ ਵਿਚ ਸਿੱਖ ਪਰਵਾਰ 'ਤੇ ਹੋਏ ਹਮਲੇ ਪਿਛੋਂ ਸਿੱਖਾਂ ਵਿਚ ਸਖ਼ਤ ਰੋਸ ਹੈ। ਪੀੜਤ ਪਰਵਾਰ ਦੇ ਹੱਕ ਵਿਚ ਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਅੱਜ ਸਿਰਸਾ ਵਿਚ ਸਿੱਖਾਂ ਵਲੋਂ ਇਕ ਮਾਰਚ ਵੀ ਕੱਢਿਆ ਗਿਆ। ਅੱਜ ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਪ੍ਰਧਾਨ ਸ. ਰਮਨਦੀਪ ਸਿੰਘ ਫ਼ਤਿਹ ਨਗਰ, ਸ. ਹਰਮੀਤ ਸਿੰਘ ਪਿੰਕਾ, ਸ. ਇਕਬਾਲ ਸਿੰਘ, ਸ. ਗੁਰਪ੍ਰੀਤ ਸਿੰਘ ਰਿੰਟਾ, ਯੂਨਾਈਟਡ ਸਿੱਖ ਮਿਸ਼ਨ ਦੇ ਅਹੁਦੇਦਾਰ ਸ. ਹਰਮਿੰਦਰ ਸਿੰਘ ਆਹਲੂਵਾਲੀਆ, ਸ. ਸਤਿੰਦਰ ਸਿੰਘ, ਸ. ਜਸਪ੍ਰੀਤ ਸਿੰਘ ਚੰਢੋਕ ਤੇ ਹੋਰਨਾਂ ਨੇ ਪੀੜਤ ਪਰਵਾਰ ਨਾਲ ਮੁਲਾਕਾਤ ਕਰ ਕੇ,

ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਤਾ। ਸਾਰੇ ਅਹੁਦੇਦਾਰਾਂ ਨੇ ਪੁਲਿਸ ਦੇ ਆਲਾ ਅਫ਼ਸਰਾਂ  ਨਾਲ ਵੀ ਮੁਲਾਕਾਤ ਕੀਤੀ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਸ. ਰਮਨਦੀਪ ਸਿੰਘ ਫ਼ਤਿਹ ਨਗਰ ਨੇ 'ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਨ੍ਹਾਂ ਤੇ ਹੋਰ ਜਥੇਬੰਦੀਆਂ ਨੇ ਹਿਸਾਰ ਵਿਖੇ ਐਸ.ਪੀ. ਸ਼ਿਵ ਚਰਨ ਸ਼ਰਮਾ ਨਾਲ ਮੁਲਾਕਾਤ ਕਰ ਕੇ, ਮੰਗ ਕੀਤੀ ਕਿ ਪੜਤਾਲੀਆ ਟੀਮ ਕਾਇਮ ਕਰ ਕੇ, ਮਾਮਲੇ ਦੀ ਪੜਤਾਲ ਕੀਤੀ ਜਾਵੇ ਤੇ ਪੀੜਤ ਪਰਵਾਰ ਵਿਰੁਧ ਦਰਜ ਕੀਤੇ ਗਏ 307 ਦੇ ਝੂਠੇ ਪਰਚੇ ਨੂੰ ਰੱਦ ਕੀਤਾ ਜਾਵੇ।

ਉਨ੍ਹਾਂ ਦਸਿਆ ਕਿ ਪੀੜਤ ਪਰਵਾਰ ਤੇ ਉਸ ਬੀਬੀ ਨਾਲ ਮੁਲਾਕਾਤ ਕੀਤੀ ਗਈ ਗਈ, ਜੋ ਕਿ 7 ਮਹੀਨੇ ਦੀ ਗਰਭਵਤੀ ਹੈ ਤੇ ਉਸ ਦੇ ਢਿੱਡ ਵਿਚ ਬੇਰਹਿਮੀ ਨਾਲ ਦੋਸ਼ੀਆਂ ਨੇ ਲੱਤਾਂ ਮਾਰੀਆਂ ਸਨ। ਉਸ ਦੇ ਜੀਵਨ ਸਾਥੀ ਜਿਸ ਦੀ ਨੱਕ ਦੀ ਹੱਡੀ ਭੰਨ੍ਹ ਦਿਤੀ ਗਈ ਹੈ ਤੇ ਉਹ ਇਸ ਵੇਲੇ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ, ਨਾਲ ਵੀ ਮੁਲਾਕਾਤ ਕੀਤੀ ਗਈ ਤੇ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦਸਿਆ ਕਿ ਹਿਸਾਰ ਦੇ ਸਿੰਘ ਸਭਾ ਗੁਰਦਵਾਰੇ ਵਿਚ ਸਿੱਖ ਨੁਮਾਇੰਦਿਆਂ ਤੇ ਹਿੰਦੂ ਨੁਮਾਇੰਦਿਆਂ ਨਾਲ ਮੁਲਾਕਾਤ ਕਰ ਕੇ, ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸਾਥ ਦੇਣ ਦੀ ਬੇਨਤੀ ਕੀਤੀ ਗਈ।