ਗਿ. ਇਕਬਾਲ ਸਿੰਘ ਪਟਨਾ ਨੂੰ ਪੰਥ 'ਚੋਂ ਤੁਰਤ ਛੇਕੋ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਖੰਡ ਕੀਰਤਨ ਜੱਥੇ ਨੇ ਅਕਾਲ ਤਖ਼ਤ ਦੇ ਜਥੇਦਾਰ ਤੋਂ ਕੀਤੀ ਮੰਗ

Iqbal Singh

ਅੰਮ੍ਰਿਤਸਰ, 14 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਅਖੰਡ ਕੀਰਤਨੀ ਜਥੇ ਦੇ ਮੁੱਖ-ਸੇਵਾਦਾਰ ਬਖਸ਼ੀਸ਼  ਸਿੰਘ 31 ਮੈਂਬਰੀ ਵਿਸ਼ਵ ਵਿਆਪੀ ਕਮੇਟੀ, ਅਖੰਡ ਕੀਰਤਨ ਜੱਥਾ ਨੇ ਸਪੱਸ਼ਟ ਕੀਤਾ ਹੈ ਕਿ ਗਿ.ਇਕਬਾਲ ਸਿੰਘ ਦੀਆਂ ਪੰਥ ਵਿਰੋਧੀ ਸਰਗਰਮੀਆਂ ਤੋਂ ਸੁਚੇਤ ਕੀਤਾ ਗਿਆ ਸੀ ਪਰ ਉਸ ਨੂੰ ਸਮੇਂ ਸਿਰ ਪੰਥ 'ਚੋਂ ਨਾ ਛੇਕਣ ਕਾਰਨ ਅੱਜ ਸਿੱਖ-ਕੌਮ ਨਮੋਸ਼ੀ ਦਾ ਸਾਹਮਣਾ ਕਰ ਰਹੀ ਹੈ। ਇਹ ਸਿੱਖੀ ਦੇ ਭੇਖ ਵਿਚ ਮਹੰਤਨੁਮਾ ਆਦਮੀ ਸਿੱਖੀ ਦੀਆਂ ਜੜ੍ਹਾਂ ਪਿਛਲੇ ਲੰਮੇ ਸਮੇਂ ਤੋਂ ਕੱਟ ਰਿਹਾ ਹੈ ।
  ਅਫ਼ਸੋਸ ਕਿ ਕੌਮ ਦੀ ਬਹੁਤਾਤ ਗਿਣਤੀ, ਸਿੱਖੀ ਦੀ ਕਮਾਈ ਤੋਂ ਦੂਰ ਹੋਣ ਕਰ ਕੇ ਇਹ ਪਛਾਣ ਕਰਨ 'ਚ ਅਸਮਰਥ ਰਹੀ ਕਿ ਕੌਮਪ੍ਰਸਤ ਤੇ ਦੋਖੀ ਕੌਣ ਹੈ।

ਉਨ੍ਹਾਂ ਮੁਤਾਬਕ ਗਿ. ਇਕਬਾਲ ਸਿੰਘ ਨੇ ਵਿਵਾਦਤ ਰਾਮ-ਮੰਦਰ ਦੀ ਉਸਾਰੀ ਤੇ ਜਾ ਕੇ ਇੱਕ ਗਿਣੀ-ਮਿਣੀ ਸਾਜਸ਼ ਤਹਿਤ ਸਿੱਖਾਂ ਨੂੰ ਰਾਮ-ਚੰਦਰ ਦੀ ਵੰਸ਼ਜ਼ ਦਸਿਆ ਹੈ। ਉਨ੍ਹਾਂ ਸਿੱਖ-ਪੰਥ ਨੂੰ ਜ਼ੋਰ ਦਿਤਾ ਕਿ ਇਸ ਭੇਖੀ ਨੂੰ ਤੁਰਤ ਸਿੱਖੀ 'ਚੋਂ ਤੁਰਤ ਬਰਖ਼ਾਸਤ ਕੀਤਾ ਜਾਵੇ ਨਹੀਂ ਤਾਂ ਗੰਭੀਰ ਸਿੱਟੇ ਭੁਗਤਣੇ ਪੈਣਗੇ। ਬਖ਼ਸ਼ੀਸ਼ ਸਿੰਘ ਨੇ ਇਕਬਾਲ ਸਿੰਘ ਦੇ ਕਾਰਨਾਮਿਆਂ ਤੋਂ ਜਾਣੂ ਕਰਵਾਂਉਦਿਆਂ ਕਿਹਾ ਕਿ ਇਹ ਸਿੱਖ ਵਿਰੋਧੀ ਜਮਾਤ ਆਰ.ਐਸ.ਐਸ ਦਾ ਬੇਹੱਦ ਕਰੀਬੀ ਹੈ। ਇਸ ਦੇ ਚਰਿੱਤਰ 'ਤੇ ਸੰਗੀਨ ਦੋਸ਼ ਲਗਦੇ ਰਹੇ ਹਨ।

ਇਹ ਵਿਅਕਤੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀਆਂ ਅਪਣੇ ਸੇਵਾ-ਕਾਲ ਦੌਰਾਨ ਦਿੰਦਾ ਰਿਹਾ। ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਮੇਤ ਹੋਰ ਪੰਥਕ-ਸ਼ਖ਼ਸੀਅਤਾਂ ਤੇ ਸ਼ਹੀਦਾਂ ਵਿਰੁਧ ਬੋਲਦਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਅਜਿਹੇ ਸਿੱਖ ਵਿਰੋਧੀ ਜਥੇਦਾਰ ਲਾ ਕੇ ਸਿੱਖੀ ਨੂੰ ਢਾਹ ਲਾਈ ਜਿਸ ਦਾ ਵਰਣਨ ਕਰਨਾ ਮੁਸ਼ਕਲ ਹੈ। ਭਾਈ ਬਖ਼ਸ਼ੀਸ਼ ਸਿੰਘ ਨੇ ਸਰਬੱਤ ਖ਼ਾਲਸਾ ਦੇ ਮੁਤਵਾਜੀ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਜਥੇਦਾਰ ਨੂੰ ਜ਼ੋਰ ਦਿਤਾ ਕਿ ਉਹ ਇਕਬਾਲ ਸਿੰਘ ਪਟਨਾ ਵਿਰੁਧ ਕਾਰਵਾਈ ਕਰ ਕੇ ਪੰਥ 'ਚੋਂ ਛੇਕਣ।