ਅੰਮ੍ਰਿਤ ਛਕ ਕੇ ਸਰਟੀਫ਼ੀਕੇਟ ਨਾਲ 'ਜਥੇਦਾਰ' ਲਈ ਮੁਸੀਬਤ ਖੜੀ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ......

Certificates

ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਕੁੜਿਕੀ ਵਿਚ ਫਸਾਉਂਦਿਆਂ ਅਪਣਾ ਮੁੜ ਅੰਮ੍ਰਿਤ ਛਕ ਲਏ ਜਾਣ ਦਾ ਸਰਟੀਫ਼ੀਕੇਟ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਭੇਜਿਆ ਹੈ। ਇਸ ਸੰਵੇਦਨਸ਼ੀਲ ਮਾਮਲੇ 'ਤੇ 'ਜਥੇਦਾਰ' ਖ਼ਾਮੋਸ਼ ਹਨ ਕਿਉਂਕਿ ਇਸ ਮਾਮਲੇ ਕਾਰਨ ਇਕ ਨਵਾਂ ਧਰਮ ਸੰਕਟ ਖੜਾ ਕਰ ਦਿਤਾ ਹੈ। ਤਖ਼ਤਾਂ ਦੇ ਪੰਜ ਜਥੇਦਾਰਾਂ ਨੇ ਚੱਢਾ 'ਤੇ ਪਾਬੰਦੀ ਲਗਾਈ ਸੀ ਪਰ ਪੰਜ ਪਿਆਰਿਆਂ ਨੇ ਉਸ ਨੂੰ ਮੁੜ ਮੁਖਧਾਰਾ ਵਿਚ ਸ਼ਾਮਲ ਕਰ ਲਿਆ। ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਸਕੱਤਰੇਤ ਵਿਖੇ 23 ਜਨਵਰੀ 2018 ਨੂੰ ਪੰਜ ਜਥੇਦਾਰਾਂ ਨੇ ਚਰਨਜੀਤ ਸਿੰਘ ਚੱਢਾ ਦੀ ਇਕ

ਅਸ਼ਲੀਲ ਵੀਡੀਉ ਆਉਣ 'ਤੇ ਉਨ੍ਹਾਂ 'ਤੇ ਦੋ ਸਾਲ ਤਕ ਧਾਰਮਕ, ਸਮਾਜਕ, ਰਾਜਨੀਤਕ ਅਤੇ ਵਿਦਿਅਕ ਸਮਾਗਮਾਂ ਵਿਚ ਬੋਲਣ 'ਤੇ ਪਾਬੰਦੀ ਲਗਾਈ ਸੀ। ਇਸ ਤੋਂ ਬਾਅਦ ਚੱਢਾ ਕਾਫੀ ਸਮੇਂ ਤੋਂ ਅਪਣੀ ਵਾਪਸੀ ਲਈ ਹੱਥ ਪੈਰ ਮਾਰ ਰਹੇ ਸਨ। ਉਨ੍ਹਾਂ ਇਕ ਅਨੋਖਾ ਢੰਗ ਅਖ਼ਤਿਆਰ ਕਰਦਿਆਂ ਤਿੰਨ ਫ਼ਰਵਰੀ ਨੂੰ ਅਕਾਲ ਤਖ਼ਤ ਸਾਹਿਬ 'ਤੇ  ਹੋ ਰਹੇ ਅੰਮ੍ਰਿਤ-ਸੰਚਾਰ ਵਿਚ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤਪਾਨ ਕਰ ਲਿਆ। ਅੰਮ੍ਰਿਤ ਛਕਣ ਤੋਂ ਬਾਅਦ ਚਰਨਜੀਤ ਸਿੰਘ ਚੱਢਾ ਨੇ ਦਫ਼ਤਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਛਕ ਲਏ ਜਾਣ ਦਾ ਸਰਟੀਫ਼ਿਕੇਟ ਵੀ ਭੇਜ ਦਿਤਾ ਹੈ।

ਇਸ ਬਾਰੇ ਪਤਾ ਲਗਾ ਹੈ ਕਿ ਚਰਨਜੀਤ ਸਿੰਘ ਚੱਢਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦੋ ਵਾਰ ਚਿੱਠੀਆਂ ਦਿਤੀਆਂ ਸਨ ਕਿ ਕਾਨੂੰਨ ਅਨੁਸਾਰ ਹੋ ਬਰੀ ਹੋ ਗਏ ਹਨ, ਜਿਸ ਦੇ ਦਸਤਾਵੇਜ਼ ਵੀ ਜਮ੍ਹਾਂ ਕਰਵਾ ਦਿਤੇ ਸਨ ਪਰ ਉਨ੍ਹਾਂ ਨੂੰ ਕੋਈ ਵੀ ਜਵਾਬ ਨਹੀਂ ਮਿਲਿਆ। ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤਂੋ ਜਾਰੀ ਸਿੱਖ ਰਹਿਤ ਮਰਿਆਦਾ ਪੜ੍ਹੀ ਤਾਂ ਇਹ ਪਤਾ ਲਗਾ ਕਿ ਕਿਉਂਕਿ ਉਨ੍ਹਾਂ ਕੋਲਂੋ ਬਜਰ ਕੁਰਹਿਤ ਹੋਈ ਹੈ ਇਸ ਲਈ ਉਨ੍ਹਾਂ ਦੇ ਕੇਸ ਦੇ ਸਬੰਧ ਵਿਚ ਉਨ੍ਹਾਂ ਨੂੰ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋਣਾ ਪੈਣਾ ਹੈ।

ਜਿਸ ਲਈ ਉਨ੍ਹਾਂ ਨੇ 21 ਜਨਵਰੀ 2019 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਦਰਖ਼ਾਸਤ ਦਿਤੀ ਕਿ ਉਹ ਅਪਣੇ ਚੱਲ ਰਹੇ ਕੇਸ ਦੇ ਸਬੰਧ ਵਿਚ ਅਤੇ ਜੀਵਨ ਵਿਚ ਜਾਣੇ-ਅਨਜਾਣੇ ਹੋਈਆਂ ਭੁਲਾਂ ਲਈ ਤਿੰਨ ਫ਼ਰਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋ ਰਹੇ ਅੰਮ੍ਰਿਤ ਸੰਚਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ, ਸੰਗਤ ਤੇ ਪੰਜਾਂ ਪਿਆਰਿਆਂ ਪਾਸੋਂ ਖਿਮਾ ਜਾਚਣਾ ਲਈ ਪੇਸ਼ ਹੋ ਕੇ ਅੰਮ੍ਰਿਤ ਦੀ ਸੁਧਾਈ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਪਣੀ ਧਰਮ ਪਤਨੀ ਨਾਲ ਪੇਸ਼ ਹੋ ਕੇ ਅੰਮ੍ਰਿਤ ਦੀ ਸੁਧਾਈ ਲਈ ਬੇਨਤੀ ਕੀਤੀ ਸੀ,

ਜਿਸ 'ਤੇ ਪੰਜਾਂ ਪਿਆਰਿਆਂ ਨੇ ਉਨ੍ਹਾਂ ਪਾਸੋਂ ਬਜਰ ਕੁਰਹਿਤ ਹੋਣ ਕਾਰਨ ਫਿਰ ਤੋਂ ਅੰਮ੍ਰਿਤ ਦੀ ਦਾਤ ਦਿੰਦਿਆਂ ਗੁਰ ਸਿੱਖੀ ਜੀਵਨ ਜਿਉਣ ਦੀ ਬਖ਼ਸ਼ਿਸ਼ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਪੰਜਾਂ ਪਿਆਰਿਆਂ ਵਿਚ ਸੇਵਾਂ ਨਿਭਾਉਣ ਵਾਲੇ ਭਾਈ ਮੇਜ਼ਰ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਚੱਢਾ ਨੇ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਂ ਪਿਆਰਿਆਂ ਪਾਸ ਪੇਸ਼ ਹੋ ਕੇ ਅੰਮ੍ਰਿਤ-ਸੰਚਾਰ ਸਮੇਂ ਗੁਰੂ ਗ੍ਰੰਥ ਸਾਹਿਬ ਅਤੇ ਸੰਗਤ ਦੀ ਹਾਜ਼ਰੀ ਵਿਚ ਅੰਮ੍ਰਿਤ ਛਕ ਲਿਆ ਹੈ, ਇਸ ਲਈ ਸਕੱਤਰੇਤ ਇਸ ਉਪਰ ਹੁਣ ਕੋਈ ਵੀ ਪਾਬੰਦੀ ਨਹੀਂ ਲਗਾ ਸਕਦਾ।

ਇਸ ਸਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਵੀਡੀਉ ਮਾਮਲੇ ਵਿਚ ਚਰਨਜੀਤ ਸਿੰਘ ਚੱਢਾ ਨੇ ਪੰਜ ਜਥੇਦਾਰਾਂ ਸਾਹਮਣੇ ਕਿਹਾ ਸੀ ਕਿ ਉਨਾਂ ਅਜਿਹਾ ਕੁੱਝ ਨਹੀਂ ਕੀਤਾ ਜਿਸ ਕਾਰਨ ਉਨ੍ਹਾਂ ਦੇ ਮਾਮਲੇ ਵਿਚ ਬਜਰ ਕੁਰਹਿਤ ਹੋਈ ਹੋਵੇ। ਚੱਢਾ ਦੇ ਬਿਆਨ ਕਾਰਨ ਹੀ ਜਥੇਦਾਰਾਂ ਨੇ ਉਸ 'ਤੇ 2 ਸਾਲ ਦੀ ਪਾਬੰਦੀ ਲਗਾਈ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਪੰਜ ਪਿਆਰਿਆਂ ਨਾਲ ਮਸ਼ਵਰਾ ਕੀਤਾ ਤਾਂ ਪਤਾ ਲਗਾ ਹੈ ਕਿ ਚੱਢਾ ਨੇ ਉਥੇ ਕੁਠਾ ਖਾਣ ਦੀ ਕੁਰਹਿਤ ਮੰਨੀ ਹੈ। ਉਨ੍ਹਾਂ ਕਿਹਾ ਕਿ ਚੱਢਾ ਪੰਜ ਜਥੇਦਾਰਾਂ ਤੇ ਪੰਜ ਪਿਆਰਿਆਂ ਨੂੰ ਗੁਮਰਾਹ ਕਰ ਰਹੇ ਹਨ।