ਗੁਰਦਵਾਰਾ ਐਕਟ ਅਤੇ ਸਿੱਖ ਰਹਿਤ ਮਰਿਆਦਾ ਮੁਤਾਬਕ ਬਣਨ SGPC ਦੀਆਂ ਵੋਟਾਂ : ਖੋਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਈ ਖੋਸਾ ਨੇ ਸਿੱਖ ਚਿੰਤਕਾਂ ਅਤੇ ਪੰਥਕ ਵਿਦਵਾਨਾਂ ਨੂੰ ਕੀਤੀ ਅਪੀਲ

Bhai Sukhjit Singh Khosa

ਕੋਟਕਪੂਰਾ (ਗੁਰਿੰਦਰ ਸਿੰਘ) : ਇਕ ਪਾਸੇ ਦਿੱਲੀ ਦੇ ਪੰਥਕ ਅਖਵਾਉਂਦੇ ਆਗੂਆਂ ਵਲੋਂ ਪੰਜਾਬ ਵਿਚ ਆ ਕੇ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾ ’ਚ ਹਿੱਸਾ ਲੈਣ ਦਾ ਐਲਾਨ ਕੀਤਾ ਗਿਆ ਤੇ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸਾ ਵਲੋਂ ਉਠਾਏ ਸਵਾਲਾਂ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿਤਾ। 

ਭਾਈ ਖੋਸਾ ਨੇ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਨ ਮੌਕੇ ਅੰਕੜਿਆਂ ਸਹਿਤ ਅਤੇ ਸਬੂਤਾਂ ਸਮੇਤ ਦਸਤਾਵੇਜ਼ ਪੇਸ਼ ਕਰਦਿਆਂ ਆਖਿਆ ਕਿ ਸਿੱਖ ਗੁਰਦਵਾਰਾ ਐਕਟ 1925 ਦੇ ਪੰਨਾ ਨੰਬਰ 103 ’ਤੇ ਅੰਕਿਤ ਹੈ ਸਿੱਖ ਦਾ ਅਰਥ ਉਹ ਵਿਅਕਤੀ ਹੈ, ਜਿਹੜਾ ਸਿੱਖ ਮਤ ਦਾ ਧਾਰਨੀ ਹੋਵੇ। ਮੈਂ ਸੱਚੇ ਦਿਲੋਂ ਪ੍ਰਤਿਗਿਆ ਕਰਦਾ ਹਾਂ ਕਿ ਮੈਂ ਸਿੱਖ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰਖਦਾ ਹਾਂ, ਮੈਂ ਦਸਾਂ ਗੁਰੂਆਂ ਦੇ ਫ਼ਲਸਫ਼ੇ ਨੂੰ ਮੰਨਦਾ ਹਾਂ ਅਤੇ ਮੇਰਾ ਹੋਰ ਕੋਈ ਧਰਮ ਨਹੀਂ।

ਭਾਈ ਖੋਸਾ ਨੇ ਦਾਅਵਾ ਕੀਤਾ ਕਿ ਸਿੱਖ ਰਹਿਤ ਮਰਿਆਦਾ ਵੀ ਗੁਰਦਵਾਰਾ ਐਕਟ 1925 ਦੀ ਗਵਾਹੀ ਭਰਦੀ ਹੈ ਪਰ ਹੁਣ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਲੜਨ ਲਈ ਤੱਤਪਰ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ, ਚਿੰਤਕਾਂ, ਵਿਦਵਾਨਾਂ ਅਤੇ ਪੰਥਦਰਦੀਆਂ ਲਈ ਇਹ ਸਵਾਲ ਖੜਾ ਹੋ ਗਿਆ ਹੈ ਕਿ ਕੀ ਹੁਣ ਗੁਰਦਵਾਰਿਆਂ ਦਾ ਪ੍ਰਬੰਧ ਡੇਰੇਦਾਰ ਸੰਭਾਲਣਗੇ?

ਕੀ ਸਿੱਖ ਸ਼ਕਲਾਂ ਵਾਲੇ ਡੇਰੇਦਾਰਾਂ ਦੇ ਸ਼ਰਧਾਲੂਆਂ ਨੂੰ ਵੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਹੱਕ ਹੈ? ਕਿਉਂਕਿ ਡੇਰਾ ਸਿਰਸਾ, ਰਾਧਾ ਸੁਆਮੀ, ਨਿਰੰਕਾਰੀ, ਨੂਰਮਹਿਲੀਆ, ਵਡਭਾਗੀਏ ਸਮੇਤ ਅਨੇਕਾਂ ਡੇਰੇਦਾਰ ਅਜਿਹੇ ਹਨ, ਜਿਨ੍ਹਾਂ ਦੇ ਸ਼ਰਧਾਲੂ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਸਾਹਿਬਾਨ ਦੀ ਬਜਾਏ ਅਪਣਾ ਹੀ ਗੁਰੂ ਧਾਰੀ ਬੈਠੇ ਹਨ। ਭਾਈ ਖੋਸਾ ਨੇ ਦੋਸ਼ ਲਾਇਆ ਕਿ ਡੇਰੇਦਾਰਾਂ ਦਾ ਸਰਕਾਰਾਂ ’ਤੇ ਪ੍ਰਭਾਵ ਹੋਣ ਕਰ ਕੇ ਸਰਕਾਰਾਂ ਵੀ ਇਸ ਅਤਿਸੰਜੀਦਾ ਮਾਮਲੇ ਵਿਚ ਡੇਰੇਦਾਰਾਂ ਨਾਲ ਲਿਹਾਜ਼ ਪੁਗਾਉਣ ਤੋਂ ਗੁਰੇਜ਼ ਨਹੀਂ ਕਰਦੀਆਂ।

ਭਾਈ ਖੋਸਾ ਨੇ ਗੁਰਦਵਾਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਜਾਂ ਕਮਿਸ਼ਨਰ ਵਲੋਂ ਕੇਸਾਧਾਰੀ ਸਿੱਖਾਂ ਲਈ ਨਿਯਮ-3 (1) ਵਾਲੇ ਜਾਰੀ ਕੀਤੇ ਫ਼ਾਰਮ ’ਤੇ ਕਿੰਤੂ ਕਰਦਿਆਂ ਆਖਿਆ ਕਿ ਉਕਤ ਫ਼ਾਰਮ ਵਿਚ ਪੰਜ ਸ਼ਰਤਾਂ ਰੱਖੀਆਂ ਗਈਆਂ ਹਨ। ਉਕਤ ਸ਼ਰਤਾਂ ’ਤੇ ਪੂਰਾ ਉੱਤਰਨ ਵਾਲੇ ਮਰਦ-ਔਰਤ ਹੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੇ ਹੱਕਦਾਰ ਹਨ ਪਰ ਉਕਤ ਸ਼ਰਤਾਂ ਨੂੰ ਆਮ ਸੰਗਤ ਪੜ੍ਹ ਕੇ ਵੀ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਪਹਿਲੀ ਸ਼ਰਤ ਮੈਂ ਕੇਸਾਧਾਰੀ ਸਿੱਖ ਹਾਂ, ਦੂਜੀ ਸ਼ਰਤ ਅਪਣੀ ਦਾੜ੍ਹੀ ਜਾਂ ਕੇਸ ਨਹੀਂ ਕੱਟਦਾ ਅਤੇ ਨਾ ਹੀ ਸ਼ੇਵ ਕਰਦਾ ਹਾਂ, ਤੀਜੀ ਸ਼ਰਤ ਮੈਂ ਪਤਿੱਤ ਨਹੀਂ ਹਾਂ।

ਭਾਈ ਖੋਸਾ ਨੇ ਹੈਰਾਨੀ ਪ੍ਰਗਟਾਈ ਕਿ ਇਨ੍ਹਾਂ ਤਿੰਨਾਂ ਸ਼ਰਤਾਂ ਦੀ ਇਕੋ ਹੀ ਗੱਲ ਬਣਦੀ ਹੋਣ ਕਰ ਕੇ ਚੋਣ ਕਮਿਸ਼ਨਰ ਵਲੋਂ ਸੰਗਤ ਨੂੰ ਪਤਾ ਨਹੀਂ ਕਿਸ ਸਾਜ਼ਸ਼ ਤਹਿਤ ਹਨੇਰੇ ਵਿਚ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਈ ਖੋਸਾ ਨੇ ਅੱਗੇ ਦਸਿਆ ਕਿ ਚੌਥੀ ਸ਼ਰਤ ਵਿਚ ਮੈਂ ਸ਼ਰਾਬ ਨਹੀਂ ਪੀਂਦਾ ਅਤੇ ਪੰਜਵੀਂ ਸ਼ਰਤ ਵਿਚ ਕਿਸੇ ਵੀ ਰੂਪ ਵਿਚ ਸਿਗਰਟ ਨਹੀਂ ਪੀਂਦਾ। 

ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਨ੍ਹਾਂ ਦੋਹਾਂ ਸ਼ਰਤਾਂ ਦੀ ਬਜਾਏ ਮੈਂ ਕਿਸੇ ਨਸ਼ੇ ਦਾ ਸੇਵਨ ਨਹੀਂ ਕਰਦਾ, ਵਾਲੀ ਸ਼ਰਤ ਹੀ ਲਿਖੀ ਜਾ ਸਕਦੀ ਸੀ। ਭਾਈ ਖੋਸਾ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਲਈ ਤਤਪਰ ਆਗੂਆਂ ਅਤੇ ਪੰਥਦਰਦੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਉਕਤ ਫ਼ਾਰਮ ਵਿਚ ਸੋਧ ਨਹੀਂ ਹੁੰਦੀ ਤਾਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਗੁਰਦਵਾਰੇ ਆਜ਼ਾਦ ਕਰਵਾਉਣ ਦੀਆਂ ਡੀਂਗਾਂ ਮਾਰਨ ਵਾਲੇ ਇਸ ਗੱਲ ਤੋਂ ਅਣਜਾਣ ਹਨ ਕਿ ਗੁਰਦਵਾਰਿਆਂ ’ਤੇ ਕਾਬਜ਼ ਸ਼੍ਰੇਣੀ ਦਾ ਡੇਰੇਦਾਰਾਂ ਨਾਲ ਪੂਰਾ ਤਾਲਮੇਲ ਹੈ

ਅਤੇ ਜੇਕਰ ਗੁਰੂ ਗ੍ਰੰਥ ਸਾਹਿਬ ਨੂੰ ਨਾ ਮੰਨਣ ਵਾਲੇ ਡੇਰਿਆਂ ਦੇ ਸ਼ਰਧਾਲੂ ਗੁਰਦਵਾਰਾ ਚੋਣਾ ਵਿਚ ਹਿੱਸਾ ਲੈਣਗੇ ਤਾਂ ਕਲ ਨੂੰ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਖ਼ੁਦ ਵੀ ਲੜਣਗੇ ਅਤੇ ਗੁਰਦਵਾਰਿਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ ਪਰ ਅਸੀਂ ਹੱਥ ਮਲਦੇ ਰਹਿ ਜਾਵਾਂਗੇ। ਭਾਈ ਖੋਸਾ ਨੇ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਸਮੇਤ ਹਰ ਪੰਥਕ ਵਿਦਵਾਨ ਨੂੰ ਇਸ ਮਾਮਲੇ ਵਿਚ ਅਗਵਾਈ ਕਰਨ ਅਤੇ ਆਮ ਸੰਗਤਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਰੋਲ ਨਿਭਾਉਣ ਦੀ ਅਪੀਲ ਕੀਤੀ ਹੈ।