ਦਿੱਲੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਚੋਣਾਂ ਕੇਵਲ ਧਾਰਮਕ ਪਾਰਟੀ ਹੀ ਲੜ ਸਕੇਗੀ
ਇਹ ਸਿਸਟਮ ਬੰਦ ਹੋਣਾ ਚਾਹੀਦਾ ਹੈ ਤੇ ਸਿਰਫ਼ ਧਾਰਮਕ ਪਾਰਟੀਆਂ ਹੀ ਚੋਣਾਂ ਲੜਨਗੀਆਂ ਤੇ ਇਹ ਸਿਸਟਮ ਅੱਗੇ ਤੋਂ ਫਾਲੋ ਨਹੀਂ ਕੀਤਾ ਜਾਏਗਾ।
ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ’ਚ ਹੁਣ ਸ਼੍ਰੋੋਮਣੀ ਅਕਾਲੀ ਦਲ ਇਕ ਸਿਆਸੀ ਪਾਰਟੀ ਹੋਣ ਕਾਰਨ ਚੋਣ ਨਹੀਂ ਲੜ ਸਕੇਗਾ। ਦਿੱਲੀ ’ਚ ਕੇਜਰੀਵਾਲ ਸਰਕਾਰ ਨੇ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ ’ਚ ਆਉਣ ਵਾਲੇ ਅਪ੍ਰੈਲ ਮਹੀਨੇ ਹੋਣ ਜਾ ਰਹੀਆਂ ਚੋਣਾਂ ’ਚ ਕੇਵਲ ਧਾਰਮਕ ਪਾਰਟੀਆਂ ਨੂੰ ਹੀ ਇਜਾਜ਼ਤ ਦਿਤੀ ਜਾਏਗੀ, ਨਾ ਕਿ ਕਿਸੇ ਸਿਆਸੀ ਪਾਰਟੀ ਨੂੰ। ਦਿੱਲੀ ਸਰਕਾਰ ਨੇ ਅਪਣਾ ਕੁੱਝ ਸਮਾਂ ਪਹਿਲਾਂ ਜਾਰੀ ਕੀਤਾ ਆਰਡਰ ਵੀ ਰਿਵਾਈਜ਼ ਕੀਤਾ ਹੈ।
ਐਚ.ਐਸ. ਫੂਲਕਾ ਨੇ ਕਿਹਾ ਕਿ ਉਨ੍ਹਾਂ ਕੋਲ ਦਿੱਲੀ ਸਰਕਾਰ ਦਾ ਆਰਡਰ ਆਇਆ ਹੈ। ਉਨ੍ਹਾਂ ਕਿਹਾ ਕਿ ਕੱੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਬਾਦਲ ਨੂੰ ਇਕ ਧਾਰਮਕ ਪਾਰਟੀ ਵਜੋਂ ਪਛਾਣ ਦੇ ਕੇ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਲੜਨ ਦੀ ਇਜਾਜ਼ਤ ਦੇ ਦਿਤੀ ਸੀ ਤੇ ਹਾਈ ਕੋਰਟ ’ਚ ਵੀ ਸਰਕਾਰ ਨੇ ਲਿਖ ਕੇ ਦੇ ਦਿਤਾ ਸੀ ਪਰ ਫੂਲਕਾ ਦੁਆਰਾ ਸੋਸ਼ਲ ਮੀਡੀਆ ’ਤੇ ਪਾਈ ਵੀਡੀਉ ਤੋਂ ਬਾਅਦ ਜਦੋਂ ਗੱਲ ਉੱਪਰ ਤਕ ਪਹੁੰਚੀ ਤਾਂ ਉਨ੍ਹਾਂ ਕੋਲ ਦਿੱਲੀ ਸਰਕਾਰ ਦੇ ਮੰਤਰੀ ਰਜਿੰਦਰਪਾਲ ਗੌਤਮ ਦਾ ਲਿਖਿਆ ਇਕ ਆਰਡਰ ਆਇਆ ਜਿਸ ’ਚ ਲਿਖਿਆ ਗਿਆ ਕਿ ਇਹ ਸਿਸਟਮ ਬੰਦ ਹੋਣਾ ਚਾਹੀਦਾ ਹੈ ਤੇ ਸਿਰਫ਼ ਧਾਰਮਕ ਪਾਰਟੀਆਂ ਹੀ ਚੋਣਾਂ ਲੜਨਗੀਆਂ ਤੇ ਇਹ ਸਿਸਟਮ ਅੱਗੇ ਤੋਂ ਫਾਲੋ ਨਹੀਂ ਕੀਤਾ ਜਾਏਗਾ।
ਐਚ.ਐਸ. ਫੂਲਕਾ ਨੇ ਕਿਹਾ ਕਿ ਕਲ ਇਹ ਕੇਸ ਹਾਈ ਕੋਰਟ ’ਚ ਲਗਿਆ ਹੈ ਤੇ ਜਦੋਂ ਹਾਈ ਕੋਰਟ ’ਚ ਇਸ ’ਤੇ ਮੋਹਰ ਲੱਗ ਗਈ ਤਾਂ ਅਕਾਲੀ ਦਲ ਬਾਦਲ ਦਿੱਲੀ ਗੁਰਦਵਾਰਾ ਕਮੇਟੀ ਚੋਣਾਂ ਨਹੀਂ ਲੜ ਸਕੇਗਾ। ਜੇਕਰ ਉਹ ਲਿਖਕੇ ਦੇਣਗੇ ਕਿ ਉਹ ਧਾਰਮਕ ਪਾਰਟੀ ਹੈ ਤਾਂ ਮੁੱਦਾ ਭਾਰਤੀ ਚੋਣ ਕਮਿਸ਼ਨ ਕੋਲ ਜਾਏਗਾ। ਯਾਦ ਰਹੇ ਪੰਜਾਬ ਵਿਚ ਵੀ ਕਾਫ਼ੀ ਦੇਰ ਤੋਂ ਅਦਾਲਤ ਵਿਚ ਕੇਸ ਚਲ ਰਿਹੈ ਕਿ ਅਕਾਲੀ ਦਲ ਨੇ ਦੋ ਸੰਵਿਧਾਨ ਬਣਾਏ ਹੋਏ ਹਨ-ਇਕ ਪੰਥਕ ਤੇ ਇਕ ਸੈਕੁਲਰ, ਇਸ ਲਈ ਇਸ ਦੀ ਮਾਨਤਾ ਰੱਦ ਕੀਤੀ ਜਾਣੀ ਚਾਹੀਦੀ ਹੈ ਜਾਂ ਇਸ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਤੋਂ ਰੋਕ ਦਿਤਾ ਜਾਣਾ ਚਾਹੀਦਾ ਹੈ।