ਕੀ ‘ਜਥੇਦਾਰ’ ਦੀਆਂ ਤਾਰਾਂ ਕੇਂਦਰ ਨਾਲ ਜੁੜੀਆਂ ਹਨ?
ਅਮਿਤ ਸ਼ਾਹ ਦੀ ‘ਜਥੇਦਾਰ’ ਨਾਲ ਅਕਾਲ ਤਖ਼ਤ ’ਤੇ ਹੋਈ ਬੰਦ-ਕਮਰਾ ਬੈਠਕ ’ਤੇ ਸਵਾਲ ਉਠਣ ਲਗੇ?
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਥਕ ਹਲਕਿਆਂ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਦੀਆਂ ਸਰਗਰਮੀਆਂ ਤੇ ਚਰਚਾ ਛਿੜੀ ਹੈ ਕਿ ਉਨ੍ਹਾਂ ਦੀਆਂ ਤਾਰਾਂ ਭਾਜਪਾ-ਆਰਐਸਐਸ ਨਾਲ ਜੁੜੀਆਂ ਹਨ ਜੋ ਸਿੱਧੇ-ਅਸਿੱਧੇ ਅਜਿਹੇ ਬਿਆਨ ਦਾਗ਼ ਰਹੇ ਹਨ ਜੋ ਪੰਥ ਵਿਰੋਧੀ ਸ਼ਕਤੀਆਂ ਲਈ ਵਰਦਾਨ ਬਣ ਰਹੇ ਹਨ। ਉਚ ਪਧਰੀ ਸੂਤਰ ਇਹ ਦਾਅਵਾ ਕਰ ਰਹੇ ਹਨ ਕਿ ਗੋਆ ਤੇ ਨਵੀਂ-ਦਿੱਲੀ ਵਿਚ ਕੇਂਦਰੀ ਹਕੂਮਤ ਦੇ ਇਕ ਤਾਕਤਵਰ ਵਜ਼ੀਰ ਨਾਲ ਬੈਠਕ ਕਰ ਚੁੱਕੇ ਹਨ।
‘ਜਥੇਦਾਰ’ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੀਤੇ ਸਮੇਂ ਵਿਚ ਮਿਲੇ ਸਨ ਤੇ ਉਸ ਸਮੇਂ ਉਨ੍ਹਾਂ ਬੰਦ-ਕਮਰਾ ਗੁਪਤ ਬੈਠਕ ਕੀਤੀ ਸੀ ਜਿਸ ਦੀ ਅੱਜ ਤਕ ਭਿਣਕ ਬਾਹਰ ਨਹੀਂ ਨਿਕਲੀ। ਉਸ ਤੋਂ ਬਾਅਦ ਵੀ ਇਕ ਨੇਤਾ ਉਨ੍ਹਾਂ ਨੂੰ ਮਿਲੇ ਸਨ। ਸੂਤਰ ਇਹ ਆਖ ਰਹੇ ਹਨ ਕਿ ਉਹ ਅਜਿਹਾ ਮਾਹੌਲ ਸਿਰਜ ਰਹੇ ਹਨ ਜਿਸ ਨਾਲ ਅਕਾਲ ਤਖ਼ਤ ਸ਼੍ਰੋਮਣੀ ਕਮੇਟੀ ਤੋਂ ਉਚ ਹੋ ਸਕੇ ਅਤੇ ਅਜਿਹੇ ਵਾਤਾਵਰਣ ਵਿਚ ਸ਼੍ਰੋਮਣੀ ਅਕਾਲੀ ਦਲ ’ਤੇ ਕਬਜ਼ਾ ਮੌਜੂਦਾ ਸੱਤਾਧਾਰੀਆਂ ਵਿਰੁਧ ਕਰਵਾਇਆ ਜਾਵੇ। ਇਸ ਸਬੰਧੀ ਉਹ ਬਿਆਨ ਵੀ ਦੇ ਚੁੱਕੇ ਹਨ ਕਿ ਸਾਰੇ ਅਕਾਲੀ ਧੜੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਨ।
ਪੰਥਕ ਸਿਆਸਤ ’ਤੇ ਨਜ਼ਰ ਰੱਖ ਰਹੇ ਮਾਹਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ‘ਜਥੇਦਾਰ’ ਦੀਆਂ ਕੇਂਦਰ ਨਾਲ ਸਾਂਝਾਂ, ਇਕ ਸਾਬਕਾ ਪੁਲਿਸ ਅਧਿਕਾਰੀ ਨੇ ਪੁਆਈਆਂ ਹਨ ਤੇ ਉਹ ਭਾਜਪਾ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ ਜਿਸ ਦੀ ਚਰਚਾ ਸਿਆਸੀ ਤੇ ਪੰਥਕ ਹਲਕਿਆਂ ਵਿਚ ਹੋ ਰਹੀ ਹੈ। ਅਕਾਲੀਆਂ ਵਿਚੋਂ ਭਾਜਪਾ ਵਿਚ ਗਏ ਇਕ ਆਗੂ ਨਾਲ ਵੀ ਜਥੇਦਾਰ ਸਾਹਿਬ ਦੇ ਚੰਗੇ ਸਬੰਧ ਹਨ। ਇਨ੍ਹਾਂ ਸੱਭ ਸਰਗਰਮੀਆਂ ਤੋਂ ਜਾਣੂੰ ਹੋਣ ਕਾਰਨ ਹੀ ਗਿ. ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਪਿਛਲੇ 5-6 ਸਾਲਾਂ ਤੋਂ ਰਖਿਆਂ ਜਾ ਰਿਹਾ ਹੈ।
ਮੌਜੂਦਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਨ ਜਿਨ੍ਹਾਂ ਬੇਅਦਬੀਆਂ ਦਾ ਮਸਲਾ ਉਭਰਨ ਤੇ ਗਿ. ਗੁਰਬਚਨ ਸਿੰਘ ਦੀ ਥਾਂ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ। ਸੂਤਰ ਦਾਅਵਾ ਕਰ ਰਹੇ ਹਨ ਕਿ ਇਸ ਵੇਲੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਵਿਚ ਅੰਦਰੂਨੀ ਮਤਭੇਦ ਚਲ ਰਹੇ ਹਨ। ‘ਜਥੇਦਾਰ’ ਨੇ ਬੀਤੇ ਦਿਨ ਜਨਤਕ ਬਿਆਨ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮੌਜੂਦਗੀ ਵਿਚ ਦਿਤਾ ਸੀ।