1984 'ਚ ਕਾਨਪੁਰ ਵਿਖੇ ਮਾਰੇ ਗਏ 122 ਲੋਕਾਂ ਦਾ ਮਾਮਲਾ : ਅੱਜ ਦੀ ਸੁਣਵਾਈ ਮੁਲਤਵੀ, 4 ਅਕਤੂਬਰ ਨੂੰ ਹੋਵੇਗੀ ਸੁਣਵਾਈ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 22 ਸਤੰਬਰ (ਸੁਖਰਾਜ ਸਿੰਘ): ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਦੇ ਕੌਮੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਜਥੇਬੰਧਕ ਸਕੱਤਰ ਜਥੇਦਾਰ ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਨੇ ਇਕ ਪਟੀਸ਼ਨ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੁਪਰੀਮ ਕੋਰਟ 'ਚ ਦਾਇਰ ਕੀਤੀ ਸੀ।
ਰਾਹਤ ਕਮੇਟੀ ਵਲੋਂ ਪ੍ਰਸੁੱਨ ਕੁਮਾਰ ਪੇਸ਼ ਹੋਏ ਸਨ ਜਿਨ੍ਹਾਂ ਕਿਹਾ ਕਿ ਕਾਨਪੁਰ ਦੰਗਿਆਂ ਨਾਲ ਸਬੰਧਤ ਪਟੀਸ਼ਨ ਜੋ ਸੁਪਰੀਮ ਕੋਰਟ ਵਿਚ ਅੱਜ 22 ਸਤੰਬਰ 2017 ਨੂੰ ਸੁਣਵਾਈ ਲਈ ਤੈਅ ਸੀ, ਉਹ ਜੱਜ ਦੀਪਕ ਮਿਸ਼ਰਾ ਦੇ ਮੁੱਖ ਜੱਜ ਬਣਨ ਕਾਰਨ ਅਤੇ ਕੇਸ ਜ਼ਿਆਦਾ ਹੋਣ ਕਾਰਨ 4 ਅਕਤੂਬਰ 2017 ਨੂੰ ਸੁਣਵਾਈ ਲਈ ਨਿਰਧਾਰਤ ਕਰ ਦਿਤੀ ਗਈ ਹੈ।
ਨਵੰਬਰ 1984 ਵਿਚ ਜਿਹੜੇ 122 ਲੋਕ ਕਾਨਪੁਰ ਵਿਖੇ ਮਾਰੇ ਗਏ ਸਨ ਜਿਸ ਦੇ ਵਿਸ਼ੇ 'ਚ ਆਰ.ਟੀ.ਆਈ. ਰਾਹੀਂ 32 ਗੁਨਾਹਗਾਰਾਂ ਦੇ ਨਾਂਅ ਸਾਹਮਣੇ ਆਏ ਸਨ ਅਤੇ ਪੁਲਿਸ ਨੇ ਸਾਰੇ ਸਬੂਤ ਮਿਟਾ ਦਿਤੇ ਸਨ ਅਤੇ ਚਾਰਜਸ਼ੀਟ ਵੀ ਦਾਖ਼ਲ ਨਹੀਂ ਸੀ ਕੀਤੀ, ਇਸ ਕਾਰਨ ਦੋਸ਼ੀਆਂ ਦੇ ਨਾਵਾਂ ਦਾ ਵੀ ਪਤਾ ਨਹੀਂ ਸੀ ਲੱਗਾ। ਜਥੇ. ਭੋਗਲ ਨੇ ਕਿਹਾ ਕਿ ਉਨ੍ਹਾਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਦੋ ਗੱਲਾਂ ਦੀ ਮੰਗ ਕੀਤੀ ਸੀ ਕਿ ਐਸ.ਆਈ.ਟੀ. ਦਾ ਗਠਨ ਕੀਤਾ ਜਾਵੇ ਜਾਂ ਸੀ.ਬੀ.ਆਈ. ਦੀ ਜਾਂਚ ਹੋਵੇ। ਪਿਛਲੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ ਅਤੇ ਉਤਰ ਪ੍ਰਦੇਸ਼ ਸਰਕਾਰ ਕੋਲੋਂ 22 ਸਤੰਬਰ 2017 ਤੋਂ ਪਹਿਲਾਂ ਸਟੇਟਸ ਰੀਪੋਰਟ ਦੀ ਮੰਗ ਕੀਤੀ ਸੀ।