200 ਸਿਕਲੀਗਰ ਤੇ ਸਿੱਖ ਵਣਜਾਰਿਆਂ ਦੇ ਜਥੇ ਨੂੰ ਪਹਿਲੀ ਵਾਰ ਕਰਵਾਈ ਜਾ ਰਹੀ ਹੈ ਗੁਰਦਵਾਰਿਆਂ ਦੀ ਯਾਤਰਾ

ਪੰਥਕ, ਪੰਥਕ/ਗੁਰਬਾਣੀ

ਲੁਧਿਆਣਾ, 1 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ): ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਵਸਦੇ ਸਿਕਲੀਗਰਾਂ, ਵਣਜਾਰਿਆਂ ਅਤੇ ਸਤਨਾਮੀਏ ਸਿੱਖਾਂ ਨੂੰ ਸਿੱਖੀ ਦੇ ਕੇਂਦਰੀ ਧੁਰੇ ਨਾਲ ਜੋੜਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਜੋ ਉਪਰਾਲੇ ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਉਦਮੀ ਵੀਰਾਂ ਵਲੋਂ ਕੀਤੇ ਜਾ ਰਹੇ ਹਨ, ਉਹ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ. ਦਰਸ਼ਨ ਸਿੰਘ ਪਲਾਈ ਕਿੰਗ ਪ੍ਰਧਾਨ ਗੁਰੂ ਅੰਗਦ ਦੇਵ ਵਿਦਿਅਕ ਅਤੇ ਭਲਾਈ ਕੌਂਸਲ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਪੁੱਜੇ ਸਿਕਲੀਗਰਾਂ ਤੇ ਵਣਜਾਰੇ ਸਿੱਖਾਂ ਦੇ ਜਥੇ ਦਾ ਸਵਾਗਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗੁਰਬੱਤ ਦੀ ਜਿੰਦਗੀ ਜੀਉ ਰਹੇ ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਛੱਤੀਸਗੜ ਰਾਜਾ ਨਾਲ ਸਬੰਧਤ ਸਿਕਲੀਗਰ ਸਿੱਖ ਵਣਜਾਰਿਆਂ ਨੂੰ ਨਿਸ਼ਕਾਮ ਰੂਪ ਵਿਚ ਪੰਜਾਬ ਵਿਖੇ ਸਥਿਤ ਗੁਰੂਆਂ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਵਾਉਣ ਦਾ ਬੀੜਾ ਸਿੱਖ

 ਕੌਂਸਲ ਆਫ਼ ਸਕਾਟਲੈਂਡ ਨੇ ਚੁਕਿਆ ਹੈ। ਉਹ ਸਮੁੱਚੀ ਕੌਮ ਦੇ ਲਈ ਮਿਸਾਲੀ ਕਾਰਜ ਹੈ ਕਿਉਂਕਿ ਉਕਤ ਸੰਸਥਾ ਦੇ ਯਤਨਾਂ ਅਤੇ ਸਤਿਗੁਰੂ ਦੀ ਬਖ਼ਸ਼ਿਸ਼ ਸਦਕਾ ਇਨ੍ਹਾਂ ਭੁੱਲੇ ਵਿਸਰੇ ਵੀਰਾਂ ਨੂੰ ਇਤਿਹਾਸਕ ਗੁਰਸਥਾਨਾਂ 'ਤੇ ਸਿਜਦਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਦੌਰਾਨ ਲਗਭਗ 200 ਦੇ ਕਰੀਬ ਸਿਕਲੀਗਰ ਸਿੱਖ ਵਣਜਾਰਿਆਂ ਨੂੰ ਦਰਬਾਰ ਸਾਹਿਬ ਸਮੇਤ ਪੰਜਾਬ ਦੇ ਵੱਖ-ਵੱਖ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦਿਦਾਰ ਕਰਵਾਉਣ ਲਈ ਪੁੱਜੇ ਜਥੇ ਦੀ ਅਗਵਾਈ ਕਰ ਰਹੇ ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਮੈਂਬਰ ਸ. ਤਰਨਦੀਪ ਸਿੰਘ ਸੰਧਰ ਨੇ ਕਿਹਾ ਕਿ ਸਿਕਲੀਗਰ ਸਿੱਖ ਵਣਜਾਰਿਆਂ ਨੂੰ ਅਪਣੇ ਧਰਮ, ਵਿਰਸੇ ਤੇ ਸਭਿਆਚਾਰ ਨਾਲ ਜੋੜਨ ਅਤੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਹਿੱਤ ਸਾਡੀ ਸੰਸਥਾ ਵਲੋਂ ਗੁਰਧਾਮਾਂ ਦੀ ਯਾਤਰਾ ਕਰਵਾਉਣ ਦਾ ਉਪਰਾਲਾ ਕੀਤਾ ਹੈ।