ਖੋਜੀ ਤਾਂ ਬਹੁਤ ਪੈਦਾ ਹੋ ਚੁੱਕੇ ਹਨ ਪਰ ਹੁਕਮਨਾਮਿਆਂ ਤੋਂ ਡਰਦੇ ਨੇ : ਪ੍ਰੋ. ਵਿਰਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪ੍ਰਿੰ. ਭੱਟੀ ਦੀ 'ਗੁਰੂ ਨਾਨਕ ਦੇਵ ਡਿਸਪੈਂਸਰ ਆਫ਼ ਲਵ ਐਂਡ ਲਾਈਟ' ਕਿਤਾਬ ਰਲੀਜ਼

Pr.Bhatti's releasing book, with Prof. Virk and others.

ਚੰਡੀਗੜ੍ਹ  (ਅਬਰਾਵਾਂ): ਇਥੋਂ ਦੇ ਸਰਕਾਰੀ ਮਿਊਜ਼ੀਅਮ ਅਤੇ ਆਰਟ ਗੈਲਰੀ ਸੈਕਟਰ 10 ਵਿਖੇ ਸਾਬਕਾ ਪ੍ਰਿੰਸੀਪਲ ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ ਐਸ.ਐਸ. ਭੱਟੀ ਦੀ ਲਿਖੀ ਕਿਤਾਬ 'ਗੁਰੂ ਨਾਨਕ ਦੇਵ ਡਿਸਪੈਂਸਰ ਆਫ਼ ਲਵ ਐਂਡ ਲਾਈਟ' ਨੂੰ ਇੰਸਚੀਚਿਉਟ ਆਫ਼ ਸਿੱਖ ਸਟੱਡੀਜ਼ ਦੇ ਪ੍ਰਧਾਨ ਇੰਜ: ਗੁਰਪ੍ਰੀਤ ਸਿੰਘ ਅਤੇ ਪ੍ਰਸਿੱਧ ਵਿਗਿਆਨਕ ਅਤੇ ਸਨਮਾਨਿਤ ਸਿੱਖ ਸਕਾਲਰ ਪ੍ਰੋ. ਹਰਦੇਵ ਸਿੰਘ ਵਿਰਕ ਨੇ ਲੋਕ ਅਰਪਨ ਕੀਤਾ। ਫ਼ਸਟ ਫਰਾਈਡੇ ਫ਼ੋਰਮ ਵਲੋਂ ਕਰਵਾਏ ਇਸ ਸਮਾਗਮ ਵਿਚ ਨਾਮਵਰ ਸ਼ਖਸੀਅਤਾਂ ਨੇ ਹਿੱਸਾ ਲਿਆ।

ਕਿਤਾਬ ਬਾਰੇ ਬੋਲਦਿਆਂ ਪ੍ਰੋ. ਹਰਦੇਵ ਸਿੰਘ ਵਿਰਕ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਵੱਡਾ ਵਿਗਿਆਨੀ ਵੀ ਮੰਨਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਕੁੱਝ ਅਜਿਹਾ ਵੀ ਲਿਖਿਆ ਹੈ ਜਿਸ ਨੂੰ ਵਿਗਿਆਨੀ ਖੋਜ ਕਰ ਕੇ ਠੀਕ ਦੱਸ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੰਨ 1469 ਵਾਲੀ ਅਤੇ 21 ਵੀ ਸਦੀ ਵਾਲੀ ਸਥਿਤੀ ਵਿਚ ਫ਼ਰਕ ਆ ਰਿਹਾ ਹੈ। ਅੱਜ ਖੋਜੀ ਤਾਂ ਬਹੁਤ ਪੈਦਾ ਹੋ ਚੁੱਕੇ ਹਨ ਪਰ ਹੁਕਮਨਾਮੇ ਤੋਂ ਡਰਦੇ ਨੇ। ਪ੍ਰੋ. ਵਿਰਕ ਨੇ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਕਬੀਰ ਸਾਹਿਬ ਨੇ ਤਿੱਖਾ ਲਿਖਿਆ ਹੈ ਪਰ ਗੁਰੂ ਨਾਨਕ ਦੇਵ ਜੀ ਹੋਰਨਾਂ ਨਾਲੋਂ ਨਰਮ ਸੀ।

ਉਨ੍ਹਾਂ ਪ੍ਰਿੰਸੀਪਲ ਐਸ.ਐਸ. ਭੱਟੀ ਦੀ ਕਿਤਾਬ ਵਿਚ ਕੰਪਿਊਟਰ ਦੀ ਬੋਲੀ ਵਿਚ ਗੱਲ ਕਰ ਕੇ ਨਵੀਂ ਪੀੜ੍ਹੀ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ ਕੀਤੀ ਹੈ।  ਪ੍ਰੋ. ਵਿਰਕ ਨੇ ਕਿਹਾ ਕਿ ਅਸੀ ਸਿਮਰਨ ਕਰਦੇ ਹਾਂ ਪਰ ਨਾਮ ਤਕ ਨਹੀਂ ਪੁਜਦੇ ਵਿਚਕਾਰ ਕਿਤੇ ਵਾਇਰਸ ਆ ਜਾਂਦਾ ਹੈ। ਪ੍ਰੋ. ਵਿਰਕ ਨੇ ਅਪਣੀ ਗੱਲ ਕਹਿੰਦੇ ਹੋਏ ਆਖਿਆ ਕਿ ਬਾਲੇ ਵਾਲੀ ਸਾਖੀ ਵੀ ਗ਼ਲਤ ਹੈ ਅਤੇ ਸਿੱਖ ਸਾਇਕੀ ਨੂੰ ਪੁੱਠਾ ਗੇੜਾ ਦੇ ਦਿਤਾ ਹੈ।

ਉਨ੍ਹਾਂ ਕਿਹਾ ਕਿ ਉਦਾਸੀਆਂ ਵੇਲੇ ਭਾਈ ਮਰਦਾਨੇ ਦੀ ਕੁਰਬਾਨੀ ਕਿਹੜੀ ਘੱਟ ਹੈ। ਸਾਡੇ ਚਿੱਤਰਕਾਰ ਬਾਬਾ ਜੀ ਨੂੰ ਉੱਚਾ ਵਿਖਾ ਕੇ ਮਰਦਾਨੇ ਨੂੰ ਨੀਵਾਂ ਬਿਠਾ ਕੇ ਚਿਤਰਦੇ ਹਨ। ਅੱਜ ਮਰਦਾਨੇ ਦੇ ਵੰਸ਼ਜ ਨੂੰ ਸ਼੍ਰੀ ਅੰਮ੍ਰਿਤਸਰ ਵਿਚ ਕੀਰਤਨ ਕਰਨ ਤੋਂ ਵੀ ਰੋਕਿਆ ਜਾਂਦਾ ਹੈ। ਡਾ. ਐਸ.ਐਸ. ਭੱਟੀ ਨੇ ਕਿਹਾ ਕਿ ਜਦੋਂ ਤੋਂ ਧਰਮ ਸ਼ਬਦ ਨੇ ਵਿਆਪਕ ਵਿਦਰੋਹ ਅਤੇ ਘਿਰਣਾ ਅਰਜਿਤ ਕੀਤੀ ਹੈ ਕਿਉਂਕਿ ਪੁਜਾਰੀ ਸਦੀਆਂ ਤੋਂ ਜਨਤਾ ਦਾ ਸੋਸ਼ਣ ਕਰਨ ਲਈ ਸ਼ਾਸਕ ਵਰਗ ਨਾਲ ਮਿਲ ਕੇ ਸੱਤਾ ਦਾ ਦੁਰਉਪਯੋਗ ਕਰ ਰਹੇ ਸਨ

ਅਤੇ ਉਸ ਨੇ ਰਚਨਾਂਤਮਿਕ ਰਹੱਸਵਾਦ ਯਾਨਿ ਕ੍ਰਿਏਟਿਵ ਮਿਸਟਿਇਜ਼ਮ ਨੂੰ ਇੱਕ ਵਿਕਲਪ ਦੇ ਰੂਪ ਵਿਚ ਤਿਆਰ ਕੀਤਾ ਹੈ। ਮੁੱਖ ਮਹਿਮਾਨ ਇੰਜ: ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਕਿਤਾਬ ਉਸ ਸਮੇ ਆ ਰਹੀ ਹੈ ਜਦੋ ਅਸੀ ਸਾਰੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ , ਇਹ ਬੇਹੱਦ ਸਲਾਹੁਣਯੋਗ ਕਦਮ ਹੈ। ਇਸ ਮੌਕੇ ਭਾਈ ਅਸ਼ੋਕ ਸਿੰਘ ਬਾਗੜੀਆਂ, ਸ: ਜਸਮਿੰਦਰ ਸਿੰਘ ਰੰਧਾਵਾ ਸਾਬਕਾ ਮੁੱਖ ਇੰਜੀਨੀਅਰ, ਸ਼੍ਰੀ ਜੇ ਐਸ ਸੋਢੀ, ਸਾਬਕਾ ਮੁੱਖ ਇੰਜੀਨੀਅਰ, ਪ੍ਰਿ: ਖੁਸ਼ਹਾਲ ਸਿੰਘ ਅਤੇ ਹੋਰ ਸ਼ਾਮਲ ਹੋਏ।