ਸੌਦਾ ਸਾਧ ਮਾਮਲੇ 'ਚ ਨਾ ਉਲਝਣ ਸਿੱਖ ਜਥੇਬੰਦੀਆਂ: ਪੰਥਕ ਤਾਲਮੇਲ ਸੰਗਠਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦੇਸ਼-ਵਿਦੇਸ਼ ਦੀਆਂ ਧਾਰਮਕ ਜਥੇਬੰਦੀਆਂ ਦੇ ਸਾਂਝੇ ਮੰਚ ਦੇ ਕਨਵੀਨਰ ਗਿ. ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਸੌਦਾ ਸਾਧ ਸਬੰਧੀ..

Giani Kewal Singh

ਅੰਮ੍ਰਿਤਸਰ, 23 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਦੇਸ਼-ਵਿਦੇਸ਼ ਦੀਆਂ ਧਾਰਮਕ ਜਥੇਬੰਦੀਆਂ ਦੇ ਸਾਂਝੇ ਮੰਚ ਦੇ ਕਨਵੀਨਰ ਗਿ. ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਸੌਦਾ ਸਾਧ ਸਬੰਧੀ ਆ ਰਹੇ ਅਦਾਲਤੀ ਫ਼ੈਸਲੇ ਵਾਲੇ ਘਟਨਾਕ੍ਰਮ ਸਬੰਧੀ ਕਿਹਾ ਕਿ ਇਸ ਜਬਰ-ਜਨਾਹ ਵਾਲੇ ਮਾਮਲੇ ਨਾਲ ਪੰਜਾਬ ਦੀ ਜਨਤਾ ਦਾ ਕੋਈ ਸਬੰਧ ਨਹੀਂ ਹੈ। ਇਹ ਡੇਰੇ ਦਾ ਅੰਦਰੂਨੀ ਤੇ ਅਦਾਲਤ ਨਾਲ ਜੁੜਿਆ ਮਾਮਲਾ ਹੈ ਜਿਸ ਲਈ ਸਿੱਖ ਜਥੇਬੰਦੀਆਂ ਨੂੰ ਕਿਤੇ ਵੀ ਕਿਸੇ ਤਰ੍ਹਾਂ ਵੀ ਉਲਝਣ ਦੀ ਲੋੜ ਨਹੀਂ ਹੈ। ਬਲਕਿ ਹਿੰਦੂ, ਮੁਸਲਿਮ, ਈਸਾਈ ਅਤੇ ਹੋਰ ਧਰਮਾਂ ਵਾਲੇ ਵੀ ਪੂਰੀ ਸਾਵਧਾਨੀ ਤੋਂ ਕੰਮ ਲੈਣ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਸੰਭਾਲਣ ਲਈ ਅਪਣੀ ਜ਼ਿੰਮੇਵਾਰੀ ਨਿਭਾਉਣ। ਸੰਗਠਨ ਨੇ ਕਿਹਾ ਕਿ ਇਹ ਇਕ ਅਜੀਬੋ-ਗ਼ਰੀਬ ਤੇ ਦੁਖ ਭਰੀ ਦਾਸਤਾਨ ਹੈ ਕਿ ਸਾਰਾ ਜਨਜੀਵਨ ਪ੍ਰਭਾਵਤ ਹੋਇਆ ਪਿਆ ਹੈ। ਕਾਰੋਬਾਰੀ, ਯਾਤਰੂ, ਕਰਮਚਾਰੀ, ਸਕੂਲ-ਕਾਲਜ, ਹਸਪਤਾਲ ਅਤੇ ਨਿਯਤ ਵਿਆਹ ਆਦਿਕ ਸਾਰਾ ਕੁੱਝ ਠੱਪ ਹੋ ਕੇ ਰਹਿ ਗਿਆ ਹੈ।