ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਜਾਗ੍ਰਤੀ ਯਾਤਰਾ ਦਿੱਲੀ ਤੋਂ ਹੋਈ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

27 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਵੇਗੀ ਯਾਤਰਾ

Shaheed Jagrati Yatra dedicated to the 350th martyrdom anniversary of Sri Guru Tegh Bahadur Ji begins from Delhi

ਨਵੀਂ ਦਿੱਲੀ :  ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅੱਜ ਸਵੇਰੇ ਸ਼ਹੀਦੀ ਜਾਗਰਤੀ ਯਾਤਰਾ ਦੀ ਸ਼ੁਰੂਆਤ ਹੋਈ ਜਿਸਦਾ ਸਮਾਪਨ ਰਾਤ ਦੇਰ ਕਰਨਾਲ ਬਾਈਪਾਸ ’ਤੇ ਸਥਿਤ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਵਿਖੇ  ਹੋਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਪਹੁੰਚ ਕੇ ਯਾਤਰਾ ਨੂੰ ਰਵਾਨਾ ਕੀਤਾ।

ਇਸ ਮੌਕੇ ਸਰਦਾਰ ਕਾਹਲੋਂ ਅਤੇ ਮੀਡੀਆ ਸਲਾਹਕਾਰ ਸਦੀਪ ਸਿੰਘ ਨੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ, ਗਿਆਨੀ ਗੁਰਦਿਆਲ ਸਿੰਘ ਦੇ ਨਾਲ ਨਾਲ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਸੋਹੀ, ਸਕੱਤਰ ਇੰਦਰਜੀਤ ਸਿੰਘ, ਮੈਂਬਰ ਹਰਪਾਲ ਸਿੰਘ ਜੋਹਲ, ਜਸਬੀਰ ਸਿੰਘ ਧਾਮ, ਸੁਪਰਟੈਂਡੈਂਟ ਦਲਜੀਤ ਸਿੰਘ ਅਤੇ ਮੈਨੇਜਰ ਹਰਜੀਤ ਸਿੰਘ ਦਾ ਸਵਾਗਤ ਕੀਤਾ।
ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਨਗਰ ਕੀਰਤਨ ਆਜ਼ਾਦ ਮਾਰਕੀਟ, ਪ੍ਰਤਾਪ ਨਗਰ, ਸ਼ਾਸਤਰੀ ਨਗਰ, ਮੋਤੀ ਨਗਰ, ਰਾਜਾ ਗਾਰਡਨ, ਰਾਜੌਰੀ ਗਾਰਡਨ, ਤਿਲਕ ਨਗਰ, ਆਊਟਰ ਰਿੰਗ ਰੋਡ ਰਾਹੀਂ ਕਰਨਾਲ ਬਾਈਪਾਸ ਤੱਕ ਪਹੁੰਚੀ। ਦਿੱਲੀ ਦੀ ਸੰਗਤ ਨੇ ਸਾਰੇ ਮਾਰਗ ਦੌਰਾਨ ਜਾਗਰਤੀ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ।

ਜਗਜੋਤ ਸਿੰਘ ਸੋਹੀ ਨੇ ਦਿੱਲੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਦੀ ਸੰਗਤ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਜਾਗਰਤੀ ਯਾਤਰਾ ਦਾ ਵਧੀਆ ਸਵਾਗਤ ਕੀਤਾ ਅਤੇ ਸੰਗਤ ਦੀ ਰਿਹਾਇਸ਼, ਲੰਗਰ ਆਦਿ ਦੇ ਚੰਗੇ ਇੰਤਜਾਮ ਕੀਤੇ। ਕੱਲ੍ਹ ਸਵੇਰੇ ਜਾਗਰਤੀ ਯਾਤਰਾ ਕਰਨਾਲ (ਹਰਿਆਣਾ) ਵੱਲ ਰਵਾਨਾ ਹੋਏਗੀ ਅਤੇ 27 ਤਾਰੀਖ ਨੂੰ ਆਨੰਦਪੁਰ ਸਾਹਿਬ ਵਿਖੇ ਸੰਪੰਨ ਹੋਏਗੀ। ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ, ਮੈਂਬਰ ਹਰਪਾਲ ਸਿੰਘ ਜੋਹਲ, ਅਤੇ ਮੀਡੀਆ ਸਲਾਹਕਾਰ ਸਦੀਪ ਸਿੰਘ ਯਾਤਰਾ ਦੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਹੋਏ ਨਾਲ ਹੀ ਦਿਖਾਈ ਦਿੱਤੇ।