ਸਿੱਖ ਰੀਲੀਫ਼ ਯੂ ਕੇ ਨੇ ਫੜ੍ਹੀ ਪੀੜਤ ਸਿੱਖ ਪਰਵਾਰ ਦੀ ਬਾਂਹ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੰਦੀ ਸਿੰਘਾਂ ਦੀ ਭਲਾਈ ਲਈ ਕੰਮ ਕਰ ਰਹੀ ਜਥੇਬੰਦੀ 'ਸਿੱਖ ਰੀਲੀਫ਼ ਯੂ ਕੇ' ਨੇ ਭਾਰਤੀ ਹਕੂਮਤ ਦਾ ਸ਼ਿਕਾਰ ਅਤੇ ਚਾਰ ਸਾਲ ਜੇਲ 'ਚ ਨਜ਼ਰਬੰਦ ....

Bibi Manmeet Kaur With family of J & K

ਕੋਟਕਪੂਰਾ : ਬੰਦੀ ਸਿੰਘਾਂ ਦੀ ਭਲਾਈ ਲਈ ਕੰਮ ਕਰ ਰਹੀ ਜਥੇਬੰਦੀ 'ਸਿੱਖ ਰੀਲੀਫ਼ ਯੂ ਕੇ' ਨੇ ਭਾਰਤੀ ਹਕੂਮਤ ਦਾ ਸ਼ਿਕਾਰ ਅਤੇ ਚਾਰ ਸਾਲ ਜੇਲ 'ਚ ਨਜ਼ਰਬੰਦ ਰਹਿਣ ਵਾਲੀ ਬੀਬੀ ਮਨਮੀਤ ਕੌਰ ਜੰਮੂ ਦੇ ਪਰਵਾਰ ਦੇ ਮੁੜਵਸੇਬੇ ਲਈ ਟਰੱਕ ਲੈ ਕੇ ਦਿਤਾ ਹੈ ਤਾਕਿ ਪਰਵਾਰ ਅਪਣੇ ਪੈਰਾਂ 'ਤੇ ਖੜਾ ਹੋ ਕੇ ਗੁਜ਼ਾਰਾ ਕਰ ਸਕੇ ਤੇ ਰੋਜ਼ੀ-ਰੋਟੀ ਦਾ ਮੁਥਾਜ ਨਾ ਰਹੇ। 

ਜ਼ਿਕਰਯੋਗ ਹੈ ਕਿ ਸਿੱਖ ਰੀਲੀਫ਼ ਯੂ ਕੇ ਵਲੋਂ ਜਿਥੇ ਜੇਲਾਂ 'ਚ ਨਜ਼ਰਬੰਦ ਬੰਦੀ ਸਿੰਘਾਂ ਦੇ ਮਾਮਲਿਆਂ ਦੀ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ, ਜੇਲਾਂ 'ਚ ਬੰਦ ਸਿੱਖਾਂ ਦੇ ਕਈ ਪਰਵਾਰਾਂ ਨੂੰ ਮਹੀਨਾਵਾਰ ਖ਼ਰਚਾ ਭੇਜਦੀ ਹੈ, ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਤੇ ਦੁਖ-ਸੁਖ ਵੇਲੇ ਡਾਕਟਰੀ ਇਲਾਜ ਅਤੇ ਬੱਚਿਆਂ ਦੇ ਵਿਆਹ ਸਮਾਗਮਾਂ ਮੌਕੇ ਉਕਤ ਪਰਵਾਰਾਂ ਦੀ ਮਦਦ ਕਰਦੀ ਹੈ, ਉਥੇ ਸਿੰਘਾਂ ਦੀ ਰਿਹਾਈ ਉਪਰੰਤ ਉਨ੍ਹਾਂ ਦੇ ਮੁੜ ਵਸੇਬੇ ਲਈ ਰੁਜ਼ਗਾਰ ਦੇ ਸਾਧਨ ਬਣਾਉਣ 'ਚ ਵੀ ਮਦਦ ਕਰਦੀ ਹੈ।

ਬੀਬੀ ਮਨਮੀਤ ਕੌਰ ਜੰਮੂ ਨੂੰ ਦਿੱਲੀ ਦੀ ਸਪੈਸ਼ਲ ਸੈੱਲ ਪੁਲਿਸ ਨੇ ਸਾਲ 2000 ਵਿਚ ਅਸਲਾ ਕਾਨੂੰਨ, ਬਾਰੂਦ ਅਤੇ ਭਾਰਤ ਵਿਰੋਧੀ ਕਾਰਵਾਈਆਂ ਵਿਚ ਸ਼ਾਮਲ ਹੋਣ ਦੇ ਝੂਠੇ ਕੇਸ ਵਿਚ ਗ੍ਰਿਫ਼ਤਾਰ ਕਰ ਕੇ 17 ਦਿਨ ਅੰਨ੍ਹਾਂ ਤਸ਼ੱਦਦ ਕੀਤਾ ਸੀ।  ਸਿੱਖ ਰੀਲੀਫ਼ ਯੂ ਕੇ ਦੇ ਸੇਵਾਦਾਰ ਅਮਨਦੀਪ ਸਿੰਘ ਬਾਜਾਖਾਨਾ ਅਨੁਸਾਰ 17 ਦਿਨਾਂ ਦੇ ਪੁਲਿਸ ਰੀਮਾਂਡ ਤੋਂ ਬਾਅਦ ਬੀਬੀ ਮਨਮੀਤ ਕੌਰ ਨੂੰ ਦਿੱਲੀ ਦੀ ਤਿਹਾੜ ਜੇਲ ਭੇਜ ਦਿਤਾ ਗਿਆ।  ਦਿੱਲੀ ਪੁਲਿਸ ਵਲੋਂ ਪਾਏ ਇਸ ਝੂਠੇ ਕੇਸ ਵਿਚੋਂ ਉਹ 4 ਸਾਲ ਬਾਅਦ ਬਰੀ ਹੋਣ 'ਤੇ ਰਿਹਾਅ ਹੋ ਗਏ।

ਦਿੱਲੀ ਦਾ ਕੇਸ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਕ ਹੋਰ ਕੇਸ ਵਿਚ ਇਕ ਮਹੀਨਾ ਪੰਜਾਬ ਜਲੰਧਰ ਜੇਲ ਵਿਚ ਵੀ ਬੰਦ ਰਹਿਣਾ ਪਿਆ ਪਰ ਇਥੇ ਹੀ ਬੱਸ ਨਹੀਂ, ਦਿੱਲੀ ਉਨ੍ਹਾਂ ਦਾ ਜੋ ਕੇਸ 2004 ਵਿਚ ਬਰੀ ਹੋਇਆ ਸੀ, ਦਿੱਲੀ ਪੁਲਿਸ ਨੇ ਉਸ ਬਰੀ ਹੋਏ ਕੇਸ ਵਿਰੁਧ 2005 ਵਿਚ ਦਿੱਲੀ ਹਾਈ ਕੋਰਟ ਵਿਚ ਅਪੀਲ ਪਾ ਦਿਤੀ। ਹਾਈ ਕੋਰਟ 'ਚ ਅਪਣੇ ਕੇਸ ਦੀ ਪੈਰਵੀ ਅਤੇ ਪੇਸ਼ੀਆਂ ਭੁਗਤਣ ਲਈ ਉਨ੍ਹਾਂ ਨੂੰ 5 ਸਾਲ ਜੰਮੂ ਤੋਂ ਦਿੱਲੀ ਆਉਣ-ਜਾਣ ਲਈ ਪ੍ਰੇਸ਼ਾਨ ਹੋਣਾ ਪਿਆ। ਅਖ਼ੀਰ ਹਾਈ ਕੋਰਟ ਦਿੱਲੀ ਵਲੋਂ ਵੀ ਬੀਬੀ ਮਨਮੀਤ ਕੌਰ ਬਰੀ ਕਰ ਦਿਤਾ ਗਿਆ।