Panthak News: ਤਖ਼ਤਾਂ ਦੇ ਜਥੇਦਾਰਾਂ ਲਈ 30 ਅਗੱਸਤ ਦਾ ਫ਼ੈਸਲਾ ਹੋਵੇਗੀ ‘ਅਗਨ ਪ੍ਰੀਖਿਆ’ ਪੱਖ ਤੇ ਵਿਰੋਧ ’ਚ ਜਥੇਦਾਰਾਂ ’ਤੇ ਦਬਾਅ ਪੈਣਾ ਸੁਭਾਵਕ
Panthak News: ਇਹ ਮਸਲਾ ਸਿੱਖ ਇਤਿਹਾਸ ਵਿਚ ਪਹਿਲੀ ਕਿਸਮ ਦਾ ਹੋਵੇਗਾ।
Panthak News: ਅਕਾਲ ਤਖ਼ਤ ਸਾਹਿਬ ਦੀ ਸਿੱਖ ਸੰਸਥਾਵਾਂ ਦੇ ਪ੍ਰਸੰਗ ਵਿਚ ਸਦਾ ਕੇਂਦਰੀ ਸੰਸਥਾ ਵਾਲੀ ਭੂਮਿਕਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਫੁੱਟ ਅਤੇ ਸੌਦਾ-ਸਾਧ ਦੇ ਸਵਾਂਗ ਰਚਣ, ਸ੍ਰੀ ਗੁਰੂ-ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਸਿੱਖ ਪੰਥ ਵਿਚੋਂ ਛੇਕੇ ਸੌਦਾ ਸਾਧ ਨੂੰ, ਤਖ਼ਤ ਸਾਹਿਬ ਦੇ ਜਥੇਦਾਰਾਂ ਰਾਹੀਂ ਮਾਫ਼ੀ ਦਿਵਾਉਣ ਦੇ ਦੋਸ਼ ਹੇਠ ਸੁਖਬੀਰ ਸਿੰਘ ਬਾਦਲ ਵਿਰੁਧ, ਸ਼ਿਕਾਇਤ ਉਨ੍ਹਾਂ ਦੇ ਪਾਰਟੀ ਵਿਰੋਧੀਆਂ ਵਲੋਂ ਕਰਨ ਤੇ ਇਸ ਸਬੰਧੀ 30 ਅਗੱਸਤ ਨੂੰ ਪੰਜ ਜਥੇਦਾਰ ਮੀਟਿੰਗ ਕਰਨ ਜਾ ਰਹੇ ਹਨ। ਇਹ ਫ਼ੈਸਲਾ ਉਨ੍ਹਾਂ ਲਈ ਅਗਨ ਪ੍ਰੀਖਿਆ ਵਾਂਗ ਹੈ। ਇਹ ਮਸਲਾ ਸਿੱਖ ਇਤਿਹਾਸ ਵਿਚ ਪਹਿਲੀ ਕਿਸਮ ਦਾ ਹੋਵੇਗਾ। ਪੰਥਕ ਸਿਆਸਤ ਨੂੰ ਸਮਝਣ ਵਾਲੇ ਮਾਹਰਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਪੱਖੀ, ਇਸ ਸੋਚ ਨਾਲ ਚਲ ਰਹੇ ਹਨ ਕਿ ਅਕਾਲ ਤਖ਼ਤ ਸਾਹਿਬ ਤੋਂ ਰਾਹਤ ਮਿਲੇਗੀ।
ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਇਹ ਵਿਚਾਰਧਾਰਾ ਰੱਖ ਰਹੇ ਹਨ ਕਿ ਇਸ ਪ੍ਰਵਾਰ ਨੇ ਬਜਰ ਗ਼ੁਨਾਹ ਬਹੁਤ ਕੀਤੇ ਹਨ ਕਿ ਸਿੱਖੀ ਦੇ ਨਿਘਾਰ ਅਤੇ ਸਿੱਖ ਕੌਮ ਦੀ ਸ਼ਹਾਦਤਾਂ ਨਾਲ ਹੋਂਦ ਵਿਚ ਆਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਲਈ ਬਾਦਲ ਜ਼ੁੰਮੇਵਾਰ ਹਨ ਤੇ ਜਦ ਤਕ ਇਸ ’ਤੇ ਇਹ ਕਾਬਜ਼ ਹਨ, ਉਸ ਵੇਲੇ ਤਕ, ਸਿੱਖ ਪੰਥ ਦਾ ਭਵਿੱਖ ਕਦੇ ਵੀ ਉਜਵਲ ਨਹੀਂ ਹੋ ਸਕਦਾ। ਮਿਲੇ ਵੇਰਵਿਆਂ ਮੁਤਾਬਕ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ ਦੇ ਬਿਲਕੁਲ ਮੂਡ ਵਿਚ ਨਹੀਂ।
ਦੂਸਰੇ ਪਾਸੇ ਵਿਰੋਧੀ ਧਿਰ ਅਤੇ ਸਿੱਖ ਜਥੇਬੰਦੀਆਂ ਵਲੋਂ ਜਥੇਦਾਰ ਨੂੰ ਆਏ ਦਿਨ ਯਾਦ ਪੱਤਰ ਦਿਤੇ ਜਾ ਰਹੇ ਹਨ ਕਿ ਪੰਥਕ ਹਿਤਾਂ ਵਿਚ ਬਾਦਲ ਪ੍ਰਵਾਰ ਤੋਂ ਖਹਿੜਾ ਛੁਡਾਇਆ ਜਾਵੇ ।ਚਰਚਾਵਾਂ ਹਨ ਕਿ ਜੋ ਮਰਜ਼ੀ ਹੋਵੇ, ਫ਼ੈਸਲਾ ਤਾਂ ਇਕ ਧਿਰ ਵਿਰੁਧ ਤੇ ਦੂਸਰੇ ਦੇ ਪੱਖ ਵਿਚ ਆਉਣਾ ਹੈ। ਇਸ ਲਈ ਜਥੇਦਾਰ ਸਾਹਿਬਾਨ ਨੂੰ ਅਗਨ ਪ੍ਰੀਖਿਆ ਵਿਚੋਂ ਲੰਘਦਿਆਂ, ਇਤਿਹਾਸਕ ਨਿਰਣਾ ਲੈਣਾ ਪਵੇਗਾ।