ਬਾਬੇ ਨਾਨਕ ਦੇ ਇਨਕਲਾਬੀ ਅਧਿਆਤਮਵਾਦ ਦਾ ਸੁਨੇਹਾ ਦੇਣ ਲਈ 'ਉੱਚਾ ਦਰ' ਨੂੰ ਸ਼ੁਰੂ ਕਰਨ ਲਈ ਜੋਸ਼ ਉਮੜਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇੰਗਲੈਂਡ ਤੇ ਨੀਊਜ਼ੀਲੈਂਡ ਤੋਂ ਦੋ ਪਾਠਕ 10-10 ਲੱਖ ਦੇ ਕੇ ਮੈਂਬਰ ਬਣੇ....

Sardar Joginder Singh

ਬਪਰੌਰ : ਐਤਵਾਰ ਨੂੰ 'ਉੱਚਾ ਦਰ ਬਾਬੇ ਨਾਨਕ ਦਾ' ਦੇ ਵਿਹੜੇ ਵਿਚ ਸੈਂਕੜੇ ਸ਼ਰਧਾਲੂਆਂ ਨੇ ਇਕੱਠੇ ਹੋ ਕੇ ਨਵੇਂ ਜੋਸ਼ ਨਾਲ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਤੁਰਤ ਸ਼ੁਰੂ ਕਰਨ ਲਈ ਪ੍ਰਣ ਲਏ। ਇਸ ਮੌਕੇ ਨੀਊਜ਼ੀਲੈਂਡ ਅਤੇ ਇੰਗਲੈਂਡ ਤੋਂ 10-10 ਲੱਖ ਦੇ ਕੇ ਬਣਨ ਵਾਲੇ ਦੋ ਮੈਂਬਰ ਗੁਰਜਿੰਦਰ ਸਿੰਘ ਅਤੇ ਸੁਖਦੇਵ ਸਿੰਘ ਬਾਂਸਲ ਵੀ ਹਾਜ਼ਰ ਸਨ ਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਅੱਜ ਉਨ੍ਹਾਂ ਨੇ 'ਉੱਚਾ ਦਰ' ਦਾ ਅਜੂਬਾ ਚੰਗੀ ਤਰ੍ਹਾਂ ਵੇਖ ਲਿਆ ਹੈ ਅਤੇ ਵਾਪਸ ਜਾ ਕੇ ਛੇਤੀ ਹੀ ਹੋਰਨਾਂ ਨੂੰ ਪ੍ਰੇਰ ਕੇ ਇਸ ਦੇ ਮੈਂਬਰ ਬਣਾਉਣਗੇ। ਮੌਕੇ 'ਤੇ ਹੀ 25 ਲੱਖ ਦੀ ਰਕਮ ਹੋਰ ਦੇਣ ਦੀ ਪੇਸ਼ਕਸ਼ ਹਾਜ਼ਰ ਸੱਜਣਾਂ ਨੇ ਹੀ ਦੇ ਦਿਤੀ।

ਯਾਦ ਰਹੇ ਹੁਣ ਤਕ 86 ਕਰੋੜ ਰੁਪਿਆ 'ਉੱਚਾ ਦਰ' ਉਤੇ ਲੱਗ ਚੁਕਾ ਹੈ ਅਤੇ ਇਸ ਨੂੰ ਚਾਲੂ ਕਰਨ ਲਈ 10 ਕਰੋੜ ਹੋਰ ਚਾਹੀਦਾ ਹੈ ਜੋ ਮੁੱਖ ਤੌਰ 'ਤੇ ਬਿਜਲੀ, ਪਾਣੀ, ਅੱਗ ਬੁਝਾਊ ਯੰਤਰਾਂ, ਫ਼ਿਲਮਾਂ ਤੇ ਸਕਰੀਨਾਂ ਆਦਿ, ਫ਼ਰਨੀਚਰ, ਸੋਲਰ ਐਨਰਜੀ, ਹਸਪਤਾਲ ਲਈ ਮਸ਼ੀਨਾਂ, ਰਸੋਈ ਲਈ ਕਰਾਕਰੀ, ਬਰਤਨ ਤੇ ਬਿਜਲਈ ਮਸ਼ੀਨਰੀ, ਲਿਫ਼ਟਾਂ, ਏਅਰ ਕੰਡੀਸ਼ਨਿੰਗ, ਨਨਕਾਣਾ ਬਾਜ਼ਾਰ ਲਈ ਸਮਾਨ ਆਦਿ ਲਈ ਚਾਹੀਦਾ ਹੈ। ਮੈਂਬਰਾਂ ਨੇ ਪ੍ਰਣ ਲਿਆ ਕਿ 90 ਫ਼ੀ ਸਦੀ ਕੰਮ ਹੋ ਚੁੱਕਾ ਹੈ ਤੇ 10 ਫ਼ੀ ਸਦੀ ਬਾਕੀ ਕੰਮ ਵੀ ਉਹ ਅਗਲੇ ਦੋ ਮਹੀਨਿਆਂ ਵਿਚ ਪੂਰਾ ਕਰ ਦੇਣਗੇ।

ਸਪੋਕਸਮੈਨ ਦੇ ਹਰ ਪਾਠਕ ਤੇ ਬਾਬਾ ਨਾਨਕ ਦੇ ਹਰ ਪ੍ਰੇਮੀ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਉਹ ਅਪਣਾ ਬਣਦਾ ਸਰਦਾ ਯੋਗਦਾਨ ਜ਼ਰੂਰ ਪਾਉਣ ਤਾਕਿ ਭਾਈ ਲਾਲੋਆਂ ਦੁਆਰਾ ਰਚਿਆ ਗਿਆ 'ਉੱਚਾ ਦਰ' ਤੁਰਤ ਨਾਨਕ ਬਾਣੀ ਦੀਆਂ ਕਿਰਨਾਂ ਸਾਰੇ ਸੰਸਾਰ ਵਿਚ ਫੈਲਾਣੀਆਂ ਸ਼ੁਰੂ ਕਰ ਦੇਵੇ। ਇਹ ਅਪੀਲ ਵੀ ਕੀਤੀ ਗਈ ਕਿ ਉੱਚਾ ਦਰ ਦੀਆਂ ਸਾਰੀਆਂ ਦੇਣਦਾਰੀਆਂ ਇਕ ਸਾਲ ਤਕ ਰੋਕ ਲਈਆਂ ਜਾਣ ਤੇ ਸਾਰਾ ਜ਼ੋਰ 'ਉੱਚਾ ਦਰ' ਨੂੰ ਸ਼ੁਰੂ ਕਰਨ ਉਤੇ ਲਾ ਕੇ ਪਾਠਕਾਂ ਨੂੰ ਕਿਹਾ ਜਾਏ ਕਿ ਉਹ 'ਉੱਚਾ ਦਰ' ਸ਼ੁਰੂ ਹੋਣ ਤਕ ਇਹ ਸਹਿਯੋਗ ਜ਼ਰੂਰ ਦੇਣ।

'ਉੱਚਾ ਦਰ.. ਬਾਬੇ ਨਾਨਕ ਦਾ',   : ਹਰ ਇਨਕਲਾਬੀ ਕੰਮ ਨੂੰ ਨੇਪਰੇ ਚਾੜ੍ਹਨ ਲਈ ਕੁੱਝ ਚੋਣਵੇਂ ਵਿਅਕਤੀ ਹੀ ਮੂਹਰੇ ਆਉਂਦੇ ਹਨ ਅਤੇ ਉਨ੍ਹਾਂ ਵਿਅਕਤੀਆਂ ਨੂੰ ਬਿਨਾਂ ਸ਼ੱਕ ਬਹੁਤ ਸਾਰੀਆਂ ਮੁਸ਼ਕਲਾਂ, ਸਮੱਸਿਆਵਾਂ ਅਤੇ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਅਫ਼ਸੋਸ ਅਜਿਹੇ ਵਿਅਕਤੀਆਂ ਦਾ ਸਹਿਯੋਗ ਕਰਨ ਦੀ ਬਜਾਇ ਬੇਲੋੜੀ ਮੁਖਾਲਫ਼ਤ ਕਰਨ ਵਾਲੀਆਂ ਹਸਤੀਆਂ 'ਚ ਉਹ ਲੋਕ ਵੀ ਸ਼ਾਮਲ ਹੁੰਦੇ ਹਨ ਜੋ ਬਾਹਰੋਂ ਤਾਂ ਖ਼ੁਦ ਨੂੰ ਇਨਸਾਨੀਅਤ ਦਾ ਦਰਦ ਸਮਝਣ ਵਾਲਾ ਮਸੀਹਾ ਪੇਸ਼ ਕਰਨ ਲਈ ਯਤਨਸ਼ੀਲ ਹੁੰਦੇ ਹਨ ਪਰ ਅੰਦਰੋਂ ਉਨ੍ਹਾਂ ਦੀ ਮਨਸ਼ਾ ਹੋਰ ਹੁੰਦੀ ਹੈ।

ਜੀ.ਟੀ. ਰੋਡ ਸਥਿਤ ਸ਼ੰਭੂ ਬੈਰੀਅਰ ਨੇੜੇ ਪਿੰਡ ਬਪਰੌਰ 'ਚ ਉਸਾਰੇ ਜਾ ਰਹੇ 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ 'ਰੋਜ਼ਾਨਾ ਸਪੋਕਸਮੈਨ' ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਮਾਸਿਕ ਮੀਟਿੰਗ ਦੌਰਾਨ ਪੰਜਾਬ ਸਮੇਤ ਗੁਆਂਢੀ ਰਾਜਾਂ ਅਤੇ ਵਿਦੇਸ਼ਾਂ 'ਚੋਂ ਪੁੱਜੇ ਮੈਂਬਰਾਂ ਨੂੰ ਸੰਬੋਧਨ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਮੈਂ 50 ਸਾਲਾਂ 'ਚ ਅਪਣਾ ਮਕਾਨ ਬਣਾਉਣ ਬਾਰੇ ਵੀ ਨਾ ਸੋਚ ਸਕਿਆ ਕਿਉਂਕਿ ਮੈਨੂੰ ਕੌਮ ਦਾ ਮਕਾਨ ਬਣਾਉਣ ਦੀ ਚਿੰਤਾ ਹਮੇਸ਼ਾ ਸਤਾਉਂਦੀ ਰਹਿੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੌਮ ਦਾ ਮਕਾਨ ਅਰਥਾਤ 'ਉੱਚਾ ਦਰ..' ਜਲਦ ਮੁਕੰਮਲ ਹੋ ਗਿਆ

ਤਾਂ ਮੇਰੀ ਦਿਲੀ ਰੀਝ ਤਾਂ ਪੂਰੀ ਹੋਵੇਗੀ ਹੀ, ਨਾਲ ਨਵੀਂ ਪੀੜ੍ਹੀ ਲਈ ਇਹ ਪ੍ਰੋਜੈਕਟ ਰਾਹ ਦਸੇਰਾ ਅਤੇ ਪ੍ਰੇਰਨਾ ਸਰੋਤ ਹੋਵੇਗਾ ਕਿਉਂਕਿ ਪੰਜਾਬੀਆਂ ਜਾਂ ਸਿੱਖਾਂ ਹੀ ਨਹੀਂ ਬਲਕਿ ਗ਼ੈਰ ਸਿੱਖਾਂ ਲਈ ਵੀ ਇਹ ਪ੍ਰੋਜੈਕਟ ਮਾਰਗ ਦਰਸ਼ਨ ਕਰੇਗਾ। ਉਨ੍ਹਾਂ ਅਪਣੇ ਤੋਂ ਪਹਿਲਾਂ ਬੋਲੇ ਬੁਲਾਰਿਆਂ ਦੇ ਕਈ ਸਵਾਲਾਂ ਦੇ ਜਵਾਬ ਵੀ ਅੰਕੜਿਆਂ ਸਹਿਤ ਅਤੇ ਦਲੀਲ ਨਾਲ ਦਿਤੇ। ਉਨ੍ਹਾਂ ਦਾਅਵੇ ਨਾਲ ਆਖਿਆ ਕਿ 'ਉੱਚਾ ਦਰ..' ਵਿਖੇ ਗੁਰਦਵਾਰਿਆਂ ਦੇ ਸਿਸਟਮ ਤੋਂ ਵਖਰਾ ਢੰਗ ਤਰੀਕਾ ਅਪਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਕਿ ਗੁਰਦਵਾਰਿਆਂ ਦੀਆਂ ਗੋਲਕਾਂ ਦੇ ਝਗੜੇ ਨੂੰ ਲੈ ਕੇ ਸਿੱਖਾਂ ਵਲੋਂ ਇਕ ਦੂਜੇ ਦੀਆਂ ਪੱਗਾਂ ਲਾਹੁਣ ਤਕ ਦੀ ਨੌਬਤ ਨਾ ਆਵੇ।

ਸ. ਜੋਗਿੰਦਰ ਸਿੰਘ ਨੇ ਦਸਿਆ ਕਿ ਸ਼ੁਕਰਾਤ ਨੇ ਕੌੜਾ ਸੱਚ ਬਿਆਨ ਕਰਨ ਮੌਕੇ ਸਿਰਫ਼ ਐਨਾ ਹੀ ਆਖਿਆ ਸੀ ਕਿ ਦੇਵਤਿਆਂ ਤੋਂ ਉਪਰ ਵੀ ਕੋਈ ਸ਼ਕਤੀ ਹੁੰਦੀ ਹੈ। ਉਸ ਸਮੇਂ ਦੇ ਹਾਕਮ (ਜੱਜ) ਕੋਲ ਕੇਸ ਗਿਆ ਤੇ ਜੱਜ ਨੇ ਮੰਨਿਆ ਕਿ ਸ਼ੁਕਰਾਤ ਤੂੰ ਜੋ ਕਹਿ ਰਿਹਾ ਹੈਂ, ਉਹ ਮਨ ਨੂੰ ਜਚਦਾ ਹੈ, ਮੈਂ ਤੇਰੀ ਆਖੀ ਗੱਲ ਨੂੰ ਸਮਝ ਸਕਦਾ ਹਾਂ ਪਰ ਬਹੁਗਿਣਤੀ ਇਹ ਗੱਲ ਮੰਨਣ ਲਈ ਤਿਆਰ ਨਹੀਂ, ਇਸ ਵਾਸਤੇ ਜਾਂ ਤੈਨੂੰ ਮਾਫ਼ੀ ਮੰਗਣੀ ਪਵੇਗੀ ਨਹੀਂ ਤਾਂ ਤੇਰੀ ਜਾਨ ਲੈਣ ਲਈ ਇਹ ਲੋਕ ਤੈਨੂੰ ਜ਼ਹਿਰ ਦਾ ਪਿਆਲਾ ਪੀਣ ਲਈ ਮਜਬੂਰ ਕਰਨਗੇ। ਸ਼ੁਕਰਾਤ ਨੇ ਜ਼ਹਿਰ ਦਾ ਪਿਆਲਾ ਪੀਣਾ ਤਾਂ ਮਨਜ਼ੂਰ ਕਰ ਲਿਆ

ਪਰ ਅਪਣੇ ਵਲੋਂ ਆਖੀ ਸੱਚੀ ਗੱਲ ਨੂੰ ਵਾਪਸ ਲੈਣਾ ਪ੍ਰਵਾਨ ਨਾ ਕੀਤਾ। ਉਨ੍ਹਾਂ ਦਸਿਆ ਕਿ ਅੱਜ ਵੀ ਹਾਲਾਤ ਕੋਈ ਬਦਲੇ ਹੋਏ ਨਹੀਂ ਬਲਕਿ ਵਰਤਮਾਨ ਸਮੇਂ 'ਚ ਵੀ ਸੱਚ ਬੋਲਣ ਵਾਲੇ ਨੂੰ ਕੰਡਿਆਂ ਦੀ ਸੇਜ 'ਤੇ ਤੁਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਿਵੇਂ ਕਿ ਪੁਜਾਰੀਵਾਦ ਵਿਰੁਧ ਝੰਡਾ ਚੁੱਕਣ ਮੌਕੇ ਮੇਰੀ ਹਮਾਇਤ 'ਚ ਆਏ ਮੇਰੇ ਸਾਥੀ ਵੀ ਜਲਦੀ ਡੋਲ ਗਏ। ਜਦੋਂ ਮੈਨੂੰ ਪੁਜਾਰੀਆਂ ਨੇ ਪੰਥ 'ਚੋਂ ਛੇਕਣ ਦਾ ਐਲਾਨ ਕਰ ਦਿਤਾ ਤਾਂ ਇਕ ਮਿਸ਼ਨਰੀ ਆਗੂ ਨੇ ਦੋ ਤਿੰਨ ਸਾਲ ਬਾਅਦ ਹੀ, 'ਅਖ਼ਬਾਰ ਬੰਦ ਨਾ ਕਰਵਾ ਦੇਣ ਇਹ ਪੁਜਾਰੀ' ਦਾ ਡਰ ਦੇ ਕੇ ਮੈਨੂੰ ਪੁਜਾਰੀਆਂ ਅੱਗੇ ਰਸਮੀ ਪੇਸ਼ੀ ਕਰ ਆਉਣ ਦਾ ਸੁਝਾਅ ਦੇ ਦਿਤਾ ਤਾਕਿ ਅਖ਼ਬਾਰ ਬਚਾਈ ਜਾ ਸਕੇ।

ਪਰ ਮੈ ਦਾਅਵੇ ਨਾਲ ਆਖਿਆ ਕਿ ਹੁਣ ਜਿਹੜਾ ਫ਼ੈਸਲਾ ਲੈ ਲਿਆ ਹੈ, ਉਸ ਤੋਂ ਪਿਛਾਂਹ ਮੁੜਨਾ ਮੇਰੇ ਲਈ ਬਹੁਤ ਮੁਸ਼ਕਲ ਹੈ। ਸ. ਜੋਗਿੰਦਰ ਸਿੰਘ ਨੇ ਦੁਹਰਾਇਆ ਕਿ 'ਉੱਚਾ ਦਰ..' ਵਿਖੇ ਕੋਈ ਗੋਲਕ ਨਹੀਂ ਹੋਵੇਗੀ ਪਰ ਫਿਰ ਵੀ ਇਥੋਂ ਗ਼ਰੀਬ, ਬੇਵੱਸ, ਲਾਚਾਰ ਅਤੇ ਜ਼ਰੂਰਤਮੰਦ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦਸਿਆ ਕਿ 'ਉੱਚਾ ਦਰ..' ਤੋਂ ਉਹ ਇਨਕਲਾਬ ਸ਼ੁਰੂ ਹੋਣ ਜਾ ਰਿਹੈ, ਜਿਸ ਨੇ ਗੋਲਕਾਂ 'ਤੇ ਪਲਣ ਵਾਲੇ ਅਤੇ ਧਰਮ ਦੇ ਨਾਂਅ 'ਤੇ ਤਰ੍ਹਾਂ-ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਧਰਮ ਦੇ ਅਖੌਤੀ ਠੇਕੇਦਾਰਾਂ ਨੂੰ ਭਾਜੜਾਂ ਪਾ ਕੇ ਰੱਖ ਦਿਤੀਆਂ ਹਨ

ਕਿਉਂਕਿ ਇਸ ਦਰ ਤੋਂ ਹਰ ਵਿਅਕਤੀ ਨੂੰ ਪ੍ਰਮਾਤਮਾ ਨਾਲ ਮਿਲਾਉਣ ਦੀ ਵਿਧੀ ਅਤੇ ਢੰਗ ਤਰੀਕਾ ਦਸਿਆ ਜਾਵੇਗਾ ਕਿ ਪ੍ਰਮਾਤਮਾ ਤੇ ਮਨੁੱਖ ਦਰਮਿਆਨ ਕੋਈ ਵਿਚੋਲਾ ਨਹੀਂ ਹੋ ਸਕਦਾ। ਉਨ੍ਹਾਂ ਦਸਿਆ ਕਿ ਪ੍ਰਮਾਤਮਾ ਦੇ ਮਿਲਾਉਣ ਦਾ ਦਾਅਵਾ ਕਰਨ ਵਾਲੇ ਵਿਚੋਲਿਆਂ ਅਰਥਾਤ ਪੁਜਾਰੀਵਾਦ ਨੇ ਪਿਛਲੇ ਲੰਮੇ ਸਮੇਂ ਤੋਂ ਭੋਲੇ ਭਾਲੇ ਲੋਕਾਂ ਦਾ ਆਰਥਕ ਤੇ ਸਰੀਰਕ ਸ਼ੋਸ਼ਣ ਕਰਨ ਦਾ ਸਿਲਸਿਲਾ ਆਰੰਭਿਆ ਹੋਇਆ ਹੈ ਤੇ ਪਿਛਲੇ ਸਮੇਂ 'ਚ ਅਜਿਹੇ ਧਰਮੀ ਲੋਕਾਂ ਦੇ ਇਹੋ ਜਿਹੇ ਸ਼ਰਮਨਾਕ ਕਾਰਨਾਮੇ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਦੁਹਰਾਉਂਦਿਆਂ ਵੀ ਸ਼ਰਮ ਆਉਂਦੀ ਹੈ।

ਮੈ ਬਾਬੇ ਨਾਨਕ ਤੋਂ ਪਹਿਲਾਂ ਅਤੇ ਬਾਅਦ ਵਾਲੇ ਹਰ ਧਰਮ ਗ੍ਰੰਥ ਨੂੰ ਪੜ੍ਹਿਆ, ਉਨ੍ਹਾਂ ਦੀ ਵਿਚਾਰਧਾਰਾ ਅਤੇ ਸਿਧਾਂਤਾਂ ਦੀ ਸਮੀਖਿਆ ਕੀਤੀ ਪਰ ਜਦ ਮੈਂ ਬਾਬੇ ਨਾਨਕ ਦੇ ਫ਼ਲਸਫ਼ੇ ਤਕ ਪੁੱਜਾ ਤਾਂ ਪੂਰੀ ਤਸੱਲੀ ਹੋ ਗਈ ਕਿਉਂਕਿ ਨਾਨਕ ਤੋਂ ਵੱਡਾ, ਸਿਆਣਾ, ਗਿਆਨਵਾਨ ਤੇ ਰੱਬ ਦੇ ਨੇੜੇ ਮੈਨੂੰ ਹੋਰ ਕੋਈ ਨਹੀਂ ਦਿਸਿਆ। ਬਾਬੇ ਨਾਨਕ ਦਾ ਫ਼ਲਸਫ਼ਾ ਮੈਨੂੰ ਮੁਕੰਮਲ ਜਾਪਿਆ। ਇਸ ਲਈ ਜੇਕਰ ਮੈਂ ਬਾਬੇ ਨਾਨਕ ਦਾ ਅਸਲ ਫ਼ਲਸਫ਼ਾ ਆਮ ਲੋਕਾਈ 'ਚ ਪ੍ਰਚਾਰਣ ਦਾ ਫ਼ੈਸਲਾ ਕੀਤਾ ਹੈ ਤਾਂ ਵਿਰੋਧੀਆਂ ਦਾ ਕੂੜ ਪ੍ਰਚਾਰ ਤੇ ਪ੍ਰਾਪੇਗੰਡਾ ਕਿਉਂ? ਜਾਂ ਤਾਂ ਮੇਰੇ 'ਚ ਕੋਈ ਦਲੀਲ ਨਾਲ ਨੁਕਸ ਕਢਿਆ ਜਾਵੇ

ਕਿ ਮਂੈ ਬਾਬੇ ਨਾਨਕ ਦੀ ਬਾਣੀ ਦੁਨੀਆਂ ਦੇ ਕੋਨੇ ਕੋਨੇ ਤਕ ਪਹੁੰਚਾਉਣ ਦਾ ਫ਼ੈਸਲਾ ਕਰ ਕੇ ਕੀ ਗ਼ਲਤ ਕੀਤਾ ਹੈ। ਸ. ਜੋਗਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਬਾਬੇ ਨਾਨਕ ਨੇ ਪਹਿਲਾਂ ਪ੍ਰਚਾਰੀਆਂ ਜਾ ਰਹੀਆਂ ਅਖੌਤੀ ਮਨੌਤਾਂ ਦਾ ਤਰਕ, ਦਲੀਲ ਅਤੇ ਬਿਬੇਕ ਨਾਲ ਖੰਡਨ ਕੀਤਾ ਪਰ ਅੱਜ ਗੁਰੂ ਸਾਹਿਬਾਨ ਦੇ ਨਾਮ 'ਤੇ ਬਣੇ ਇਤਿਹਾਸਿਕ ਗੁਰਦਵਾਰਿਆਂ 'ਚ ਹੀ ਅਜਿਹੀਆਂ ਫ਼ਜ਼ੂਲ ਰਸਮਾਂ ਅਤੇ ਅਖੌਤੀ ਮਨੌਤਾਂ ਦੇ ਪ੍ਰਚਲਨ ਵਿਰੁਧ ਕੋਈ ਬੋਲਣ ਲਈ ਤਿਆਰ ਨਹੀਂ। ਜੇਕਰ ਮੇਰੇ ਵਰਗਾ ਕੋਈ ਵਿਅਕਤੀ ਅਜਿਹੇ ਕਰਮਕਾਂਡਾਂ ਵਿਰੁਧ ਬੋਲਣ ਦੀ ਜੁਰਅਤ ਕਰਦਾ ਹੈ ਤਾਂ ਧਰਮ ਦੇ ਡੰਡੇ ਨਾਲ ਉਸ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ

ਅਤੇ ਦੁੱਖ ਇਸ ਗੱਲ ਦਾ ਹੈ ਕਿ ਉਸ ਸਮੇਂ ਖ਼ੁਦ ਨੂੰ ਚਿੰਤਕ, ਵਿਦਵਾਨ ਜਾਂ ਪੰਥਦਰਦੀ ਕਹਾਉਣ ਵਾਲੇ ਵੀ ਚੁੱਪੀ ਵੱਟ ਜਾਂਦੇ ਹਨ। ਉਨ੍ਹਾਂ ਦਸਿਆ ਕਿ ਕਿਸੇ ਸਮੇਂ ਮਾ. ਤਾਰਾ ਸਿੰਘ ਨੇ ਵੀ ਸਿੱਖਾਂ ਦਾ ਪਹਿਲਾ ਅੰਗਰੇਜ਼ੀ ਅਖ਼ਬਾਰ ਕੱਢਣ ਦੀ ਪਹਿਲਕਦਮੀ ਕਰਦਿਆਂ ਦੇਸ਼ ਵਿਦੇਸ਼ 'ਚ ਬੈਠੇ ਸਿੱਖਾਂ ਨੂੰ ਆਖਿਆ ਸੀ ਕਿ ਅੰਗਰੇਜ਼ੀ ਅਖ਼ਬਾਰ ਕੱਢਣ ਲਈ 50 ਲੱਖ ਰੁਪਏ ਦਾ ਖ਼ਰਚਾ ਆਵੇਗਾ ਪਰ ਅਮੀਰ ਤੋਂ ਅਮੀਰ ਰਜਵਾੜਿਆਂ, ਉਦਯੋਗਪਤੀ ਸਿੱਖਾਂ ਨੇ ਵੀ ਇਸ ਸ਼ੁੱਭ ਕੰਮ ਲਈ ਪੈਸਾ ਦੇਣ ਦੀ ਬਜਾਇ ਹੱਥ ਘੁੱਟ ਲਿਆ, ਜਿਸ ਕਰ ਕੇ ਮਾ. ਤਾਰਾ ਸਿੰਘ ਨੂੰ ਵੀ ਪੰਜਾਬੀ ਅਖ਼ਬਾਰ ਕੱਢਣ ਲਈ ਮਜਬੂਰ ਹੋਣਾ ਪਿਆ।

ਉਨ੍ਹਾਂ 'ਉੱਚਾ ਦਰ..' ਨੂੰ ਜਲਦ ਮੁਕੰਮਲ ਕਰਨ 'ਚ ਆ ਰਹੀਆਂ ਅੜਚਨਾਂ ਦਾ ਵੀ ਵਿਸਥਾਰ ਸਹਿਤ ਜ਼ਿਕਰ ਕੀਤਾ। ਗਵਰਨਿੰਗ ਕੌਂਸਲ ਦੇ ਨਵੇਂ ਮੈਂਬਰ ਬਣਨ ਵਾਲੇ ਐਨਆਰਆਈਜ਼ ਕ੍ਰਮਵਾਰ ਗੁਰਜਿੰਦਰ ਸਿੰਘ ਨਿਊੁਜ਼ੀਲੈਂਡ ਅਤੇ ਸੁਖਦੇਵ ਸਿੰੰਘ ਬਾਂਸਲ ਯੂ.ਕੇ. ਨੇ ਹੈਰਾਨੀ ਪ੍ਰਗਟਾਈ ਕਿ ਇਸ ਪਾਰਦਰਸ਼ਤਾ ਵਾਲੇ ਪ੍ਰੋਜੈਕਟ 'ਚ ਐਨ.ਆਰ.ਆਈ ਵੀਰਾਂ ਵਲੋਂ ਪਤਾ ਨਹੀਂ ਸਹਿਯੋਗ ਕਿਉਂ ਨਹੀਂ ਪਾਇਆ ਜਾ ਰਿਹਾ? ਕਿਉਂਕਿ ਬਾਬੇ ਨਾਨਕ ਦੇ ਨਾਮ 'ਤੇ ਬਣਨ ਵਾਲੇ ਇਸ ਵਿਲੱਖਣ ਪ੍ਰਾਜੈਕਟ ਲਈ ਤਾਂ ਲੋੜ ਤੋਂ ਵੀ ਜ਼ਿਆਦਾ ਮਾਇਆ ਇਕੱਠੀ ਹੋਣੀ ਚਾਹੀਦੀ ਹੈ ਤੇ ਇਸ ਵਿਚ ਜ਼ਿਆਦਾ ਯੋਗਦਾਨ ਐਨ.ਆਰ.ਆਈ ਵੀਰ/ਭੈਣਾਂ ਦਾ ਹੋਣਾ ਚਾਹੀਦਾ ਹੈ। 

ਗਵਰਨਿੰਗ ਕੌਂਸਲ ਦੇ ਮੈਂਬਰਾਂ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਅਤੇ ਦਿੱਲੀ ਤੋਂ ਆਏ ਬਲਵਿੰਦਰ ਸਿੰਘ ਅੰਬਰਸਰੀਆ ਨੇ ਆਖਿਆ ਕਿ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਇਸ ਵਾਰ ਵੀ ਪਹਿਲਾਂ ਅਰਥਾਤ ਪਿਛਲੇ ਸਮੇਂ 'ਚ ਮਨਾਈਆਂ ਗਈਆਂ ਸ਼ਤਾਬਦੀਆਂ ਦੀ ਤਰ੍ਹਾਂ ਸ਼ੋਰ ਸ਼ਰਾਬੇ ਅਤੇ ਬਿਨਾ ਕੋਈ ਵਿਲੱਖਣ ਸੁਨੇਹਾ ਦਿੱਤਿਆਂ ਨਾ ਲੰਘ ਜਾਵੇ, ਕਿਉਂਕਿ ਪਹਿਲਾਂ ਵਾਲੀਆਂ ਸ਼ਤਾਬਦੀਆਂ ਸਿੱਖਾਂ ਜਾਂ ਗ਼ੈਰ ਸਿੱਖਾਂ ਨੂੰ ਕੋਈ ਸੇਧ ਜਾਂ ਸੁਨੇਹਾ ਦੇਣ 'ਚ ਅਸਫ਼ਲ ਰਹੀਆਂ ਹਨ ਪਰ ਅਫ਼ਸੋਸ ਸਿਆਸਤਦਾਨਾਂ ਨੇ ਉਕਤ ਸ਼ਤਾਬਦੀਆਂ ਤੋਂ ਅਪਣੀਆਂ ਰੋਟੀਆਂ ਸੇਕਣ ਵਾਲੀ ਚਾਹਤ ਜ਼ਰੂਰ ਪੂਰੀ ਕਰ ਲਈ।

ਉਨ੍ਹਾਂ ਆਖਿਆ ਕਿ ਬਾਬੇ ਨਾਨਕ ਦੇ ਇਸ ਤੋਂ ਪਹਿਲਾਂ 549 ਗੁਰਪੁਰਬ ਮਨਾਏ ਜਾ ਚੁੱਕੇ ਹਨ ਪਰ ਸਾਡੀ ਜੀਵਨ ਸ਼ੈਲੀ 'ਚ ਕੋਈ ਤਬਦੀਲੀ ਨਹੀਂ ਆਈ। ਜੇਕਰ ਅਸੀਂ ਇਸ ਵਾਰ ਜ਼ਿਲ੍ਹਾ ਪਧਰੀ ਜ਼ਿੰਮੇਵਾਰੀਆਂ ਲੈ ਕੇ ਬਾਬੇ ਨਾਨਕ ਦਾ ਸੁਨੇਹਾ ਘਰ ਘਰ ਪਹੁੰਚਾਉਣ 'ਚ ਕਾਮਯਾਬ ਹੋ ਜਾਈਏ ਤਾਂ ਹੀ ਇਹ ਸ਼ਤਾਬਦੀ ਸਫ਼ਲ ਮੰਨੀ ਜਾ ਸਕੇਗੀ। ਕਸ਼ਮੀਰ ਸਿੰਘ ਮੁਕਤਸਰ ਅਤੇ ਕੁਲਵੰਤ ਸਿੰਘ ਸਿਰਸਾ ਨੇ ਆਖਿਆ ਕਿ ਭਾਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ ਸਰਕਾਰਾਂ ਦਾ ਕੰਮ ਹੈ ਪਰ ਘਰ ਘਰ ਅਰਥਾਤ ਲੋਕਾਂ ਦੇ ਮਨਾਂ 'ਚ ਬਾਬੇ ਨਾਨਕ ਦਾ ਫ਼ਲਸਫ਼ਾ ਪਹੁੰਚਾਉਣਾ ਹੀ ਸ਼ਤਾਬਦੀ ਮਨਾਉਣ ਦਾ ਅਸਲ ਕਾਰਜ ਮੰਨਿਆ ਜਾਵੇਗਾ।

ਕਰਨਲ ਐਚ.ਐਮ. ਸਿੰਘ, ਐਸਡੀਓ ਜੋਗਿੰਦਰ ਸਿੰਘ ਜਲੰਧਰ, ਮਹਿੰਦਰ ਸਿੰਘ ਖ਼ਾਲਸਾ, ਰਾਮਜੀਤ ਸਿੰਘ ਪਟਿਆਲਾ ਅਤੇ ਗੁਰਜੀਤ ਸਿੰਘ ਆਹਲੂਵਾਲੀਆ ਨੇ ਦਸਿਆ ਕਿ 'ਉੱਚਾ ਦਰ..' ਨੂੰ ਮੁਕੰਮਲ ਕਰਨ ਲਈ ਜੋ ਨਵੀਆਂ ਨਵੀਆਂ ਸਕੀਮਾਂ ਕੱਢੀਆਂ ਜਾਂਦੀਆਂ ਹਨ, ਉਨਾ ਨੂੰ ਹੁੰਗਾਰਾ ਨਹੀਂ ਮਿਲਦਾ, ਇਹ ਵੀ ਦੁਖਦਾਇਕ ਤੇ ਅਫ਼ਸੋਸਨਾਕ ਹੈ। 

ਡਾ. ਪ੍ਰੀਤਮ ਸਿੰਘ ਪਟਿਆਲਾ ਨੇ ਆਖਿਆ ਕਿ ਉਸ ਨੇ 'ਉੱਚਾ ਦਰ.' ਦੀ ਜਲਦ ਉਸਾਰੀ ਲਈ ਆਪਣੀ ਜਾਇਦਾਦ ਵੀ ਵੇਚਣ ਲਈ ਲਾਈ ਹੋਈ ਹੈ ਤੇ ਜਦੋਂ ਹੀ ਉਹ ਜਾਇਦਾਦ ਵਿਕ ਗਈ ਤਾਂ 'ਉੱਚਾ ਦਰ..' ਦੀ ਉਸਾਰੀ ਲਈ ਦੇ ਦਿਤੀ ਜਾਵੇਗੀ। ਮੀਟਿੰਗ ਦੌਰਾਨ ਸ. ਜੋਗਿੰਦਰ ਸਿੰਘ ਦੇ ਮੇਰੀ ਨਿੱਜੀ ਡਾਇਰੀ ਦੇ ਪੰਨਿਆਂ ਅਤੇ ਚੋਣਵੀਆਂ ਸੰਪਾਦਕੀਆਂ ਦੀਆਂ ਵਖੋ ਵਖਰੀਆਂ ਪੁਸਤਕਾਂ ਛਪਵਾਉਣ ਦੀ ਵੀ ਇਕ ਤੋਂ ਵੱਧ ਬੁਲਾਰਿਆਂ ਨੇ ਮੰਗ ਕੀਤੀ।