Panthak News: ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਣ ਵਾਲਾ ਬਾਦਲ ਦਲ ਪੰਥਕ ਮੁੱਦਿਆਂ ’ਤੇ ਚੁੱਪ ਕਿਉਂ? : ਹਰਜਿੰਦਰ ਮਾਝੀ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਆਖਿਆ! ਸਿੱਖ ਸੰਗਤਾਂ ਬਾਦਲ ਦੇ ਏਜੰਡੇ ਪ੍ਰਤੀ ਪੂਰੀ ਤਰ੍ਹਾਂ ਹੋ ਚੁਕੀਆਂ ਹਨ ਜਾਗਰੂਕ

Harjinder Majhi

ਕੋਟਕਪੂਰਾ  (ਗੁਰਿੰਦਰ ਸਿੰਘ) : ਅਕਾਲੀ ਦਲ ਬਾਦਲ ਵਲੋਂ ਸਿਆਸਤ ਦੇ ਖੇਤਰ ਵਿਚ ਹਾਸ਼ੀਏ ’ਤੇ ਜਾ ਪੈਣ ਤੋਂ ਬਾਅਦ ਪੰਥਕ ਵੋਟ ਬੈਂਕ ਨੂੰ ਕੈਸ਼ ਕਰਨ ਲਈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁਕਿਆ ਗਿਆ, ਭਾਈ ਗੁਰਦੇਵ ਸਿੰਘ ਕਾਉਂਕੇ ਦੇ ਪ੍ਰਵਾਰ ਦਾ ਖੁਦ ਘਰ ਜਾ ਕੇ ਸਨਮਾਨ ਕਰਨ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਲੋਕ ਸਭਾ ਦੀ ਟਿਕਟ ਦੇਣ ਸਮੇਤ ਵਾਰ ਵਾਰ ਪੰਥਕ ਹਿਤਾਂ ਲਈ ਕਾਰਜ ਕਰਨ, ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਰਾਹੀਂ ਬਾਦਲਾਂ ਨੂੰ ਹੀ ਪੰਥ ਦੀ ਨੁਮਾਇੰਦਾ ਪਾਰਟੀ ਦਰਸਾਉਣ ਦੇ ਯਤਨ ਕਰਨ ਵਾਲੀਆਂ ਗੱਲਾਂ ਵੀ ਬਾਦਲਾਂ ਦੇ ਪੱਖ ਵਿਚ ਭੁਗਤਦੀਆਂ ਦਿਖਾਈ ਨਹੀਂ ਦੇ ਰਹੀਆਂ। 

ਉੱਘੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ ਏ ਖ਼ਾਲਸਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪੰਥ-ਪੰਥ ਕੂਕ ਕੇ ਵੋਟਾਂ ਬਟੋਰਨ ਵਾਲੇ  ਬਾਦਲ ਦਲ ਦੇ ਏਜੰਡੇ ਤੋਂ ਸਿੱਖ ਚਿੰਤਕਾਂ ਜਾਣੂ ਹੋ ਚੁਕੀਆਂ ਹਨ।

ਕਿਉਂਕਿ ਸਿੱਖ ਸੰਗਤਾਂ ਦੀ ਇੱਛਾ ਸੀ ਕਿ ਬਾਦਲ ਦਲ ਸਮੇਤ ਸਾਰੇ ਅਕਾਲੀ ਦਲ ਅਤੇ ਸਾਰੀਆਂ ਸਿੱਖ ਸੰਸਥਾਵਾਂ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਸ਼ਹੀਦ ਬੇਅੰਤ ਸਿੰਘ ਮਲੋਆ ਦੇ ਪੁੱਤਰ ਸਰਬਜੀਤ ਸਿੰਘ ਖ਼ਾਲਸਾ ਨੂੰ ਸਾਂਝੇ ਉਮੀਦਵਾਰ ਵਜੋਂ ਐਲਾਨਣ ਪਰ ਬਾਦਲ ਦਲ ਅਤੇ ਮਾਨ ਦਲ ਨੇ ਇਸ ਹਲਕੇ ਤੋਂ ਆਪੋ ਅਪਣੇ ਉਮੀਦਵਾਰ ਉਤਾਰ ਦਿਤੇ ਹਨ ਤੇ ਹੁਣ ਨਿਰੋਲ ਪੰਥਕ ਹਲਕੇ ਖਡੂਰ ਸਾਹਿਬ ਤੋਂ ਸਮੂਹ ਅਕਾਲੀ ਦਲਾਂ, ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਪੰਥਦਰਦੀਆਂ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਸਾਂਝਾ ਉਮੀਦਵਾਰ ਐਲਾਨਣ ਦੀ ਮੰਗ ਜੋਰ ਫੜ ਰਹੀ ਹੈ। 

ਭਾਈ ਮਾਝੀ ਨੇ ਆਖਿਆ ਕਿ ਜੇਕਰ ਬਾਦਲ ਦਲ ਉਕਤ ਹਲਕੇ ਤੋਂ ਮਾਤਾ ਬਲਵਿੰਦਰ ਕੌਰ ਨੂੰ ਟਿਕਟ ਦੇਣ ਅਤੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਉਸਦੀ ਹਮਾਇਤ ਲਈ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਤੋਂ ਅਪੀਲਾਂ ਕਰਵਾਉਣ ਲਈ ਸਹਿਮਤੀ ਦੇ ਦਿੰਦਾ ਹੈ ਤਾਂ ਪੰਥਕ ਹਲਕਿਆਂ ਵਿਚ ਬਾਦਲ ਦਲ ਦੀ ਖ਼ਰਾਬ ਹੋਈ ਛਵੀ ਵਿਚ ਸੁਧਾਰ ਹੋ ਸਕਦਾ ਹੈ। ਉਂਝ ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜਮਾਨਤ ਉਪਰੰਤ ਜੇਲ ਤੋਂ ਰਿਹਾਈ ਪਿੱਛੋਂ ਮਾਤਾ ਬਲਵਿੰਦਰ ਕੌਰ ਵਲੋਂ ਸੋਸ਼ਲ ਮੀਡੀਏ ਰਾਹੀਂ ਜੋ ਗਿਲਾ ਜਾਹਰ ਕੀਤਾ ਗਿਆ ਹੈ, ਉਸ ਨਾਲ ਵੀ ਅਕਾਲੀ ਦਲਾਂ ਸਮੇਤ ਹੋਰਨਾ ਪੰਥਦਰਦੀਆਂ ਲਈ ਨਮੋਸ਼ੀ ਪੈਦਾ ਹੋਣੀ ਸੁਭਾਵਿਕ ਹੈ। 

ਭਾਈ ਮਾਝੀ ਮੁਤਾਬਕ ਮਾਤਾ ਬਲਵਿੰਦਰ ਕੌਰ ਨੇ ਜੇਲ ਵਿਚੋਂ ਰਿਹਾਈ ਉਪਰੰਤ ਆਖਿਆ ਕਿ ਹੁਣ ਕਿੱਥੇ ਹਨ ਤਖ਼ਤਾਂ ਦੇ ਜਥੇਦਾਰ, ਕਿੱਥੇ ਹੈ ਸ਼੍ਰੋਮਣੀ ਕਮੇਟੀ, ਕਿੱਥੇ ਹਨ ਸਿੱਖ ਸੰਪਰਦਾਵਾਂ, ਕਿੱਥੇ ਹਨ ਨਿਹੰਗ ਸਿੰਘ ਜਥੇਬੰਦੀਆਂ, ਕਿੱਥੇ ਹਨ ਅਕਾਲੀ ਧੜੇ ਅਤੇ ਕਿੱਥੇ ਹਨ ਪੰਥਕ ਜਥੇਬੰਦੀਆਂ, ਜਿਹੜੀਆਂ ਇਕ ਬੀਬੀ ਨੂੰ ਹਕੂਮਤ ਦੇ ਜਬਰ ਤੋਂ ਬਚਾਅ ਨਹੀਂ ਸਕਦੀਆਂ? ਦੂਜਿਆਂ ਦੀਆਂ ਧੀਆਂ ਦੇ ਰਾਖੇ ਅਖਵਾਉਣ ਵਾਲੇ ਸਿੱਖ ਅੱਜ ਅਪਣੀਆਂ ਬੀਬੀਆਂ ਦੀ ਰਾਖੀ ਕਰਨ ਤੋਂ ਅਸਮਰੱਥ ਕਿਉਂ ਹਨ?