ਜੱਥੇ 'ਚ ਗਈ ਔਰਤ ਵਲੋਂ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਏਜੰਸੀਆਂ ਦੀ ਨਾਕਾਮੀ : ਬੇਦੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ 'ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸਪੱਸ਼ਟ ਕੀਤਾ

Bedi

ਖ਼ਾਲਸਾ ਸਾਜਨਾ ਦਿਵਸ ਸਬੰਧੀ ਪਾਕਿਸਤਾਨ ਗਏ ਜਥੇ ਵਿਚ ਸ਼ਾਮਲ ਇਕ ਮਹਿਲਾ ਵਲੋਂ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾਉਣ ਦੀਆਂ ਖ਼ਬਰਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਨੂੰ ਖ਼ੁਫ਼ੀਆ ਏਜੰਸੀਆਂ ਦੀ ਨਕਾਮੀ ਦਸਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ 'ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਵਲੋਂ ਜਥਾ ਭੇਜਣ ਲਈ ਸੰਗਤਾਂ ਤੋਂ ਪਾਸਪੋਰਟ ਇਕੱਤਰ ਕਰ ਕੇ ਸਰਕਾਰਾਂ ਨੂੰ ਜਾਂਚ ਲਈ ਭੇਜੇ ਜਾਂਦੇ ਹਨ ਅਤੇ ਯੋਗ ਕਾਰਵਾਈ ਕਰ ਕੇ ਸ਼ਰਧਾਲੂਆਂ ਦੀ ਰੀਪੋਰਟ ਕੀਤੀ ਜਾਂਦੀ ਹੈ।  

ਇਸੇ ਕਰ ਕੇ ਹੀ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਜਾਂਦੇ ਨਾਵਾਂ ਵਿਚੋਂ ਬਹੁਤ ਸਾਰੇ ਸ਼ਰਧਾਲੂਆਂ ਦੇ ਨਾਂ ਕੱਟ ਦਿਤੇ ਜਾਂਦੇ ਹਨ। ਉਕਤ ਮਹਿਲਾ ਸਬੰਧੀ ਉਨ੍ਹਾਂ ਕਿਹਾ ਕਿ ਜਦੋਂ ਲੰਮੇ ਸਮੇਂ ਤੋਂ ਉਸ ਦੇ ਪਾਕਿਸਤਾਨੀ ਨਾਗਰਿਕ ਨਾਲ ਸੰਪਰਕ 'ਚ ਹੋਣ ਦੀਆਂ ਖ਼ਬਰਾਂ ਹਨ ਤਾਂ ਅਜਿਹੇ 'ਚ ਦੇਸ਼ ਦੀਆਂ ਖ਼ੁਫ਼ੀਆਂ ਏਜੰਸੀਆਂ ਨੂੰ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ।  ਸ. ਬੇਦੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਭਾਰਤ ਸਰਕਾਰ ਨੂੰ ਤੁਰਤ ਕਦਮ ਚੁਕਣੇ ਚਾਹੀਦੇ ਹਨ ਅਤੇ ਮਾਮਲੇ ਦੀ ਤਹਿ ਤਕ ਜਾ ਕੇ ਸੱਚ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ। ਬੇਦੀ ਨੇ ਜਥੇ 'ਚ ਗਏ ਕੁੱਝ ਯਾਤਰੂਆਂ ਵਲੋਂ ਵਪਾਰਕ ਪਹੁੰਚ ਅਪਨਾਉਣ ਦੀਆਂ ਖ਼ਬਰਾਂ 'ਤੇ ਟਿਪਣੀ ਕਰਦਿਆਂ ਕਿਹਾ ਕਿ ਜੇਕਰ ਕਸਟਮ ਵਿਭਾਗ ਅਪਣੇ ਜ਼ਿੰਮੇਵਾਰੀ ਸੁਹਿਰਦਤਾ ਨਾਲ ਨਿਭਾਏ ਤਾਂ ਦੋਵਾਂ ਦੇਸ਼ਾਂ ਤੋਂ ਵਪਾਰਕ ਨਜ਼ਰੀਏ ਨਾਲ ਲਿਜਾਇਆ ਜਾਂਦਾ ਸਮਾਨ ਸਰਹੱਦ ਪਾਰ ਨਹੀਂ ਕਰ ਸਕਦਾ।