Italy News: ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਟਲੀ ਦੇ ਸ਼ਹਿਰ ਕਰੇਮੋਨਾ ਵਿਖੇ ਸਜਾਇਆ ਗਿਆ ਨਗਰ ਕੀਰਤਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੰਗਤ ਲਈ ਵੱਖ-ਵੱਖ ਥਾਵਾਂ 'ਤੇ ਲਗਏ ਗਏ ਸਨ ਲੰਗਰ

Nagar Kirat held in Cremona Italy News

ਮਿਲਾਨ (ਦਲਜੀਤ ਮੱਕੜ) ਦਸਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਜਾਏ ਖ਼ਾਲਸਾ ਸਾਜਨਾ ਦਿਵਸ ਦੀਆ ਬਾਤਾਂ ਅੱਜ ਪੂਰੀ ਦੁਨੀਆ ਵਿੱਚ ਪੈ ਰਹੀਆ ਹਨ। ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਵੱਲੋਂ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਅੰਮ੍ਰਿਤ ਸੰਚਾਰ, ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਨਾਲ ਖ਼ਾਲਸਾ ਪੰਥ ਦੀਆ ਜੜ੍ਹਾਂ ਨੂੰ ਹੋਰ ਮਜਬੂਤ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ।

ਇਟਲੀ ਦੇ ਜ਼ਿਲ੍ਹਾ ਕਰੇਮੋਨਾ ਦੇ ਨਜ਼ਦੀਕ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਵਿਖੇ ਸੰਗਤ ਵੱਲੋਂ ਖ਼ਾਲਸਾ ਪੰਥ ਸਾਜਨਾ ਦਿਵਸ ਦੀਆਂ ਖੁਸ਼ੀਆਂ ਮੌਕੇ ਮਹਾਨ ਨਗਰ ਕੀਰਤਨ ਸ਼ਹਿਰ ਸਜਾਇਆ ਗਿਆ।  ਇਸ ਵਿਚ ਉੱਤਰੀ ਇਟਲੀ ਦੇ ਕਈ ਹਿੱਸਿਆਂ ਵਿਚ ਵਸਦੀਆਂ ਸੰਗਤਾਂ ਵਲੋਂ ਗੁਰਬਾਣੀ ਵਿਚਾਰਾਂ ਨੂੰ ਸਰਵਣ ਕੀਤਾ ਗਿਆ।

ਨਗਰ ਕੀਰਤਨ ਦੀ ਆਰੰਭਤਾ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਹੋਈ। ਸੰਗਤਾਂ ਦੁਆਰਾ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ। ਨਗਰ ਕੀਰਤਨ ਮੌਕੇ ਵੱਖ-ਵੱਖ ਰਾਗੀ ਸਿੰਘਾਂ ਦੁਆਰਾ ਇਲਾਹੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਦਸਤਾਰ ਲਹਿਰ ਇਟਲੀ ਦੇ ਸੇਵਾਦਾਰਾਂ ਵੱਲੋਂ ਨੌਜਵਾਨਾਂ ਦੇ ਦਸਤਾਰਾਂ ਸਜਾਈਆ ਗਈਆਂ। ਇਸ ਮੌਕੇ ਭਾਰਤ ਦੀ ਧਰਤੀ ਤੋਂ ਵਿਸ਼ੇਸ਼ ਢਾਡੀ ਭਾਈ ਹਰਜਿੰਦਰ ਸਿੰਘ ਪਰਵਾਨਾ ਦੁਆਰਾ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ।

ਗੱਤਕਾ ਅਕੈਡਮੀ ਦੇ ਸਿੰਘਾਂ ਵੱਲੋਂ ਗਤਕੇ ਦੇ ਜੌਹਰ ਵਿਖਾਉਂਦੇ ਹੋਏ ਇਸ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਸੰਗਤਾਂ ਵੱਲੋਂ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸ਼ਾਮ ਨੂੰ ਨਗਰ ਕੀਰਤਨ ਸਟੇਡੀਅਮ ਵਿਖੇ ਸਮਾਪਤ ਹੋਇਆ । ਜਿੱਥੇ ਨਗਰ ਕੀਰਤਨ ਸੰਗਤਾਂ ਲਈ ਪੰਡਾਲ ਸਜਾਇਆ ਗਿਆ ਅਤੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਸਫ਼ਲਤਾ ਪੂਰਵਕ ਤੇ ਨਿਰਵਿਘਨ ਕਰਵਾਉਣ ਲਈ ਸਥਾਨਿਕ ਪੁਲਿਸ ਪ੍ਰਸ਼ਾਸਨ ਵੱਲੋਂ ਟਰੈਫ਼ਿਕ ਨੂੰ ਜਿਸ ਤਰ੍ਹਾਂ ਕੰਟਰੋਲ ਕੀਤਾ ਗਿਆ ਸੀ ਉਹ ਆਪਣੇ ਆਪ ਵਿੱਚ ਕਾਬਲੇ ਤਾਰੀਫ਼ ਸੀ।  

ਨਗਰ ਕੀਰਤਨ ਦੀ ਸਮਾਪਤੀ ਉੱਤੇ ਪ੍ਰਬੰਧਕ ਕਮੇਟੀ ਵੱਲੋਂ ਹੋਰਨਾਂ ਗੁਰਦੁਆਰਾ ਸਾਹਿਬ ਤੋ ਆਏ ਹੋਏ ਪ੍ਰਬੰਧਕ ਕਮੇਟੀਆਂ ਸੇਵਾਵਾਂ ਵਿੱਚ ਹਿੱਸਾ ਪਾਉਣ ਵਾਲਿਆਂ ਨੂੰ ਸਨਮਾਨ ਚਿੰਨ ਭੇਂਟ ਕੀਤੇ। ਇਸ ਮੌਕੇ ਕਰੇਮੋਨਾ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ। ਉਹਨਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਬੰਧਕੀ ਕਮੇਟੀ ਵੱਲੋਂ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆਂ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦੀ ਵਧਾਈ ਦਿੱਤੀ।