ਸ੍ਰੀ ਦਰਬਾਰ ਸਾਹਿਬ ਬੇਅਦਬੀ ਮਾਮਲੇ 'ਚ FIR ਦਰਜ

ਏਜੰਸੀ

ਪੰਥਕ, ਪੰਥਕ/ਗੁਰਬਾਣੀ

295ਏ ਦੇ ਤਹਿਤ ਕੀਤਾ ਗਿਆ ਮੁਕੱਦਮਾ ਦਰਜ

FIR registered in Sri Darbar Sahib contempt case

 

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਵਿਚ ਬੀਤੀ ਸ਼ਾਮ ਵਾਪਰੀ ਬੇਅਦਬੀ ਦੀ ਘਟਨਾ ਦੇ ਮਾਮਲੇ 'ਚ ਪੁਲਿਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ। ਪੁਲਿਸ ਨੇ ਧਾਰਾ 295 ਏ ਅਤੇ 307 ਦਾ ਮਾਮਲਾ ਦਰਜ ਕੀਤਾ ਹੈ, ਫਿਲਹਾਲ ਅਜੇ ਤੱਕ ਮੁਲਜ਼ਮ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਮੁਲਜ਼ਮ ਦੀ ਲਾਸ਼ ਨੂੰ ਸ਼ਨਾਖਤ ਲਈ ਮੋਰਚਰੀ ਵਿਚ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਦੋਂ ਤੱਕ ਮੁਲਜ਼ਮ ਦਾ ਪੋਸਟ ਮਾਰਟਮ ਨਹੀਂ ਹੋ ਸਕੇਗਾ ਜਦੋਂ ਤੱਕ ਉਸ ਦੀ ਸ਼ਨਾਖਤ ਨਹੀਂ ਹੋ ਜਾਂਦੀ ਹੈ। 

ਦੱਸਣਯੋਗ ਹੈ ਕਿ ਇਹ ਮਾਮਲਾ ਸਾਧਾ ਸਿੰਘ (47) ਪੁੱਤਰ ਸੁੱਚਾ ਸਿੰਘ ਵਾਸੀ ਕੁਆਟਰ ਨੰਬਰ ਬੀ-93 ਅਕਾਲੀ ਕਲੋਨੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਹਾਲ ਵਾਸੀ ਗਲੀ ਪੀਰਾ ਵਾਲੀ ਨੇੜੇ ਰਟੋਲ ਡੇਅਰੀ ਕੋਟ ਮਿੱਤ ਸਿੰਘ ਅੰਮ੍ਰਿਤਸਰ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਸਥਿਤ ਸ੍ਰੀ ਸੱਚਖੰਡ ਸਾਹਿਬ ਜਿਥੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਹੈ ਉਸ ਦੇ ਨੇੜੇ ਦਾ ਜੰਗਲਾ ਪਾਰ ਕਰ ਕੇ ਇਕ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਵੱਲ ਦੌੜ ਕੇ ਪਹੁੰਚਿਆ ਅਤੇ ਪਵਿੱਤਰ ਰੁਮਾਲਾ ਸਾਹਿਬ ਨੂੰ ਪੈਰਾਂ ਹੇਠ ਦੱਬ ਕੇ ਕ੍ਰਿਪਾਨ ਚੁੱਕ ਕੇ ਖੜ੍ਹਾ ਹੋ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ’ਤੇ ਬੈਠੇ ਮਾਣਯੋਗ ਗ੍ਰੰਥੀ ਸਾਹਿਬਾਨ ਦੇ ਨੇੜੇ ਬੈਠੇ ਸੇਵਾਦਾਰ ਨੇ ਉੱਠ ਕੇ ਉਕਤ ਵਿਅਕਤੀ ਨੂੰ ਤੇਜ਼ੀ ਨਾਲ ਕਾਬੂ ਕਰ ਲਿਆ ਅਤੇ ਉਸ ਨੂੰ ਟਾਸਕ-ਫੋਰਸ ਦੇ ਹਵਾਲੇ ਕਰ ਦਿੱਤਾ। ਗੁੱਸੇ ਵਿਚ ਆਈ ਸੰਗਤ ਨੇ ਮੁਲਜ਼ਮ ਨੂੰ ਕੁੱਟ-ਕੁੱਟ ਕੇ ਮੌਕੇ 'ਤੇ ਹੀ ਸੋਧਾ ਲਾ ਦਿੱਤਾ। ਬੇਅਦਬੀ ਕਰਨ ਵਾਲਾ 22 ਸਾਲ ਦਾ ਵਿਅਕਤੀ ਉੱਤਰ ਪ੍ਰਦੇਸ਼ ਦਾ ਵਾਸੀ ਦੱਸਿਆ ਜਾਂਦਾ ਹੈ। ਇਸ ਦੀ ਪੁਸ਼ਟੀ ਪੁਲਿਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਕੀਤੀ ਹੈ।