Panthak News: ਸਿੱਖਾਂ ਵਿਰੁਧ ਭੜਕਾਹਟ ਪੈਦਾ ਕਰਨ ਵਾਲੀ ਫ਼ਿਲਮ ਉਪਰ ਰੋਕ ਲੱਗੇ : ਸਰਬਜੀਤ ਸਿੰਘ ਖ਼ਾਲਸਾ
Panthak News: ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨਾਲ ਸਮਾਜ ਅੰਦਰ ਅਮਨ-ਕਾਨੂੰਨ ਦੀ ਸਥਿਤੀ ਖ਼ਰਾਬ ਹੋਣ ਦਾ ਖਦਸ਼ਾ ਹੈ।
Panthak News: ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਸੰਸਦ ਮੈਂਬਰ ਕੰਗਨਾ ਰਨੌਤ ਦੀ ਨਵੀਂ ਫ਼ਿਲਮ ‘ਐਮਰਜੈਂਸੀ’ ਵਿਚ ਸਿੱਖਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਕੇਂਦਰ ਸਰਕਾਰ ਨੂੰ ਫ਼ਿਲਮ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।
ਇਕ ਪ੍ਰੈਸ ਬਿਆਨ ’ਚ ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨਾਲ ਸਮਾਜ ਅੰਦਰ ਅਮਨ-ਕਾਨੂੰਨ ਦੀ ਸਥਿਤੀ ਖ਼ਰਾਬ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਫ਼ਿਲਮ ਅੰਦਰ ਸਿੱਖਾਂ ਨੂੰ ਵੱਖਵਾਦੀ ਜਾਂ ਦਹਿਸ਼ਤਗਰਦ ਵਜੋਂ ਫ਼ਿਲਮਾਇਆ ਗਿਆ ਹੈ ਤਾਂ ਇਹ ਇਕ ਡੂੰਘੀ ਸਾਜ਼ਸ਼ ਹੈ। ਉਨ੍ਹਾਂ ਕਿਹਾ, ‘‘ਸਿੱਖਾਂ ਪ੍ਰਤੀ ਹੋਰਨਾਂ ਕੌਮਾਂ ਅੰਦਰ ਨਫ਼ਰਤ ਪੈਦਾ ਕਰਨ ਲਈ ਇਹ ਫ਼ਿਲਮ ਇਕ ਮਨੋਵਿਗਿਆਨਕ ਹਮਲਾ ਹੈ, ਜਿਸ ਉੱਪਰ ਸਰਕਾਰ ਨੂੰ ਅਗਾਊਂ ਨੋਟਿਸ ਲੈਂਦਿਆਂ ਰੋਕ ਲਗਾਉਣੀ ਚਾਹੀਦੀ ਹੈ।’’
ਸੰਸਦ ਮੈਂਬਰ ਨੇ ਕਿਹਾ, ‘‘ਦੇਸ਼ ਅੰਦਰ ਸਿੱਖਾਂ ਉਪਰ ਨਫ਼ਰਤੀ ਹਮਲੇ ਹੋਣ ਦੀਆਂ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਅਜਿਹੇ ਵਿਚ ਇਹ ਫ਼ਿਲਮ ਸਿੱਖਾਂ ਪ੍ਰਤੀ ਨਫ਼ਰਤ ਫੈਲਾਉਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਇਸ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਫ਼ਿਲਮਾਂ ਰਾਹੀਂ ਪੂਰੀ ਤਰ੍ਹਾਂ ਉਜਾਗਰ ਨਹੀਂ ਕੀਤਾ ਗਿਆ ਪ੍ਰੰਤੂ ਸਿੱਖਾਂ ਨੂੰ ਬਦਨਾਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।’’