ਤਨਖਾਹੀਆਂ ਧਮਿੰਦਰ ਸਿੰਘ ਦਾ SGPC 'ਤੇ ਇਲਜ਼ਾਮ: ਈ-ਮੇਲ ਰਾਹੀਂ ਭੇਜਿਆ ਜਵਾਬ, ਪੇਸ਼ ਨਾ ਹੋਣ ਲਈ ਮੰਗੀ ਮੁਆਫ਼ੀ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਧਮਿੰਦਰ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਜਥੇਦਾਰਾਂ ਅੱਗੇ ਪੇਸ਼ ਨਾ ਹੋਣ 'ਤੇ ਆਪਣੀ ਬੇਵਸੀ ਜ਼ਾਹਰ ਕੀਤੀ ਹੈ।

Thaminder Singh Anand

 

ਅੰਮ੍ਰਿਤਸਰ - ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਨਲਾਈਨ ਗਲਤੀਆਂ ਨਾਲ ਪ੍ਰਕਾਸ਼ਿਤ ਕਰਨ ਲਈ ਤਨਖਾਹੀਆਂ ਕਰਾਰ ਦਿੱਤੇ ਗਏ ਧਮਿੰਦਰ ਸਿੰਘ ਆਨੰਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ‘ਤੇ ਨਿਸ਼ਾਨਾ ਸਾਧਿਆ ਹੈ। ਅਮਰੀਕਾ 'ਚ ਵਸੇ ਧਮਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਈ-ਮੇਲ ਰਾਹੀਂ ਜਵਾਬ ਭੇਜਿਆ ਹੈ। ਧਮਿੰਦਰ ਨੇ ਆਪਣੀ ਗੈਰ-ਹਾਜ਼ਰੀ ਲਈ ਮੁਆਫੀ ਵੀ ਮੰਗ ਲਈ ਹੈ।

 

ਅਮਰੀਕਾ ਵਿਚ ਰਹਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਨਲਾਈਨ ਪ੍ਰਕਾਸ਼ ਕਰਨ ਵਾਲੇ ਧਮਿੰਦਰ ਸਿੰਘ ਆਨੰਦ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ 1952 ਵਿਚ ਪ੍ਰਕਾਸ਼ਿਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਚ 700 ਤੋਂ ਵੱਧ ਗਲਤੀਆਂ ਹੋਈਆਂ ਹਨ। ਇਹ ਗਲਤੀਆਂ ਹੁਣ 5,000 ਤੋਂ ਵੱਧ ਹੋ ਗਈਆਂ ਹਨ। ਇਨ੍ਹਾਂ ਨੂੰ ਸੁਧਾਰਨ ਲਈ ਸਮੇਂ-ਸਮੇਂ 'ਤੇ ਵੱਖ-ਵੱਖ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ, ਜਿਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਗਲਤੀਆਂ ਨੂੰ ਸਵੀਕਾਰ ਕੀਤਾ ਹੈ।

ਦੱਸ ਦਈਏ ਕਿ ਧਮਿੰਦਰ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਜਥੇਦਾਰਾਂ ਅੱਗੇ ਪੇਸ਼ ਨਾ ਹੋਣ 'ਤੇ ਆਪਣੀ ਬੇਵਸੀ ਜ਼ਾਹਰ ਕੀਤੀ ਹੈ। ਧਮਿੰਦਰ ਸਿੰਘ ਆਨੰਦ ਨੇ ਆਪਣੇ ਜਵਾਬ ਵਿਚ ਲਿਖਿਆ ਹੈ ਕਿ ਬਦਕਿਸਮਤੀ ਨਾਲ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਉਹ ਨਹੀਂ ਪਹੁੰਚ ਸਕੇ। ਉਸ ਦੇ ਡਾਕਟਰ ਨੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਯਾਤਰਾ ਕਰਨ 'ਤੇ ਪਾਬੰਦੀ ਲਗਾਈ ਹੈ। 

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਧਮਿੰਦਰ 'ਤੇ ਟਿੱਪੀਆਂ, ਬਿੰਦੀ ਅਤੇ ਵਿਸ਼ਰਾਮ ਚਿੰਨ੍ਹ ਬਦਲ ਕੇ ਗੁਰਬਾਣੀ ਦਾ ਆਨਲਾਈਨ ਪ੍ਰਕਾਸ਼ਨ ਕਰਨ ਦੇ ਦੋਸ਼ ਲਾਏ ਸਨ, ਜਿਸ ਨੂੰ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ ਮਰਿਆਦਾ ਦੀ ਉਲੰਘਣਾ ਕਰਾਰ ਦਿੱਤਾ ਹੈ। 3 ਮਈ ਨੂੰ ਸਿੱਖ ਜਥੇਦਾਰਾਂ ਨੇ ਮੀਟਿੰਗ ਕਰਕੇ ਧਮਿੰਦਰ ਸਿੰਘ ਆਨੰਦ ਨੂੰ ਤਨਖਾਹੀਆਂ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਉਸ ਨੂੰ ਇੱਕ ਮਹੀਨੇ ਵਿੱਚ ਅਕਾਲ ਤਖ਼ਤ ’ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ।