ਮੰਗੂ ਮੱਠ- ਬਾਬਾ ਨਾਨਕ ਨਾਲ ਸਬੰਧਤ ਹੋਣ ਦੇ ਇਤਿਹਾਸਕ ਪ੍ਰਮਾਣ ਆਏ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

1810 ਵਿਚ ਅਕਾਲ ਤਖ਼ਤ ਵਲੋਂ ਜਾਰੀ ਹੁਕਮਨਾਮਾ ਅਤੇ ਕਈ ਪ੍ਰਸ਼ੰਸਾ ਪੱਤਰ ਮੌਜੂਦ

Mangu Mutt

ਚੰਡੀਗੜ੍ਹ : ਉੜੀਸਾ ਸਰਕਾਰ ਵਲੋਂ ਹੈਰੀਟੇਜ ਕਾਰੀਡੋਰ ਦੇ ਨਾਂ 'ਤੇ ਗ਼ੈਰ ਕਾਨੂੰਨੀ ਉਸਾਰੀਆਂ ਕਹਿ ਕੇ ਢਾਹੇ ਗਏ ਮੰਗੂ ਮੱਠ ਦਾ ਮੁੱਦਾ ਅੱਜ ਅਕਾਲ ਤਖ਼ਤ ਸਾਹਿਬ 'ਤੇ ਵਿਚਾਰਿਆ ਜਾਣਾ ਹੈ। 'ਸਪੋਕਸਮੈਨ ਵੈੱਬ ਟੀ ਵੀ' ਦੀ ਟੀਮ ਇਹ ਢਹਿ ਢੁਆਈ ਅੱਖੀਂ ਵੇਖ ਕੇ ਪਰਤੀ ਹੈ ਅਤੇ ਮੁੜ ਜਾਣ ਦੀ ਤਿਆਰੀ ਵਿਚ ਹੈ। ਇਸ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਪਹਿਲਾਂ ਜਾ ਕੇ ਆਈ ਸੀ ਜਿਸ ਨੇ ਇਹ ਭਰਮ ਪੈਦਾ ਕਰ ਦਿਤਾ ਸੀ ਕਿ ਮੰਗੂ ਮੱਠ ਨਾਲ ਬਾਬਾ ਨਾਨਕ ਦਾ ਕੋਈ ਸਬੰਧ ਨਹੀਂ ਹੈ।

'ਸਪੋਕਸਮੈਨ' ਵਲੋਂ ਇਸ ਮੁੱਦੇ 'ਤੇ ਲਗਾਤਾਰ ਖੋਜ ਅਤੇ ਰੀਪੋਰਟਿੰਗ ਜਾਰੀ ਹੈ। ਇਸੇ ਪ੍ਰਸੰਗ ਵਿਚ ਨਾਮਵਰ ਸਿੱਖ ਚਿੰਤਕ ਅਤੇ ਖੋਜੀ ਡਾ. ਅਨੁਰਾਗ ਸਿੰਘ ਕੋਲੋਂ ਜਗਨਨਾਥ ਪੁਰੀ ਖ਼ਾਸਕਰ ਮੰਗੂ ਮੱਠ ਬਾਰੇ ਕਈ ਅਹਿਮ ਦਸਤਾਵੇਜ਼ ਪ੍ਰਾਪਤ ਹੋਏ ਹਨ। ਇਸ ਪੱਤਰਕਾਰ ਨਾਲ ਟੀਵੀ ਇੰਟਰਵਿਊ ਦੌਰਾਨ ਅਨੁਰਾਗ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵਲੋਂ ਖ਼ੁਦ ਸਾਲ 1997 ਵਿਚ ਮੰਗੂ ਮੱਠ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਤਸਵੀਰ ਖਿੱਚੀ ਗਈ ਸੀ ਜਿਸ ਦਾ ਕਿ 'ਨੈਗੇਟਿਵ' ਵੀ ਉਨ੍ਹਾਂ ਕੋਲ ਮੌਜੂਦ ਹੈ।

ਉਨ੍ਹਾਂ ਇਤਿਹਾਸਕ ਦਸਤਾਵੇਜ਼ਾਂ ਦੇ ਆਧਾਰ 'ਤੇ ਇਹ ਵੀ ਕਿਹਾ ਹੈ ਕਿ ਗੁਰਦਵਾਰਾ ਮੰਗੂ ਮੱਠ ਦੀ ਮੰਜੀ ਗੁਰੂ ਨਾਨਕ ਦੇਵ ਜੀ ਨੇ ਜਗਨਨਾਥ ਮੰਦਰ ਦੇ ਪੁਜਾਰੀ ਕਲਿਯੁਗ ਪਾਂਡੇ ਨੂੰ 1512 ਈਸਵੀ ਵਿਚ ਦਿਤੀ ਸੀ। ਇਹ ਘਟਨਾ ਜਗਨਨਾਥ ਰੱਥ ਦੀ ਰੱਥ ਯਾਤਰਾ (ਜੂਨ 15,1512 ਈਸਵੀ) ਦੀ ਹੈ। ਮਗਰੋਂ ਇਸ ਪਾਂਡਾ ਪਰਵਾਰ ਨੂੰ ਅਕਾਲ ਤਖ਼ਤ ਸਾਹਿਬ ਤੋਂ 1810 ਈਸਵੀ ਵਿਚ 4 ਪ੍ਰਸ਼ੰਸਾ ਪੱਤਰ ਵੀ ਜਾਰੀ ਕੀਤੇ ਗਏ ਸਨ।

ਇਹ ਹੁਕਮਨਾਮੇ ਇਥੇ ਪ੍ਰਕਾਸ਼ਤ ਕੀਤੇ ਜਾ ਰਹੇ ਹਨ। ਇਸ ਅਸਥਾਨ 'ਤੇ ਪਰਮਾਨੰਦ ਪਾਂਡਾ ਦਾ ਵੰਸ਼ਜ ਭਗਵਾਨ ਦਾਸ ਪਾਂਡਾ 1870 ਵਿਚ ਗਿਆਨੀ ਗਿਆਨ ਸਿੰਘ ਨੂੰ ਵੀ ਮਿਲਿਆ ਸੀ। ਅਕਾਲ ਤਖ਼ਤ ਸਾਹਿਬ ਤੋਂ 209 ਸਾਲ ਪਹਿਲਾਂ ਜਾਰੀ ਕੀਤਾ ਪ੍ਰਸ਼ੰਸਾ ਪੱਤਰ ਥਿੱਤ ਚੇਤ ਸੁਦੀ 5,1866 ਬਿ:/ 9 ਅਪ੍ਰੈਲ,1810 ਪਰਮਾਨੰਦ ਪਾਂਡੇ ਦਾ ਜ਼ਿਕਰ ਕਰਦਾ ਹੈ।

ਟੀਵੀ ਇੰਟਰਵਿਊ ਦੌਰਾਨ ਅਨੁਰਾਗ ਸਿੰਘ ਇਹ ਵੀ ਦਾਅਵਾ ਕਰਦੇ ਹਨ ਕਿ 27 ਜੂਨ, 1997 ਨੂੰ ਜਦੋਂ ਉਹ ਖ਼ੁਦ ਜਗਨਨਾਥ ਪੁਰੀ ਗਏ ਤਾਂ ਉਸ ਸਮੇਂ ਕਲਿਯੁਗ ਹਰਿ ਕ੍ਰਿਸ਼ਨ ਦਾਮੋਦਰ ਪਾਂਡੇ ਦੇ ਤਿੰਨ ਲੜਕੇ (ਨਰਾਇਣ, ਮਧੂਸੂਦਨ ਅਤੇ ਜਨਾਰਦਨ ਪਾਂਡਾ) ਨਾਲ ਉਨ੍ਹਾਂ ਦੀ ਗੱਲਬਾਤ ਵੀ ਹੋਈ ਅਤੇ ਇਸ ਦਾ ਇੰਦਰਾਜ ਇਨ੍ਹਾਂ (ਪਾਂਡਾ ਪਰਵਾਰ) ਦੀ ਵਹੀ ਵਿਚ ਦਰਜ ਹੈ।

ਅਨੁਰਾਗ ਸਿੰਘ ਦੇ ਦਾਅਵੇ ਮੁਤਾਬਕ ਉਨ੍ਹਾਂ ਵਲੋਂ ਇਸੇ ਤਰੀਕ ਨੂੰ ਖਿੱਚੀ ਤਸਵੀਰ ਵੀ ਇਥੇ ਦਿਤੀ ਜਾ ਰਹੀ ਹੈ ਜਿਸ ਵਿਚ ਖੱਬੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਅਤੇ ਥੜੇ ਤੇ ਮੂਰਤੀ ਰੱਖੀ ਸਾਫ਼ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਅਸਥਾਨ ਦੀ ਸੰਭਾਲ ਦਾ ਜ਼ਿੰਮਾ ਸਦੀਆਂ ਬਧੀ ਪਾਂਡਾ ਪ੍ਰਵਾਰ ਕੋਲ ਰਿਹਾ ਪਰ ਇਸ ਪ੍ਰਵਾਰ ਕੋਲੋਂ ਇਹ ਇਤਿਹਾਸਕ ਅਸਥਾਨ ਉਦਾਸੀ ਸਾਧੂਆਂ ਕੋਲ ਕਿਵੇਂ ਗਿਆ? ਇਹ ਡੂੰਘੀ ਜਾਂਚ ਅਤੇ ਖੋਜ ਦਾ ਵਿਸ਼ਾ ਹੈ।