ਰਾਜਸਥਾਨ ਦੇ ਅੰਮ੍ਰਿਤਧਾਰੀ ਪਰਵਾਰ ਦਾ ਬਾਈਕਾਟ ਕਰਨ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਧਾਰੀ ਪਰਵਾਰ ਦਾ ਬਾਈਕਾਟ ਕਰਨ 'ਤੇ ਮਾਮਲਾ ਅਕਾਲ ਤਖ਼ਤ ਸਾਹਿਬ ਤੇ ਪੁੱਜਾ

Boycott

ਰਾਜਸਥਾਨ ਨੇ ਜ਼ਿਲ੍ਹਾ ਹਨੂਮਾਨਗੜ੍ਹ ਦੀ ਸੰਗਰੀਆ ਤਹਿਸੀਲ ਦੇ ਪਿੰਡ ਢੋਲ ਨਗਰ ਵਿਚ ਪਿੰਡ ਦੀ ਪੰਚਾਇਤ ਦੇ ਨਾਮ ਹੇਠ ਇਕ ਹੁਕਮਨਾਮਾ ਜਾਰੀ ਕਰ ਕੇ ਪਿੰਡ ਦੇ ਇਕ ਅੰਮ੍ਰਿਤਧਾਰੀ ਪਰਵਾਰ ਦਾ ਬਾਈਕਾਟ ਕਰਨ 'ਤੇ ਮਾਮਲਾ ਅਕਾਲ ਤਖ਼ਤ ਸਾਹਿਬ ਤੇ ਪੁੱਜਾ ਤੇ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਵਿਸ਼ਵਾਸ  ਦਿਵਾਇਆ ਕਿ ਇਸ ਮਸਲੇ ਦੀ ਪੜਤਾਲ ਕਰਵਾ ਕੇ ਇਨਸਾਫ਼ ਕੀਤਾ ਜਾਵੇਗਾ ਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਵਿਰੁਧ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਭਾਈ ਅਜੀਤ ਸਿੰਘ ਢੋਲ ਨਗਰ ਨੇ ਦਸਿਆ ਕਿ ਪਿੰਡ ਦੇ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਪਤਿਤ ਲੋਕਾਂ ਦੀ ਬਣੀ ਹੋਈ ਹੈ ਤੇ ਪੂਰੇ ਪਿੰਡ ਵਿਚ ਉਨ੍ਹਾਂ ਦਾ ਹੀ ਇਕ ਪਰਵਾਰ ਅੰਮ੍ਰਿਤਧਾਰੀ ਹੈ ਜਿਸ ਨੂੰ ਪਿੰਡ ਦੇ ਕੁੱਝ ਲੋਕ ਬਰਦਾਸ਼ਤ ਨਹੀਂ ਕਰਦੇ।

ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿਚ ਮਨਮਿਤ ਤੇ ਆਰ ਐਸ ਐਸ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਉਹ ਵਿਰੋਧ ਕਰਦੇ ਹਨ ਜਿਸ ਕਰ ਕੇ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁੰਦੇ ਹੁਕਮਨਾਮਿਆਂ ਦੀ ਨਕਲ ਕਰ ਕੇ ਉਨ੍ਹਾਂ ਦੇ ਸਾਰੇ ਪਰਵਾਰ ਦਾ ਸਮਾਜਕ, ਧਾਰਮਕ ਤੇ ਸਭਿਆਚਾਰਕ ਤੇ ਰਾਜਨੀਤਕ ਬਾਈਕਾਟ ਕਰ ਕੇ ਕਿਹਾ ਹੈ ਕਿ ਇਨ੍ਹਾਂ ਅੰਮ੍ਰਿਤਧਾਰੀਆਂ ਨੂੰ ਗੁਰਦਵਾਰੇ ਵਿਚ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ ਜੋ ਪੰਥਕ ਮਰਿਆਦਾ ਤੇ ਪਰੰਪਰਾਵਾਂ ਦੀ ਉਲੰਘਣਾ ਹੈ। ਸ. ਰਮਨਜੀਤ ਸਿੰਘ ਦੀ ਅਗਵਾਈ ਹੇਠ ਮਿਲੇ ਇਕ ਵਫ਼ਦ ਨੇ ਜਥੇਦਾਰ ਅਕਾਲ ਤਖ਼ਤ ਦੇ ਨਾਮ ਇਕ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਬਾਈਕਾਟ ਕਰਨ ਵਾਲਿਆਂ ਵਿਰੁਧ ਕੜੀ ਕਾਰਵਾਈ ਕੀਤੀ ਜਾਵੇ ਅਤੇ ਗੁਰਦਵਾਰਾ ਸਾਹਿਬ ਵਿਖੇ ਹੁੰਦੀਆਂ ਪੰਥ ਵਿਰੋਧੀ ਕਾਰਵਾਈਆਂ ਨੂੰ ਠੱਲ੍ਹ ਪਾਈ ਜਾਵੇ। ਦਫ਼ਤਰ ਇੰਚਾਰਜ ਸ. ਗੁਰਬਚਨ ਸਿੰਘ ਨੇ ਮੰਗ ਪੱਤਰ ਲਿਆ ਤੇ ਕਿਹਾ ਕਿ ਪੱਤਰ ਦੀ ਜਾਂਚ ਲਈ ਜਲਦ ਇਕ ਟੀਮ ਭੇਜ ਕੇ ਪੜਤਾਲ ਕਰਵਾਈ ਜਾਵੇਗੀ ਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਵਿਰੁਧ ਕੜੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਦਵਾਰੇ ਵਿਚ ਕਿਸੇ ਦਾ ਵੀ ਦਾਖ਼ਲਾ ਰੋਕਿਆ ਨਹੀਂ ਜਾ ਸਕਦਾ।