Panthak News: ਅਕਾਲ ਤਖ਼ਤ ਦੇ ਜਥੇਦਾਰ ਵਲੋਂ ਸੰਗਤਾਂ ਨੂੰ ਗੁਮਰਾਹਕੁਨ ਜਾਣਕਾਰੀ ਦੇਣ ਪਿੱਛੇ ਆਖ਼ਰ ਕੀ ਹੈ ਮਜਬੂਰੀ? : ਸੈਕਰਾਮੈਂਟੋ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਾਨਕਸ਼ਾਹੀ ਕੈਲੰਡਰ ਦੀ ਬਜਾਇ ਹਿੰਦੂਮਤ ਦੇ ਕੈਲੰਡਰ ਬਾਰੇ ਕਿਉਂ ਕੀਤਾ ਆਦੇਸ਼?

Sarvjeet Singh Sacramento

Panthak News: ਪ੍ਰਵਾਸੀ ਭਾਰਤੀ, ਸਿੱਖ ਚਿੰਤਕ ਅਤੇ ਪੰਥਕ ਵਿਦਵਾਨ ਭਾਈ ਸਰਵਜੀਤ ਸਿੰਘ ਸੈਕਰਾਮੈਂਟੋ ਨੇ ਗਿਆਨੀ ਰਘਬੀਰ ਸਿੰਘ ਮੁੱਖ ਸੇਵਾਦਾਰ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਅਕਾਲ ਤਖ਼ਤ ਵਲੋਂ ਜਾਰੀ ਹੋਏ ਪ੍ਰਸ਼ੰਸਾ ਪੱਤਰ ਸਬੰਧੀ ਕੁੱਝ ਸਵਾਲ ਕੀਤੇ ਹਨ, ਜਿਨ੍ਹਾਂ ਦਾ ਜਵਾਬ ਦੇਣਾ ਤਾਂ ਜਥੇਦਾਰ ਲਈ ਔਖਾ ਹੋਵੇਗਾ ਪਰ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰ ਕੇ, ਉਸ ਤੋਂ ਬਾਅਦ ਵਾਲੇ ਮਿਲਗੋਭਾ ਕੈਲੰਡਰ ਨੂੰ ਹਰ ਵਾਰ ਸ਼੍ਰੋਮਣੀ ਕਮੇਟੀ ਤੋਂ ਰਿਲੀਜ਼ ਕਰਵਾਉਣ ਦੇ ਬਾਵਜੂਦ ਇਕ ਹੋਰ ਤੀਜੇ ਕਿਸਮ ਦੇ ਕੈਲੰਡਰ ਦੀਆਂ ਮਿਤੀਆਂ ਰਾਹੀਂ ਗੁਰਪੁਰਬ ਜਾਂ ਇਤਿਹਾਸਕ ਦਿਹਾੜੇ ਮਨਾਉਣ ਦੀ ਜਥੇਦਾਰ ਦੀ ਮਜਬੂਰੀ ਜਾਂ ਕਿਸੇ ਸਾਜ਼ਸ਼ ਬਾਰੇ ਜਾਣ ਕੇ ਗੁਰੂ ਨਾਨਕ ਨਾਮਲੇਵਾ ਸੰਗਤਾਂ ਦਾ ਹੈਰਾਨ ਤੇ ਪ੍ਰੇਸ਼ਾਨ ਹੋਣਾ ਸੁਭਾਵਕ ਹੈ।

ਭਾਈ ਸੈਕਰਾਮੈਂਟੋ ਨੇ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਰਘਬੀਰ ਸਿੰਘ ਦੇ ਦਸਤਖ਼ਤਾਂ ਹੇਠ 2 ਫ਼ਰਵਰੀ 2024 ਨੂੰ ਸੰਤ ਸਿਪਾਹੀ ਨਾਮ ਦੀ ਇਕ ਜਥੇਬੰਦੀ ਵਲੋਂ ਛਾਪੇ ਗਏ ਕੈਲੰਡਰ ਦੇ ਸਬੰਧ ਵਿਚ ਪ੍ਰਸ਼ੰਸਾ ਪੱਤਰ ਜਾਰੀ ਕਰਨ ਬਾਰੇ ਕੱੁਝ ਸਵਾਲ ਉਠਾਏ ਹਨ। ਪ੍ਰਸ਼ੰਸਾ ਪੱਤਰ ਵਿਚ ਗਿਆਨੀ ਰਘਬੀਰ ਸਿੰਘ ਨੇ ਲਿਖਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਸਮੇਂ ਤੋਂ ਸਿੱਖ ਪੰਥ ਦਾ ਮੂਲ ਕੈਲੰਡਰ ਤੇ ਜੰਤਰੀ ਨਾਨਕਸ਼ਾਹੀ ਸੰਮਤ ਸਿੱਖ ਕੌਮ ਵਿਚ ਪ੍ਰਚਲਤ ਹੈ, ਇਸ ਦੇ ਆਧਾਰ ’ਤੇ ਹੀ ਗੁਰੂ ਸਾਹਿਬਾਨ ਦੇ ਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਏ ਜਾਂਦੇ ਹਨ। ਭਾਈ ਸੈਕਰਾਮੈਂਟੋ ਨੇ ਦਸਿਆ ਕਿ ਬਿਕਰਮੀ ਕੈਲੰਡਰ ਉਪਰ ਨਾਨਕਸ਼ਾਹੀ ਸੰਮਤ ਲਿਖਣ ਦਾ ਆਰੰਭ 1526 ਬਿਕਰਮੀ ਤੋਂ ਬਿਲਕੁਲ ਨਹੀਂ ਸੀ ਹੋਇਆ, ਜਦਕਿ ਬਿਕਰਮੀ ਕੈਲੰਡਰ ਉਪਰ ਹੀ ਨਾਨਕਸ਼ਾਹੀ ਸੰਮਤ ਲਿਖਣ ਦਾ ਰਿਵਾਜ 19ਵੀਂ ਸਦੀ ਦੇ ਅਖ਼ੀਰ ਵਿਚ ਪੱਥਰ ਛਾਪੇ ਦੇ ਓਮ ਤੋਂ ਪਿੱਛੋਂ ਹੀ ਪ੍ਰਚਲਤ ਹੋਇਆ ਸੀ, ਇਸ ਲਈ ਜਾਂਚ, ਪੜਤਾਲ ਅਤੇ ਪਰਖ ਦੀ ਕਸਵੱਟੀ ’ਤੇ ਗਿਆਨੀ ਰਘਬੀਰ ਸਿੰਘ ਦੇ ਦਾਅਵੇ ਪੂਰੇ ਨਹੀਂ ਉਤਰਦੇ।

ਭਾਈ ਸੈਕਰਾਮੈਂਟੋ ਮੁਤਾਬਕ ਜੇਕਰ ਬਿਕਰਮੀ ਕੈਲੰਡਰ ਉਪਰ ਵੀ ਨਾਨਕਸ਼ਾਹੀ ਸੰਮਤ ਜਾਂ ਖ਼ਾਲਸਾ ਸੰਮਤ ਲਿਖ ਦਿਤਾ ਜਾਵੇ ਤਾਂ ਵੀ ਉਸ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਨਹੀਂ ਕਿਹਾ ਜਾ ਸਕਦਾ। ਉਹ ਚੰਦਰ ਸੂਰਜੀ ਬਿਕਰਮੀ ਕੈਲੰਡਰ ਹੀ ਰਹੇਗਾ, ਜਿਵੇਂ ਕਿ ਬਿਕਰਮੀ ਕੈਲੰਡਰ ਉਪਰ ਸ਼੍ਰੋਮਣੀ ਕਮੇਟੀ ਵਾਂਗੂ ਨਾਨਕਸ਼ਾਹੀ ਕੈਲੰਡਰ ਲਿਖਣ ਨਾਲ ਉਹ ਨਾਨਕਸ਼ਾਹੀ ਕੈਲੰਡਰ ਨਹੀਂ ਬਣ ਜਾਂਦਾ ਕਿਉਂਕਿ ਹਰ ਕੈਲੰਡਰ ਦਾ ਅਪਣਾ ਵਿਧੀ ਵਿਧਾਨ ਹੁੰਦਾ ਹੈ। ਬਿਕ੍ਰਮੀ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਦੋ ਵੱਖ-ਵੱਖ ਕੈਲੰਡਰ ਹਨ। ਗਿਆਨੀ ਰਘਬੀਰ ਸਿੰਘ ਵਲੋਂ ਸੰਗਤਾਂ ਨੂੰ ਉਕਤ ਕੈਲੰਡਰ ਤੋਂ ਲਾਭ ਪ੍ਰਾਪਤ ਕਰ ਕੇ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਉਣ ਦੇ ਦਿਤੇ ਆਦੇਸ਼ ਦਾ ਵਿਰੋਧ ਕਰਦਿਆਂ ਭਾਈ ਸੈਕਰਾਮੈਂਟੋ ਨੇ ਆਖਿਆ ਕਿ ਭਾਵੇਂ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ ਨੂੰ ਸੰਗਤਾਂ ਮੰਨਣ ਲਈ ਸਹਿਮਤ ਹੋ ਜਾਂਦੀਆਂ ਹਨ ਪਰ ਜਦੋਂ ਉਕਤ ਕੈਲੰਡਰ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਕੈਲੰਡਰ ਗੁਰੂ ਕਾਲ ਵੇਲੇ ਪ੍ਰਚਲਤ ਕੈਲੰਡਰ (ਸੂਰਜੀ ਸਿਧਾਂਤ) ਨਹੀਂ। ਪਰਖ ਪੜਚੋਲ ਕਰਨ ’ਤੇ ਪਤਾ ਲੱਗਾ ਕਿ ਇਹ ਕੈਲੰਡਰ ਤਾਂ ਹਿੰਦੂ ਵਿਦਵਾਨਾਂ ਵਲੋਂ 18-19 ਨਵੰਬਰ 1964 ਈਸਵੀ ਵਿਚ ਗੁਰੂਕਾਲ ਵੇਲੇ ਵਰਤੇ ਗਏ ਕੈਲੰਡਰ (ਸੂਰਜੀ ਸਿਧਾਂਤ) ਵਿਚ ਸੋਧ ਕਰ ਕੇ ਬਣਾਏ ਗਏ ਨਵੇਂ ਕੈਲੰਡਰ (ਦਿ੍ਰਕ ਗਿਣਤ ਸਿਧਾਂਤ) ਮੁਤਾਬਕ ਹੈ।
ਨੱਥੀ ਕੀਤੇ ਚਾਰਟ ਮੁਤਾਬਕ ਸੰਤ ਸਿਪਾਹੀ ਨਾਮ ਦੀ ਸੰਸਥਾ ਵਲੋਂ ਜਾਰੀ ਕੀਤੇ ਗਏ ਕੈਲੰਡਰ ਦੇ ਮਹੀਨਿਆਂ ਦਾ ਆਰੰਭ ਗੁਰੂ ਕਾਲ ਵਾਲੇ ਕੈਲੰਡਰ ਦੇ ਮਹੀਨਿਆਂ ਦੇ ਆਰੰਭ ਨਾਲੋਂ ਵਖਰੇ ਸਮੇਂ ’ਤੇ ਹੁੰਦਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਸੰਗਤਾਂ ਗੁਰੂ ਕਾਲ ਵੇਲੇ ਪ੍ਰਚਲਤ ਕੈਲੰਡਰ ਮੁਤਾਬਕ ਅਪਣੇ ਦਿਹਾੜੇ ਮਨਾਉਣ ਜਾਂ 1964 ਈਸਵੀ ਵਿਚ ਹਿੰਦੂ ਵਿਦਵਾਨਾਂ ਵਲੋਂ ਬਣਾਏ ਕੈਲੰਡਰ ਮੁਤਾਬਕ? ਭਾਈ ਸੈਕਰਾਮੈਂਟੋ ਨੇ ਆਖਿਆ ਕਿ ਇਹ ਅਕਾਲ ਤਖ਼ਤ ਸਾਹਿਬ ਅਤੇ ਉਸ ਦੇ ‘ਜਥੇਦਾਰ’ ਦੀ ਭਰੋਸੇਯੋਗਤਾ ਦਾ ਵੀ ਸਵਾਲ ਹੈ ਕਿ ਅਕਾਲ ਤਖ਼ਤ ਸਾਹਿਬ ਵਲੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਪ੍ਰਸ਼ੰਸਾ ਪੱਤਰ ਵਿਚ ਦਿਤੀ ਗਈ ਗੁਮਰਾਹਕੁਨ ਜਾਣਕਾਰੀ ਲਈ ਆਖ਼ਰ ਕੌਣ ਹੈ ਕਸੂਰਵਾਰ?