ਦਿੱਲੀ ਕਮੇਟੀ ਦੇ ਵਫ਼ਦ ਵਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ
ਸਿੱਕਮ ਦੇ ਇਤਿਹਾਸਿਕ ਗੁਰਦਵਾਰਾ ਡਾਂਗਮਾਰ ਸਾਹਿਬ ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਗੁਰਦਵਾਰਾ ਕਮੇਟੀ ਦੇ ਇਕ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜਮੰਤਰੀ ਅਤੇ..
ਨਵੀਂ ਦਿੱਲੀ, 23 ਅਗੱਸਤ (ਸੁਖਰਾਜ ਸਿੰਘ): ਸਿੱਕਮ ਦੇ ਇਤਿਹਾਸਿਕ ਗੁਰਦਵਾਰਾ ਡਾਂਗਮਾਰ ਸਾਹਿਬ ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਗੁਰਦਵਾਰਾ ਕਮੇਟੀ ਦੇ ਇਕ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜਮੰਤਰੀ ਅਤੇ ਪੂਰਬੀ-ਉਤਰੀ ਸੂਬੇ ਦੇ ਮਾਮਲਿਆਂ ਦੇ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ।
ਇਸ ਵਫ਼ਦ ਨੇ ਗੁਰੂ ਡਾਂਗਮਾਰ ਝੀਲ ਦੇ ਬਣੇ ਸਰਬ ਧਰਮ ਸਥਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਬਦੀਲ ਕਰਕੇ 80 ਕਿਲੋਮੀਟਰ ਹੇਠਾਂ ਲਿਜਾਣ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸੰਸਾਰ ਭਰ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਲੱਗਣ ਦਾ ਵੀ ਦਾਅਵਾ ਕੀਤਾ।ਵਫ਼ਦ 'ਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਭਾਜਪਾ ਦੇ ਕੌਮੀ ਸਕੱਤਰ ਆਰ.ਪੀ. ਸਿੰਘ, ਮੈਂਬਰ ਤੇ ਕੌਂਸਲਰ ਪਰਮਜੀਤ ਸਿੰਘ ਰਾਣਾ ਆਦਿ ਸ਼ਾਮਲ ਸਨ। ਸ. ਜੀ.ਕੇ. ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਅਸਥਾਨ 'ਤੇ ਗੁਰੂ ਸਾਹਿਬ ਦੇ ਪੈਰੋਕਾਰਾਂ ਵਲੋਂ 1969 'ਚ ਕੀਤਾ ਗਿਆ ਸੀ। ਇਸ ਕਰ ਕੇ ਸੰਸਾਰ ਭਰ ਦੀ ਸਿੱਖ ਸੰਗਤ ਸਿੱਕਮ ਸਰਕਾਰ ਦੇ ਮੌਜੂਦਾ ਫੈਸਲੇ ਤੋਂ ਬਾਅਦ ਪੈਦਾ ਹੋਏ ਗ਼ੈਰ ਜ਼ਰੂਰੀ ਹਲਾਤ ਕਰ ਕੇ ਹੈਰਾਨ ਹੈ। ਸ. ਸਿਰਸਾ ਨੇ ਇਸ ਸਬੰਧੀ ਸਿੱਕਮ ਸਰਕਾਰ ਵਲੋਂ 1992 ਵਿਚ ਪੂਜਾ ਸਥਾਨਾਂ ਦੇ ਹਕਾਂ ਦੀ ਰਾਖੀ ਲਈ ਕਾਨੂੰਨ 'ਚ ਕੀਤੇ ਗਏ ਬਦਲਾਅ ਦਾ ਹਵਾਲਾ ਦਿਤਾ ਜਿਸ ਅਨੁਸਾਰ ਇਹ ਐਲਾਨ ਕੀਤਾ ਗਿਆ ਸੀ ਕਿ 15 ਅਗਸਤ 1947 ਤੋਂ ਪਹਿਲਾਂ ਦੇ ਸਥਾਪਤ ਪੂਜਾ ਸਥਾਨ ਅੱਜ ਦੇ ਮੌਜੂਦਾ ਹਲਾਤ 'ਚ ਉਸੇ ਤਰ੍ਹਾਂ ਕਾਇਮ ਰਹਿਣਗੇ। ਉਕਤ ਵਫ਼ਦ ਨੇ ਤੁਰਤ ਪੁਰਾਣੇ ਹਾਲਾਤ ਨੂੰ ਬਰਕਰਾਰ ਰੱਖਣ ਲਈ ਡਾ. ਜਿਤੇਂਦਰ ਸਿੰਘ ਨੂੰ ਮਾਮਲੇ ਦਾ ਹਿੱਸਾ ਬਣਨ ਲਈ ਕਿਹਾ ਤਾਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ-ਸਤਿਕਾਰ ਅਤੇ ਮਰਿਆਦਾ ਬਹਾਲ ਰਹਿ ਸਕੇ।