ਅਮਰੀਕਾ ਦੇ ਗੁਰਦਵਾਰੇ ਵਿਚ ਸਿੱਖਾਂ ਦੇ ਦੋ ਧੜਿਆਂ ਵਿਚਕਾਰ ਹੋਈ ਲੜਾਈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੁਲਿਸ ਨੰਗੇ ਸਿਰ ਗੁਰਦਵਾਰੇ 'ਚ ਹੋਈ ਦਾਖ਼ਲ, ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੀ ਕੀਤੀ ਕੋਸ਼ਿਸ਼

Fight in USA Gurudwara

ਅਮਰੀਕਾ ਦੇ ਸੂਬੇ ਗ੍ਰੀਨਵੁਡ ਇੰਡੀਆਨਾ ਦੇ ਇਕ ਗੁਰੂ ਘਰ ਵਿਚ ਅਪਣੀ ਚੌਧਰ ਕਾਇਮ ਕਰਨ ਲਈ ਸਿੱਖਾਂ ਦੇ ਦੋ ਧੜਿਆਂ ਦੀ ਲੜਾਈ ਦੀ ਚਰਚਿਤ ਹੋਈ ਵੀਡੀਉ ਨੇ ਸਿੱਖਾਂ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿਤਾ ਹੈ। ਗੁਰੂ ਘਰ ਦੀ ਮਰਿਆਦਾ ਦੀ ਦੁਹਾਈ ਦੇਣ ਵਾਲੇ ਦੋਵਾਂ ਧੜਿਆਂ ਦੀ ਹਾਜ਼ਰੀ ਵਿਚ ਹੀ ਪੁਲਿਸ ਨੰਗੇ ਸਿਰ ਗੁਰਦਵਾਰਾ ਸਾਹਿਬ ਵਿਚ ਦਾਖ਼ਲ ਹੋਈ ਤੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਦੋਵਾਂ ਧਿਰਾਂ ਨੇ ਇਕ ਦੂਜੇ ਦੀਆਂ ਦਸਤਾਰਾਂ ਉਤਾਰੀਆਂ, ਖੂਬ ਮੰਦੇ ਸ਼ਬਦ ਬੋਲਦਿਆਂ ਗਾਹਲਾਂ ਕਢ ਕੇ ਅਪਣਾ ਗੁਬਾਰ ਕਢਿਆ।

ਦੋਵੇਂ ਹੀ ਧਿਰਾਂ ਗੁਰਦਵਾਰਾ ਸਾਹਿਬ ਵਿਚ ਸ਼ਰੇਆਮ ਲਲਕਾਰੇ ਮਾਰਦੇ ਰਹੀਆਂ। ਇਸ ਘਟਨਾ ਕਾਰਨ ਇਲਾਕੇ ਵਿਚ ਹਾਲਾਤ ਤਣਾਅ ਪੂਰਵਕ ਹਨ। ਗ੍ਰੀਨਵੁਡ ਦੀ ਇਸ ਘਟਨਾ ਦੌਰਾਨ ਦੋਵਾਂ ਧਿਰਾਂ ਵਲੋਂ ਵਰਤੇ ਗਏ ਮਾਰੂ ਹਥਿਆਰਾਂ ਕਾਰਨ ਕਰੀਬ 10 ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਇਸ ਝਗੜੇ ਕਾਰਨ ਗੁਰਦਵਾਰਾ ਸਾਹਿਬ ਵਿਖੇ ਮੱਥਾ ਟੇਕਣ ਆਈਆਂ ਔਰਤਾਂ ਤੇ ਬੱਚੇ ਪ੍ਰੇਸ਼ਾਨ ਹੋਏ। ਪੰਥ ਦੇ ਅਲੰਮਬਰਦਾਰ ਹੋਣ ਦੇ ਦਾਅਵੇਦਾਰਾਂ ਦੀ ਇਹ ਵੀਡੀਉ ਦੇਖ ਕੇ ਲਗਦਾ ਨਹੀਂ ਕਿ ਪੰਥ ਵਿਚ ਏਕਤਾ ਹੋਵੇਗੀ।