ਮਨ ਕਿਉ ਬੈਰਾਗੁ ਕਰਹਿਗਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹੇ ਮੇਰੇ ਮਨ ਤੂੰ ਉਸ ਰਿਜ਼ਕ ਦੀ ਖ਼ਾਤਰ ਕਿਉਂ ਸੋਚਾਂ ਸੋਚਦਾ ਰਹਿੰਦਾ ਹੈਂ ਜਿਸ ਤਕ ਅਪੜਾਉਣ ਲਈ ਪ੍ਰਮਾਤਮਾ ਆਪ ਲਗਿਆ ਪਿਆ ਹੈ?

Photo

ਮਨੁੱਖੀ ਸ੍ਰੀਰ ਤਾਂ ਇਕ ਕਾਗ਼ਜ਼ ਵਾਂਗ ਹੁੰਦਾ ਹੈ : ਕਾਇਆ ਕਾਗਦੁ ਮਨੁ ਪਰਵਾਣਾ॥ (ਅੰਗ 662) ਇਸ ਦੇ ਖਰੇ ਤੇ ਖੋਟੇ ਹੋਣ ਦਾ ਬਿਲਕੁਲ ਉਂਜ ਹੀ ਫ਼ਰਕ ਪੈਂਦਾ ਹੈ ਜਿਵੇਂ ਖਰੇ ਖੋਟੇ ਸਿੱਕੇ ਦਾ। ਮਨੁੱਖ ਦੇ ਮਨ ਦਾ ਹੀ ਅਸਲ ਰੋਲ ਹੁੰਦਾ ਹੈ। ਜਿਸ ਦਾ ਮਨ ਪਵਿੱਤਰ ਹੋਵੇ, ਉਹ ਇਨਸਾਨ ਖਰਾ ਅਖਵਾਉਂਦਾ ਹੈ।

ਮਨ ਨੂੰ ਚੰਚਲ ਕਿਉਂ ਕਿਹਾ ਜਾਂਦਾ ਹੈ? ਇਸ ਵਾਸਤੇ ਇਕ ਖੋਜ ਕੀਤੀ ਗਈ। ਕੁੱਝ ਬੰਦਿਆਂ ਨੂੰ ਇਕ ਕਮਰੇ ਵਿਚ ਆਹਰੇ ਲਗਾ ਕੇ ਰਖਿਆ ਗਿਆ ਤੇ ਉਨ੍ਹਾਂ ਦੇ ਦਿਮਾਗ਼ ਦੀ ਸਕੈਨਿੰਗ ਕੀਤੀ ਗਈ। ਉਸ ਤੋਂ ਤੁਰਤ ਬਾਅਦ ਸੱਭ ਨੂੰ ਇਕ ਸੌਖਾ ਸਵਾਲ ਪੁਛਿਆ ਗਿਆ। ਸਵਾਲ ਸੁਣਦੇ ਸਾਰ ਸਕੈਨਿੰਗ ਰਾਹੀਂ ਪਤਾ ਲੱਗਾ ਕਿ ਸੱਭ ਦੀ ਸੋਚਣ ਦੀ ਧਾਰਾ ਬਦਲ ਗਈ ਤੇ ਦਿਮਾਗ਼ ਦੇ ਪਹਿਲਾਂ ਕੰਮ ਕਰ ਰਹੇ ਹਿੱਸੇ ਵਲ ਜਾਂਦਾ ਲਹੂ ਇਕਦਮ ਦੂਜੇ ਪਾਸੇ ਵਲ ਤੁਰ ਪਿਆ ਤੇ ਉਨ੍ਹਾਂ ਸਾਰਿਆਂ ਦਾ ਧਿਆਨ ਹੋਰ ਪਾਸੇ ਖਿੱਚਿਆ ਗਿਆ।

ਇਹ ਕਿਆਸ ਲਗਾਇਆ ਗਿਆ ਕਿ ਸਵਾਲ ਪੁੱਛਣ ਉੱਤੇ ਪੂਰਾ ਦਿਮਾਗ਼ ਸਿਰਫ਼ ਉਸ ਦੇ ਜਵਾਬ ਲੱਭਣ ਵਲ ਰੁੱਝ ਜਾਂਦਾ ਹੈ ਤੇ ਹੋਰ ਸਾਰੇ ਖ਼ਿਆਲ ਪਾਸੇ ਰੱਖ ਦਿੰਦਾ ਹੈ। ਨੋਬਲ ਪ੍ਰਾਈਜ਼ ਵਿਜੇਤਾ ਹਰਬਰਟ ਸਾਈਮਨ ਨੇ ਸਪੱਸ਼ਟ ਕੀਤਾ ਹੈ ਕਿ ਜਿੰਨਾ ਔਖਾ ਸਵਾਲ ਹੋਵੇ, ਉਨਾ ਹੀ ਦਿਮਾਗ਼ ਉਸ ਵਿਚ ਖੁੱਭ ਜਾਂਦਾ ਹੈ ਤੇ ਹੋਰ ਪਾਸਿਉਂ ਨਕਾਰਾ ਹੋ ਜਾਂਦਾ ਹੈ।

ਮਿਸਾਲ ਵਜੋਂ ਜੇ ਕੋਈ ਇਕੋ ਸਮੇਂ ਕੰਪਿਊਟਰ ਉਤੇ ਈ-ਮੇਲ ਭੇਜਦਿਆਂ ਫ਼ੋਨ ਵੀ ਕਰੇ ਤੇ ਤੀਜੇ ਬੰਦੇ ਨੂੰ ਕਿਸੇ ਕੰਮ ਦੀ ਹਦਾਇਤ ਵੀ ਦੇ ਸਕਦਾ ਹੋਵੇ ਤਾਂ ਸਵਾਲ ਪੁੱਛੇ ਜਾਣ ਉਤੇ ਇਹ ਤਿੰਨੋ ਕੰਮ ਦਿਮਾਗ਼ ਪਿਛਾਂਹ ਸੁੱਟ ਕੇ ਇਕੋ ਜਵਾਬ ਲੱਭਣ ਵਲ ਕੇਂਦ੍ਰਿਤ ਹੋ ਜਾਂਦਾ ਹੈ। ਇਸ ਗੱਲ ਨੂੰ ਪੱਕਾ ਕਰਨ ਲਈ ਸੰਨ 1993 ਵਿਚ 40 ਹਜ਼ਾਰ ਲੋਕਾਂ ਨੂੰ ਖੋਜੀ ਵਿਕੀ ਮੌਰਵਿਜ਼, ਐਰਿਕ ਜੌਨਸਨ ਤੇ ਡੇਵਿਡ ਸ਼ਮਿਟਲੀਨ ਨੇ ਇਕ ਸਵਾਲ ਪੁਛਿਆ-ਕੀ ਤੁਸੀਂ ਅਗਲੇ ਛੇ ਮਹੀਨਿਆਂ ਵਿਚ ਕੋਈ ਕਾਰ ਖ਼ਰੀਦ ਰਹੇ ਹੋ?

ਇਸ ਸਵਾਲ ਦੇ ਪੁੱਛੇ ਜਾਣ ਦੇ ਬਾਅਦ ਕਾਰ ਡੀਲਰਾਂ ਨੇ ਦਸਿਆ ਕਿ ਉਨ੍ਹਾਂ ਦੀ ਸੇਲ 36 ਫ਼ੀ ਸਦੀ ਵੱਧ ਹੋ ਗਈ ਸੀ। ਗੱਲ ਕੁੱਝ ਅਜੀਬ ਜਹੀ ਸੀ। ਜਦੋਂ ਖੋਜੀਆਂ ਨੇ ਘੋਖਿਆ ਤਾਂ ਪਤਾ ਲਗਿਆ ਕਿ ਕਾਰਾਂ ਖ਼੍ਰੀਦਣ ਵਾਲੇ 35 ਫ਼ੀ ਸਦੀ ਤੋਂ ਵੱਧ ਉਹੀ ਲੋਕ ਸਨ ਜਿਨ੍ਹਾਂ ਨੂੰ ਕਾਰ ਖ਼੍ਰੀਦਣ ਬਾਰੇ ਸਵਾਲ ਪੁਛਿਆ ਗਿਆ ਸੀ। ਇਸ ਦਾ ਸਿੱਧਾ ਮਤਲਬ ਸੀ ਕਿ ਉਸ ਸਵਾਲ ਦੇ ਜਵਾਬ ਨੇ ਉਨ੍ਹਾਂ ਦੀ ਸੋਚ ਦਾ ਵੱਡਾ ਹਿੱਸਾ ਮਲ ਲਿਆ ਸੀ ਜੋ ਹੋਰ ਸੋਚਾਂ ਉਤੇ ਭਾਰੂ ਹੋ ਗਿਆ ਸੀ।

ਇਸੇ ਲਈ ਕਈਆਂ ਨੇ ਬਿਨਾਂ ਲੋੜ ਤੋਂ ਪੁਰਾਣੀ ਕਾਰ ਵੇਚ ਕੇ ਨਵੀਂ ਲੈ ਲਈ ਤੇ ਕੁੱਝ ਨੇ ਸਕੂਟਰ ਦੀ ਥਾਂ ਨਵੀਂ ਕਾਰ ਲੈਣ ਨੂੰ ਤਰਜੀਹ ਦਿਤੀ। ਇਸ ਖੋਜ ਨੂੰ ਆਧਾਰ ਬਣਾ ਕੇ ਨਿਕਲੇ ਨਤੀਜੇ ਜਰਨਲ ਆਫ਼ ਐਪਲਾਈਡ ਸਾਈਕੌਲੋਜੀ ਵਿਚ ਛਪੇ। ਉਸ ਤੋਂ ਬਾਅਦ ਢੇਰ ਸਾਰੇ ਲੋਕਾਂ ਨੂੰ ਇਹ ਪੁਛਿਆ ਗਿਆ ਸੀ ਕਿ ਕੀ ਉਹ ਵੋਟ ਪਾਉਣਗੇ? ਇਹ ਨੁਕਤਾ ਸਾਹਮਣੇ ਦਿਸਿਆ ਕਿ ਸਵਾਲ ਪੁੱਛਣ ਨਾਲ ਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਪਿਛਲੇ ਸਾਲਾਂ ਨਾਲੋਂ 25 ਫ਼ੀ ਸਦੀ ਵੱਧ ਹੋ ਗਈ ਸੀ।

ਸੰਨ 2008 ਵਿਚ ਬਲੱਡ ਬੈਂਕ ਵਾਲਿਆਂ ਨੇ ਇਸੇ ਖੋਜ ਨੂੰ ਆਧਾਰ ਬਣਾ ਕੇ ਲੋਕਾਂ ਨੂੰ ਖ਼ੂਨਦਾਨ ਬਾਰੇ ਪੁਛਿਆ ਕਿ ਕੀ ਉਹ ਲੋੜ ਪੈਣ ਉਤੇ ਕਿਸੇ ਨੂੰ ਖ਼ੂਨਦਾਨ ਕਰਨਗੇ? ਉਦੋਂ ਵੀ ਇਸ ਸਵਾਲ ਦੇ ਪੁੱਛਣ ਦੇ ਪੰਜ ਮਹੀਨਿਆਂ ਅੰਦਰ 8.6 ਫ਼ੀ ਸਦੀ ਵੱਧ ਲੋਕਾਂ ਨੇ ਖ਼ੂਨਦਾਨ ਕੀਤਾ। ਇਹੋ ਕੁੱਝ ਫਿਰ ਕੰਪਿਊਟਰ ਵੇਚਣ ਵਾਲੇ, ਕਸਰਤ ਦੇ ਸੰਦ ਵੇਚਣ ਵਾਲੇ ਤੇ ਬੀਮਾਰੀਆਂ ਤੋਂ ਬਚਾਅ ਕਰਨ ਵਾਲੀਆਂ ਟੀਕਾ ਕੰਪਨੀਆਂ ਨੇ ਕੀਤਾ।

ਇਸ਼ਤਿਹਾਰਾਂ ਵਿਚ ਕੁੱਝ ਇਹੋ ਜਹੇ ਸਵਾਲ ਪੁੱਛੇ ਜਾਂਦੇ-ਕੀ ਤੁਹਾਡੇ ਕੰਪਿਊਟਰ ਵਿਚ ਇਹ ਨਵੀਂ ਚੀਜ਼ ਹੈ, ਕੀ ਤੁਹਾਡਾ ਬੱਚਾ ਬੀਮਾਰੀਆਂ ਤੋਂ ਸੁਰੱਖਿਅਤ ਹੈ, ਕੀ ਤੁਸੀਂ ਅਪਣਾ ਸ੍ਰੀਰ ਕਸਰਤ ਕਰ ਕੇ ਨਾਮਵਰ ਹੀਰੋ ਵਰਗਾ ਬਣਾਉਣਾ ਚਾਹੁੰਦੇ ਹੋ, ਵਗੈਰਾ, ਵਗੈਰਾ। ਹਰ ਵਾਰ ਇਕੋ ਜਹੇ ਨਤੀਜੇ ਦਿਸੇ। ਹਰ ਸਵਾਲ ਤੋਂ ਬਾਅਦ ਵਿਕਰੀ ਵਧੀ ਹੋਈ ਲੱਭੀ।

ਹੁਣ ਤਕ ਵੱਡੀ ਗਿਣਤੀ ਕੰਪਨੀਆਂ ਅਪਣੀ ਵਿਕਰੀ ਵਧਾਉਣ ਲਈ ਇਹੋ ਜਹੇ ਸਵਾਲ ਹੀ ਵਰਤ ਰਹੀਆਂ ਹਨ-ਕੀ ਤੁਹਾਡੇ ਬਿਸਕੁਟ ਵਿਚ ਓਨੀ ਤਾਕਤ ਹੈ, ਕੀ ਤੁਹਾਡਾ ਬੱਚਾ ਓਨਾ ਸਮਝਦਾਰ ਹੈ, ਕੀ ਤੁਹਾਡਾ ਬੱਚਾ ਦੁਧ ਵਿਚ ਕੁੱਝ ਖ਼ਾਸ ਪਾ ਰਿਹਾ ਹੈ, ਕੀ ਤੁਹਾਡੀ ਰਸੋਈ ਵਿਚ ਚਿਮਨੀ ਹੈ, ਆਦਿ! ਅੱਜ ਤਕ ਇਹ ਨੁਕਤਾ ਸਫ਼ਲ ਸਾਬਤ ਹੁੰਦਾ ਰਿਹਾ ਹੈ।

ਇਸ ਪਿੱਛੇ ਗੱਲ ਇਹ ਹੈ ਕਿ ਸਵਾਲ ਇਕ ਗੰਢ ਵਾਂਗ ਦਿਮਾਗ਼ ਵਿਚ ਬਹਿ ਜਾਂਦਾ ਹੈ ਤੇ ਜਦ ਤਕ ਉਸ ਦਾ ਜਵਾਬ ਪੂਰਾ ਨਾ ਹੋਵੇ, ਉਹ ਉੱਥੋਂ ਹਿਲਦਾ ਨਹੀਂ। ਜੇ ਕਿਤੇ ਕੰਮ ਕਾਰ ਵਿਚ ਰੁਝਿਆਂ ਭੁੱਲ ਵੀ ਜਾਵੇ ਤਾਂ ਦੁਬਾਰਾ ਉਹੀ ਚੀਜ਼ ਦਿੱਸ ਜਾਣ ਉੱਤੇ ਸਵਾਲ ਰਵਾਂ ਹੋ ਜਾਂਦਾ ਹੈ ਤੇ ਮਨ ਨੂੰ ਜਵਾਬ ਤਿਆਰ ਕਰਨ ਲਈ ਉਕਸਾਉਂਦਾ ਹੈ। ਹੁਣ ਨਿੰਬੂ ਦੇ ਜੂਸ ਦੇ ਇਸ਼ਤਿਹਾਰ ਨੂੰ ਹੀ ਲਉ ਤੇ ਆਪ ਅਜ਼ਮਾ ਕੇ ਵੇਖੋ।

ਜਿਉਂ ਹੀ ਇਹ ਸਵਾਲ ਆਵੇ-ਕੀ ਤੁਸੀ ਇਸ ਸਵਾਦੀ ਨਿੰਬੂ ਪਾਣੀ ਨੂੰ ਚਖਿਆ ਹੈ? ਉਸੇ ਸਮੇਂ ਮੂੰਹ ਅੰਦਰ ਰਤੀ ਕੁ ਖਟਮਿੱਠਾ ਸੁਆਦ ਆ ਜਾਂਦਾ ਹੈ ਤੇ ਇਹੀ ਗਰਾਰੀ ਦਿਮਾਗ਼ ਅੰਦਰ ਅੜ ਜਾਂਦੀ ਹੈ ਕਿ ਨਿੰਬੂ ਪਾਣੀ ਪੀਤਾ ਜਾਵੇ। ਹੁਣ ਦੁਨੀਆਂ ਦੀ ਲਗਭਗ ਹਰ ਕੰਪਨੀ ਨੇ ਇਹੀ ਢੰਗ ਅਪਣਾ ਲਿਆ ਹੈ-ਕੀ ਤੁਸੀ ਇਹ ਵੇਖਿਆ, ਕੀ ਤੁਸੀ ਇਹ ਚੱਖਿਆ? ਕੀ ਤੁਸੀ ਇਹ ਸੋਚਿਆ? ਆਦਿ! ਹਰ ਕੰਪਨੀ ਨੇ ਦਿਮਾਗ਼ ਦਾ ਇਹ ਨੁਕਤਾ ਅਜ਼ਮਾ ਕੇ ਅਪਣੀ ਵਿਕਰੀ ਵਧਾ ਲਈ ਹੈ। ਇਥੋਂ ਤਕ ਕਿ ਇੰਸ਼ੋਰੈਂਸ ਨੀਤੀ ਵੀ ਪੁਛਦੀ ਹੈ-ਤੁਸੀ ਬਾਕੀਆਂ ਵਾਂਗ ਇੰਸ਼ੋਰੈਂਸ ਕਰਵਾਈ ਹੈ? ਤੁਹਾਡੇ ਪਿਆਰਿਆਂ ਦਾ ਤੁਹਾਡੇ ਬਾਅਦ ਕੌਣ ਖ਼ਿਆਲ ਰਖੇਗਾ?

ਹਾਵਰਡ ਯੂਨੀਵਰਸਟੀ ਨੇ ਵੀ ਘੋਖਿਆ ਕਿ ਜਿਵੇਂ ਹੀ ਕੁੱਝ ਵਿਦਿਆਰਥੀਆਂ ਨੂੰ ਪੁਛਿਆ ਗਿਆ ਕਿ ਜੇਕਰ ਤੁਹਾਡੇ ਮੋਟਰਸਾਈਕਲ ਵਿਚ ਇਹ ਫ਼ੀਚਰ ਹੁੰਦਾ ਹੈ ਤਾਂ ਤੁਸੀ ਕਿਵੇਂ ਵਰਤਦੇ? ਮੋਟਰਸਾਈਕਲਾਂ ਦੀ ਖ਼ਰੀਦ ਵੱਧ ਗਈ! ਯਾਨੀ ਸਿਰਫ਼ ਸਵਾਲ ਬਾਰੇ ਨਿਰਾ ਸੋਚਣ ਨਾਲ ਹੀ ਪੂਰਾ ਧਿਆਨ ਉਸ ਪਾਸੇ ਕੇਂਦ੍ਰਿਤ ਹੋ ਗਿਆ ਤੇ ਸ੍ਰੀਰਕ ਕੈਮਿਟਰੀ ਹੀ ਹਿੱਲ ਗਈ।

ਦਿਮਾਗ਼ ਦੇ ਫੰਕਸ਼ਨਲ ਐਮ.ਆਰ.ਆਈ. ਰਾਹੀਂ ਪਤਾ ਲਗਿਆ ਕਿ ਸਵਾਲ ਦਾ ਜਵਾਬ ਲਭਦਿਆਂ ਦਿਮਾਗ਼ ਵਿਚਲਾ ਰਿਵਾਰਡ ਸਿਸਟਮ ਵਾਲਾ ਹਿੱਸਾ ਰਵਾਂ ਹੋ ਗਿਆ ਸੀ ਤੇ ਉਸ ਪਾਸੇ ਵਲ ਜਾਂਦਾ ਵੱਧ ਲਹੂ ਹੀ ਦਿਮਾਗ਼ ਨੂੰ ਇਕ ਪਾਸੇ ਦੀ ਸੋਚ ਵਲ ਕੇਂਦ੍ਰਿਤ ਕਰ ਰਿਹਾ ਸੀ। ਇਸੇ ਲਈ ਖੋਜੀਆਂ ਨੇ ਤੱਥ ਕੱਢੇ ਕਿ ਕੰਪਨੀਆਂ ਵਿਚ ਕੰਮ ਕਰਦਿਆਂ ਨੂੰ ਕੰਮ ਵਲ ਵੱਧ ਪ੍ਰੇਰਿਤ ਕਰਨ ਲਈ ਹਰ ਪੰਦਰਾਂ ਦਿਨ ਜਾਂ ਮਹੀਨੇ ਬਾਅਦ ਜੇ ਇਕ ਫ਼ਾਰਮ ਭਰਨ ਲਈ ਦਿਤਾ ਜਾਵੇ ਜਿਸ ਵਿਚ ਸਵਾਲ ਪੁੱਛੇ ਹੋਣ-ਕੀ ਤੁਹਾਡੇ ਹਿਸਾਬ ਨਾਲ ਇਹ ਕੰਪਨੀ ਬਾਕੀ ਕੰਪਨੀਆਂ ਨਾਲੋਂ ਵਧੀਆ ਕੰਮ ਕਾਰ ਕਰ ਰਹੀ ਹੈ?- ਤਾਂ ਇਹ ਕਰਮਚਾਰੀ ਜ਼ਿਆਦਾ ਦੇਰ ਤਕ ਉਥੇ ਕੰਮ ਕਰਨ ਵਿਚ ਜੁਟੇ ਰਹਿੰਦੇ ਹਨ ਤੇ ਦੂਜੀ ਕੰਪਨੀ ਵਲ ਜਾਣ ਨੂੰ ਘੱਟ ਤਰਜੀਹ ਦਿੰਦੇ ਹਨ।

ਇਹੋ ਕੁੱਝ ਇਨਸਾਨੀ ਰਿਸ਼ਤਿਆਂ ਉਤੇ ਲਾਗੂ ਹੁੰਦਾ ਹੈ! ਰਿਸ਼ਤੇ ਡੂੰਘੇ ਕਰਨ ਲਈ ਸਿੱਧੇ ਤੌਰ ਉਤੇ ਕਹਿਣਾ-ਮੈਂ ਤੈਨੂੰ ਪਿਆਰ ਕਰਦਾ ਹਾਂ ਨਾਲੋਂ ਕੀ ਤੂੰ ਮੈਨੂੰ ਪਿਆਰ ਕਰਦੀ ਹੈਂ? ਵੱਧ ਅਸਰਦਾਰ ਸਾਬਤ ਹੋ ਚੁਕਿਆ ਹੈ। ਹੁਣ ਤਾਂ ਪਾਠਕ ਹੀ ਫ਼ੈਸਲਾ ਕਰੇ ਕਿ ਜੋ ਇਹ ਖੋਜ ਸਾਬਤ ਕਰ ਚੁੱਕੀ ਹੈ, ਕੀ ਉਨ੍ਹਾਂ ਨੇ ਕਦੇ ਅਪਣੇ ਉੱਤੇ ਇਹ ਅਜ਼ਮਾ ਕੇ ਵੇਖਿਆ ਹੈ ਜਾਂ ਨਹੀਂ?

ਜੇ ਸੱਭ ਕੁੱਝ ਸਮਝ ਆ ਗਈ ਹੋਵੇ ਤਾਂ ਰਤਾ ਇਸ ਪਾਸੇ ਵਲ ਧਿਆਨ ਕਰੀਏ ਕਿ ਇਹ ਖੋਜਾਂ ਤਾਂ ਹੁਣ ਸੰਭਵ ਹੋਈਆਂ ਹਨ ਪਰ ਗੁਰੂ ਅਰਜਨ ਸਾਹਬ ਨੂੰ ਉਦੋਂ ਹੀ ਕਿੰਨਾ ਡੂੰਘਾ ਗਿਆਨ ਸੀ-ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ॥ (ਪੰਨਾ-375) ਜਿਉਂ ਹੀ ਇਹ ਸਵਾਲ ਪੁਛਿਆ ਜਾਂਦਾ ਹੈ ਕਿ ਹੇ ਮਨ ਤੂੰ ਕਿਉਂ ਘਬਰਾਉਂਦਾ ਹੈਂ ਤਾਂ ਉਸੇ ਵੇਲੇ ਮਨ ਪ੍ਰਮਾਤਮਾ ਉਤੇ ਟੇਕ ਆਸਰਾ ਰੱਖ ਕੇ ਸਹਿਜ ਹੋ ਜਾਂਦਾ ਹੈ। ਹੁਣ ਇਸ ਸਵਾਲ ਵਲ ਵੀ ਧਿਆਨ ਕਰੋ:-
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ (ਪੰਨਾ-10, 495)

ਹੇ ਮੇਰੇ ਮਨ ਤੂੰ ਉਸ ਰਿਜ਼ਕ ਦੀ ਖ਼ਾਤਰ ਕਿਉਂ ਸੋਚਾਂ ਸੋਚਦਾ ਰਹਿੰਦਾ ਹੈਂ ਜਿਸ ਤਕ ਅਪੜਾਉਣ ਲਈ ਪ੍ਰਮਾਤਮਾ ਆਪ ਲਗਿਆ ਪਿਆ ਹੈ? ਹੋ ਗਿਆ ਨਾ ਮਨ ਸਹਿਜ! ਭਗਤ ਕਬੀਰ ਜੀ ਨੇ ਵੀ ਪੁਛਿਆ ਸੀ- ਕਿਉ ਰਲੀਆ ਮਾਨੈ ਬਾਝੁ ਭਤਾਰਾ॥ (ਪੰਨਾ 792)
ਕਾਏ ਰੇ ਮਨ ਬਿਖਿਆ ਬਨ ਜਾਇ॥ (ਪੰਨਾ 1252)
ਕਾਹੇ ਰੇ ਮਨ ਮੋਹਿ ਮਗਨੇਰੈ॥ (ਪੰਨਾ 1304)

ਅਜਿਹਾ ਗੁਰਬਾਣੀ ਵਿਚ ਕਿਤੇ ਇਕ ਵਾਰ ਸਬੱਬ ਨਾਲ ਨਹੀਂ ਹੋਇਆ। ਗੁਰੂ ਤੇਗ ਬਹਾਦਰ ਜੀ ਨੇ ਵੀ ਕਿੰਨਾ ਸਪੱਸ਼ਟ ਪੁਛਿਆ ਸੀ- ਕਾਹੇ ਰੇ ਬਨ ਖੋਜਨ ਜਾਈ (ਪੰਨਾ 684)
ਹੇ ਭਾਈ ਤੂੰ ਪ੍ਰਮਾਤਮਾ ਨੂੰ ਲੱਭਣ ਲਈ ਜੰਗਲਾਂ ਵਿਚ ਕਿਉਂ ਜਾਂਦਾ ਹੈਂ? ਮਨ ਆਪੇ ਹੀ ਸਮਝ ਜਾਂਦਾ ਹੈ ਕਿ ਪ੍ਰਮਾਤਮਾ ਤਾਂ ਸਭ ਦੇ ਅੰਦਰ ਹੀ ਵਸਦਾ ਹੈ।
ਭਗਤ ਨਾਮਦੇਵ ਜੀ ਨੇ ਵੀ ਉਚਾਰਿਆ- 
ਕਾਂਇ ਰੇ ਬਕਬਾਦੁ ਲਾਇਓ (ਪੰਨਾ 718)

ਹੇ ਭਾਈ ਰੱਬ ਨੇੜੇ ਹੈ ਕਿ ਦੂਰ ਬਾਰੇ ਕਿਉਂ ਵਿਅਰਥ ਬਹਿਸ ਕਰਦੇ ਹੋ? ਇਹ ਸਵਾਲ ਸੁਣਦੇ ਸਾਰ ਮਨ ਝਟਪਟ ਸੋਚਦਾ ਹੈ ਕਿ ਇਹ ਬਹਿਸ ਵਿਅਰਥ ਹੈ।
ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ (ਪੰਨਾ 792)
ਮੈਂ ਤੇਰੇ ਕਿਹੜੇ-ਕਿਹੜੇ ਗੁਣ ਬਿਆਨ ਕਰਾਂ? ਇਹ ਸਵਾਲ ਪੁਛਦੇ ਸਾਰ ਮਨ ਮੰਨ ਲੈਂਦਾ ਹੈ ਕਿ ਮੈਂ ਤਾਂ ਇਕ ਕੀੜਾ ਹਾਂ ਤੇ ਤੇਰੀ ਵਡਿਆਈ ਵੱਡੀ ਹੈ।
ਕਿਉਂ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ॥ (ਪੰਨਾ 792)

ਮੈਂ ਕਿਉਂ ਨਾ ਰੋ-ਰੋ ਕੇ ਮਰਾਂ ਜੇ ਪ੍ਰਮਾਤਮਾ ਮੇਰੇ ਚਿਤ ਵਿਚ ਨਹੀਂ? ਯਾਨੀ ਤੈਨੂੰ ਵਿਸਾਰ ਕੇ ਦੁੱਖਾਂ ਵਿਚ ਖੱਪੀਦਾ ਹੈ। ਲਫ਼ਜ਼ਾਂ ਤੇ ਖ਼ਿਆਲਾਂ ਦੀ ਸਾਂਝ ਬੇਮਿਸਾਲ ਹੈ ਜੋ ਮਨ ਨੂੰ ਜਕੜ ਲੈਂਦੀ ਹੈ। ਇਹ ਸਿਖਿਆ ਕਿੰਨੀ ਖ਼ੂਬਸੂਰਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਨੇਕ ਵਾਰ ਪਰੋਈ ਗਈ ਹੈ ਪਰ ਸਾਨੂੰ ਇਹ ਮੋਤੀ ਚੁਗਣੇ ਹਾਲੇ ਆਏ ਨਹੀਂ।
ਮਨ ਐਸਾ ਲੇਖਾ ਤੂੰ ਕੀ ਪੜਿਆ (ਪੰਨਾ 434)

ਗੁਰੂ ਅਮਰ ਦਾਸ ਜੀ ਨੇ ਵੀ ਇਹੀ ਸਵਾਲ ਪੁਛਿਆ ਹੈ ਕਿ ਅਜਿਹਾ ਲੇਖਾ ਪੜ੍ਹਨ ਦਾ ਕੀ ਲਾਭ ਜੇ ਜੀਵਨ ਦਾ ਸਹੀ ਰਸਤਾ ਨਾ ਲਭਿਆ? ਇਸ ਸਵਾਲ ਨੂੰ ਜੇ ਮਨ ਅੰਦਰ ਵਸਾ ਕੇ ਜਵਾਬ ਲਭਿਆ ਜਾਵੇ ਤਾਂ ਦੱਸੋ ਕਿਹੜਾ ਮਨੁੱਖ ਸਹੀ ਰਾਹ ਨਹੀਂ ਤੁਰੇਗਾ? ਅਫ਼ਸੋਸ ਸਿਰਫ਼ ਏਨਾ ਹੈ ਕਿ ਬਾਣੀ ਨੂੰ ਸਮਝਣ ਦੀ ਬਜਾਏ ਅਸੀ ਇਸ ਨੂੰ ਰੱਟੂ ਤੋਤੇ ਵਾਂਗ ਪੜ੍ਹ ਕੇ ਕਰਾਮਾਤ ਭਾਲਣ ਲੱਗ ਪੈਂਦੇ ਹਾਂ। ਗ਼ਲਤੀ ਸਾਡੀ ਹੀ ਹੈ! ਹਾਲੇ ਵੀ ਵੇਲਾ ਹੈ ਸੰਭਲ ਜਾਈਏ ਤਾਂ ਮਨ ਸਾਡੇ ਕਾਬੂ ਵਿਚ ਹੋ ਸਕਦਾ ਹੈ, ਨਹੀਂ ਤਾਂ ਅਸੀ ਮਨ ਪਿੱਛੇ ਬੇਕਾਬੂ ਹੋ ਕੇ ਅਪਣੀਆਂ ਵਧਦੀਆਂ ਲੋੜਾਂ ਨਾਲ ਚਿੰਤਾ ਗ੍ਰਸਤ ਹੋ ਕੇ ਦੁਖੀ ਹੁੰਦੇ ਰਹਾਂਗੇ!

ਪਖੰਡਾਂ ਨੂੰ ਤਿਆਗ ਰੋਜ਼ ਦੇ ਕੰਮ ਕਾਰ ਕਰਦਿਆਂ ਵੀ ਰੱਬ ਨੂੰ ਪਾਇਆ ਤੇ ਧਿਆਇਆ ਜਾ ਸਕਦਾ ਹੈ ਤੇ ਅਪਣੇ ਮਨ ਅੰਦਰਲੇ ਵਲਵਲੇ ਆਪੇ ਹੀ ਸ਼ਾਂਤ ਵੀ ਕੀਤੇ ਜਾ ਸਕਦੇ ਹਨ। ਗੁਰਬਾਣੀ ਵਿਚ ਸਮਝਾਇਆ ਗਿਆ ਹੈ ਕਿ ਕਾਜ਼ੀ ਜੇ ਰਿਸ਼ਵਤ ਖ਼ਾਤਰ ਝੂਠ ਬੋਲਦਾ ਹੈ ਤੇ ਹਰਾਮ ਦਾ ਮਾਲ ਖਾਂਦਾ ਹੈ, ਬ੍ਰਾਹਮਣ ਜੇ ਕਰੋੜਾਂ ਨੂੰ ਸ਼ੂਦਰ ਆਖ ਕੇ ਲੋਕਾਂ ਨੂੰ ਦੁਖੀ ਕਰ ਕੇ ਤੀਰਥ ਇਸ਼ਨਾਨ ਕਰਦਾ ਹੈ ਤੇ ਜੋਗੀ ਵੀ ਜੀਵਨ ਜਾਚ ਨਹੀਂ ਜਾਣਦਾ ਤਾਂ ਅੰਨ੍ਹਾ ਹੈ। ਅਜਿਹੇ ਤਿੰਨੋਂ ਦੇ ਮਨ ਸ਼ੁੱਧ ਨਹੀਂ ਤੇ ਆਤਮਕ ਜੀਵਨ ਵਲੋਂ ਸੁੰਨ ਹੀ ਸੁੰਨ ਹੈ ਤਾਂ ਹੋਰ ਲੋਕ ਕਿਵੇਂ ਉਥੇ ਪਹੁੰਚ ਕੇ ਮਨ ਦੀ ਸ਼ਾਂਤੀ ਮਹਿਸੂਸ ਕਰ ਸਕਦੇ ਹਨ?

ਕਾਦੀ ਕੂੜੁ ਬੋਲਿ ਮਲੁ ਖਾਇ (ਅੰਗ 662)
ਅੱਗੇ ਤੋਂ ਕਦੇ ਦੁਖੀ ਮਹਿਸੂਸ ਕਰਦੇ ਹੋਵੇ ਤਾਂ ਸਿਰਫ਼ ਮਨ ਨੂੰ ਸਵਾਲ ਪੁੱਛਿਉ ਕਿ ਕੀ ਮੈਂ ਖ਼ੁਸ਼ ਮਹਿਸੂਸ ਕਰ ਸਕਦਾ ਹਾਂ-ਫਿਰ ਤੁਰਤ ਤਬਦੀਲੀ ਮਹਿਸੂਸ ਕਰ ਸਕਦੇ ਹੋ! ਜੇ ਕਦੇ ਔਖੇ ਸਮੇਂ ਵਿਚੋਂ ਲੰਘ ਰਹੇ ਹੋਵੇ ਤਾਂ ਵੀ ਅਪਣੇ ਮਨ ਨੂੰ ਸਵਾਲ ਪੁੱਛ ਕੇ ਸਹਿਜ ਹੋ ਸਕਦੇ ਹੋ-ਕੀ ਕਦੇ ਮੇਰੇ ਤੋਂ ਇਲਾਵਾ ਕਿਸੇ ਹੋਰ ਉਤੇ ਮੁਸੀਬਤ ਕਦੇ ਨਹੀਂ ਆਈ।

ਡਾ. ਹਰਸ਼ਿੰਦਰ ਕੌਰ
ਸੰਪਰਕ : 0175-2216783