ਕਰਤਾਰਪੁਰ ਲਾਂਘੇ ਬਾਰੇ ਪਹਿਲੀ ਵਾਰ ਗੱਲਬਾਤ ਕਿਵੇਂ ਸ਼ੁਰੂ ਹੋਈ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਬੇ ਨਾਨਕ ਦੀ 'ਕਬਰ ਪਾਕਿਸਤਾਨ' ਵਿਚ ਹੋਣ ਦੀ ਗੱਲ ਸੁਣ ਕੇ ਪਾਕਿਸਤਾਨੀ ਹੈਰਾਨ ਰਹਿ ਗਏ ਤੇ ਲਾਂਘੇ ਦੀ ਗੱਲ ਸ਼ੁਰੂ ਹੋਈ.............

Shri Kartarpur Sahib

ਅੰਮ੍ਰਿਤਸਰ : ਸਿੱਖ ਵਿਦਵਾਨ ਬੀ.ਐਸ. ਗੁਰਾਇਆ ਨੇ ਕਰਤਾਰਪੁਰ ਲਾਂਘੇ ਬਾਰੇ ਦਸਿਆ ਕਿ 1971 ਦੀ ਜੰਗ ਤੋਂ ਪਹਿਲਾਂ ਕਰਤਾਰਪੁਰ ਦਾ ਪੰਜ ਮੰਜ਼ਲੀ ਗੁੰਬਦ ਨਜ਼ਰ ਆਇਆ ਕਰਦਾ ਸੀ। ਉਨ੍ਹਾਂ ਮੁਤਾਬਕ ਮਹਾਰਾਜਾ ਪਟਿਆਲਾ ਦੀਆਂ ਰਾਣੀਆਂ (ਕੈਪਟਨ ਅਮਰਿੰਦਰ ਸਿੰਘ ਦੀਆਂ ਦਾਦੀਆਂ) ਨਾਲ 1928-30 ਵਿਚ ਕਰਤਾਰਪੁਰ ਦੀ ਹੋਈ ਕਾਰਸੇਵਾ ਵਿਚ ਹਿੱਸਾ ਲਿਆ ਸੀ। ਲਗਭਗ ਉਨ੍ਹਾਂ ਹੀ ਦਿਨਾਂ ਵਿਚ ਦਰਿਆ ਰਾਵੀ ਤੇ ਦੋ ਮੰਜ਼ਲਾ ਪੁਲ ਬਣਿਆ ਸੀ। 1994 ਵਿਚ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਵਿਚ ਜਾਣ ਵਾਲੇ ਸ਼ਰਧਾਲੂ ਕੋਈ 3000 ਸਨ ਤੇ ਜਥੇ ਦੇ ਆਗੂ ਮਨਜੀਤ ਸਿੰਘ ਕਲਕੱਤਾ ਸਕੱਤਰ ਸ਼੍ਰੋਮਣੀ ਕਮੇਟੀ ਸਨ।

ਮੈਨੂੰ ਵੀ ਇਸ ਜਥੇ ਨਾਲ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਅਟਾਰੀ ਤੋਂ ਦੁਪਿਹਰ ਦੀ ਚਲੀ ਰੇਲ ਅਗਲੇ ਸਵੇਰੇ 4 ਵਜੇ ਪੰਜਾ ਸਾਹਿਬ ਪਹੁੰਚੀ। ਵੈਸਾਖੀ (14 ਅਪ੍ਰੈਲ 1994) ਨੂੰ ਬੇਨਜ਼ੀਰ ਭੁੱਟੋ ਸਰਕਾਰ ਦੇ ਵਜ਼ੀਰ ਸਰਦਾਰ ਫ਼ਤਹਿ ਮੁਹੰਮਦ ਹਸਨੀ (ਬਲੋਚ) ਤੇ ਔਕਾਫ਼ ਬੋਰਡ ਦੇ ਆਲਾ ਅਫ਼ਸਰ ਪੰਜਾ ਸਾਹਿਬ ਵਿਖੇ ਪਹੁੰਚੇ। ਹਸਨੀ ਜਦੋਂ ਸੰਗਤ ਨੂੰ ਸੰਬੋਧਨ ਕਰ ਰਿਹਾ ਸੀ ਤਾਂ ਉਨੂੰ ਕੋਈ ਵੀ ਸੁਣਨ ਨੂੰ ਤਿਆਰ ਸੀ। ਜ਼ਿਆਦਾ ਤਰ ਸੰਗਤ ਖੜੀ ਸੀ। ਮੈਂ ਕਲਕੱਤਾ ਸਾਹਿਬ ਨੂੰ ਸੁਚੇਤ ਕੀਤਾ ਕਿ ਇਹ ਅਗਲੇ ਦੀ ਬੇਇੱਜ਼ਤੀ ਹੋ ਰਹੀ ਹੈ। ਕੱਲਕਤੇ ਨੇ ਮੈਨੂੰ ਹੁਕਮ ਕਰ ਦਿਤਾ ਕਿ ਤੂੰ ਬਿਠਾ ਕੇ ਵੇਖ ਲੈ ਜੇ ਕੋਈ ਬਹਿੰਦਾ ਹੈ ਤਾਂ।

ਮੈਂ ਵਜ਼ੀਰ ਨੂੰ ਬੇਨਤੀ ਕਰ ਕੇ ਮਾਈਕ ਅਪਣੇ ਹੱਥ ਲਿਆ ਤੇ ਸੰਗਤ ਨੂੰ ਵਜ਼ੀਰ ਦੀ ਅਹਿਮੀਅਤ ਬਾਰੇ ਦਸਿਆ। ਸੰਗਤ ਬਹਿ ਗਈ ਤੇ ਬੜੇ ਪਿਆਰ ਸਤਿਕਾਰ ਨਾਲ ਪਾਕਿਸਤਾਨੀ ਵਜ਼ੀਰ ਦੀ ਗੱਲ ਸੁਣੀ। ਉਹ ਵਾਰ ਵਾਰ ਕਹਿ ਰਿਹਾ ਸੀ ਕਿ ਅਸੀ ਸਿੱਖਾਂ ਨਾਲ ਚੰਗੇ ਸਬੰਧ ਬਣਾਉਣ ਦੇ ਚਾਹਵਾਨ ਹਾਂ। ਮੈਂ ਉਸ ਅਫ਼ਸਰ ਦਾ ਨਾਂ ਭੁੱਲ ਚੁਕਾ ਹਾਂ ਜਿਸ ਨੇ ਕਰਤਾਰਪੁਰ ਬਾਰੇ ਬਹੁਤ ਦਿਲਚਸਪੀ ਵਿਖਾਈ। ਚਾਹ ਪਾਣੀ ਮੌਕੇ ਖੁਲ੍ਹੀਆਂ ਵੀਚਾਰਾਂ ਹੋ ਰਹੀਆਂ ਸਨ ਕਿ ਸਿੱਖਾਂ ਦੇ ਪਾਕਿਸਤਾਨ ਨਾਲ ਸਬੰਧ ਕਿਵੇਂ ਬੇਹਤਰ ਹੋਣ। ਉਥੇ ਦੋਵਾਂ ਕੌਮਾਂ ਦੇ ਖਰਵੇ ਇਤਿਹਾਸ 'ਤੇ ਵੀ ਝਾਤਾਂ ਮਾਰੀਆਂ ਜਾ ਰਹੀਆਂ ਸਨ।

ਸਿੱਖ ਜਥੇ 'ਚੋਂ ਇਕ ਜਣੇ ਨੇ ਖ਼ੁਦ ਹੀ ਟਿਪਣੀ ਕਰ ਦਿਤੀ ਕਿ ਹੁਣ ਸਿੱਖਾਂ ਨੂੰ ਸਮਝ ਆ ਗਈ ਹੈ ਕਿ ਹਕੂਮਤ ਕੁੱਝ ਹੋਰ ਹੁੰਦੀ ਹੈ ਤੇ ਮਜ਼੍ਹਬ ਕੁੱਝ ਹੋਰ। ਉਸ ਦਾ ਕਹਿਣਾ ਸੀ ਕਿ ਸਿੱਖ ਅੱਜ ਇੰਦਰਾ ਗਾਂਧੀ ਤੇ ਹਿੰਦੂਆਂ ਦਰਮਿਆਨ ਫ਼ਰਕ ਨੂੰ ਸਮਝਦੇ ਨੇ। ਅੱਜ ਸਿੱਖਾਂ ਨੂੰ ਪਤਾ ਲੱਗ ਚੁਕਾ ਹੈ ਕਿ ਔਰੰਗਜ਼ੇਬ ਤੇ ਆਮ ਮੁਸਲਮਾਨ ਵਿਚ ਫ਼ਰਕ ਹੁੰਦਾ ਹੈ। ਉਥੇ ਅਸਾਂ ਵੀ ਵੀਚਾਰ ਰੱਖੇ ਕਿ ਕਿਵੇਂ ਸਮਾਜਕ ਪੱਧਰ ਤੇ ਸਿੱਖ ਹਿੰਦੂਆਂ ਦੇ ਬਹੁਤ ਨੇੜੇ ਨੇ। ਰਿਸ਼ਤੇ ਨਾਤੇ, ਜੰਮਣਾ ਮਰਨਾ ਸਾਂਝਾ ਹੈ। ਪਰ ਮਜ਼੍ਹਬੀ ਵਿਚਾਰਧਾਰਾ ਇਸਲਾਮ ਦੇ ਕਾਫ਼ੀ ਨੇੜੇ ਹੈ।

ਇਸ ਮੌਕੇ ਅਸਾਂ ਸੁਝਾਅ ਦਿਤਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਮੁਸਲਮਾਨਾਂ ਕਬਰ ਹੈ ਉਹ ਵੀ ਸਿੱਖਾਂ ਨੂੰ ਵਿਖਾਇਆ ਕਰੋ। ਜਿਵੇਂ ਹੀ ਅਸਾਂ ਇਹ ਸੁਝਾਅ ਦਿਤਾ ਤਾਂ ਪਾਕਿਸਤਾਨੀ ਟੀਮ ਸੁਣ ਕੇ ਅਚੰਭੇ ਵਿਚ ਪੈ ਗਈ ਕਿ ਬਾਬੇ ਦੀ ਕਬਰ ਵੀ ਹੈਗੀ ਏ ਅਤੇ ਉਹ ਵੀ ਪਾਕਿਸਤਾਨ ਵਿਚ? ਸਾਡੇ ਕੋਲੋਂ ਸਾਰੀ ਤਫ਼ਸੀਲ ਉਨ੍ਹਾਂ ਹਾਸਲ ਕੀਤੀ। ਪਾਕਿਸਤਾਨੀਆਂ ਦੇ ਤਾਂ ਇਕ ਤਰ੍ਹਾਂ ਨਾਲ ਕੰਨ ਖੜੇ ਹੋ ਗਏ। ਉਦੋਂ ਕਰਤਾਰਪੁਰ ਸਾਹਿਬ ਇਮਾਰਤ ਦੀ ਹਾਲਤ ਖ਼ਰਾਬ ਸੀ। ਦੋ ਜੰਗਾਂ ਹੋਣ ਕਰ ਕੇ, ਬੁਲੰਦ ਗੁੰਬਦ ਢੱਠ ਚੁਕਾ ਸੀ। ਦਰਵਾਜ਼ੇ ਖਿੜਕੀਆਂ ਵੀ ਅਲੋਪ ਹੋ ਚੁਕੇ ਸਨ।

ਗੁਰਦੁਆਰਾ ਸਾਹਿਬ ਅੰਦਰ ਨਾਲ ਦੇ ਪਿੰਡ ਦੇ ਈਸਾਈ ਚਰਾਗ਼ ਬੱਤੀ ਕਰਦੇ ਸਨ। ਅਜੇ ਕੰਡਿਆਲੀ ਤਾਰ ਨਹੀਂ ਸੀ ਲੱਗੀ ਇਲਾਕੇ ਦੇ ਸਿਰਫਿਰੇ ਸ਼ਰਧਾਲੂ ਕਦੀ ਰਾਤ ਬਰਾਤੇ ਕਰਤਾਰਪੁਰ ਫੇਰਾ ਮਾਰ ਆਇਆ ਕਰਦੇ ਸਨ। ਪਿੰਡ ਭਗਠਾਣਾ ਬੋੜਾਂ ਵਾਲੇ ਦੇ ਬਾਵਾ ਸਿੰਘ ਜਦੋਂ ਰਾਤ ਉਥੇ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਜਿਸ ਤਰ੍ਹਾਂ ਸੰਤੋਖਿਆ ਹੋਇਆ ਸੀ ਉਹ ਉਸ ਤੋਂ ਬਰਦਾਸ਼ਤ ਨਾ ਹੋਇਆ ਤੇ ਚੁੱਪ-ਚੁਪੀਤੇ ਬੀੜ ਨੂੰ ਉਹ ਚੁਕ ਲਿਆਇਆ। ਪਾਕਿਸਤਾਨ ਨੇ ਤੁਰਤ 1995 ਅਤੇ 1997 ਵਿਚ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਕਰਵਾਈ। ਪਰ ਪੰਜ ਮੰਜ਼ਲੇ ਗੁੰਬਦ ਦੇ ਥਾਂ ਹੁਣ ਤਿੰਨ ਮੰਜ਼ਲਾ ਹੀ ਕਰ ਦਿਤਾ। 

ਇਸ ਤੋਂ ਬਾਅਦ ਜਦੋਂ ਵੀ ਜਥਾ ਜਾਏ ਤਾਂ ਔਕਾਫ਼ ਬੋਅਡ ਐਲਾਨ ਕਰਿਆ ਕਰੇ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਨੂੰ ਖੋਲ੍ਹਣ ਦਾ ਵੀਚਾਰ ਕਰ ਰਹੀ ਹੈ। ਉਨ੍ਹਾਂ ਨੇ ਇਥੋਂ ਤਕ ਵੀ ਇਸ਼ਾਰਾ ਦੇ ਦਿਤਾ ਕਿ ਇਸ ਤਕ ਖੁਲ੍ਹਾ ਲਾਂਘਾ ਵੀ ਬਣਾਇਆ ਜਾ ਸਕਦਾ ਹੈ। ਅਜਿਹੀ ਇਕ ਖ਼ਬਰ 1999 ਵਿਚ ਡੇਰਾ ਬਾਬਾ ਨਾਨਕ ਦੇ ਸੋਹਣ ਸਿੰਘ ਖਾਸਾਂਵਾਲੀ ਨੇ ਲਾਈ। ਪਰ ਕੋਈ ਵੀ ਸਿੱਖ ਲੀਡਰ ਇਸ ਪਾਸੇ ਧਿਆਨ ਨਹੀਂ ਸੀ ਦੇ ਰਿਹਾ। ਖ਼ਬਰ ਨੂੰ ਪੜ੍ਹਨ ਉਪਰੰਤ ਅਸੀ ਸਿੱਖ ਲੀਡਰਾਂ ਤਕ ਪਹੁੰਚ ਬਣਾਉਣੀ ਸ਼ੁਰੂ ਕੀਤੀ ਤਾਕਿ ਉਹ ਮੰਗ ਕਰਨ ਕਿ ਕਰਤਾਰਪੁਰ ਸਾਹਿਬ ਖੁਲ੍ਹਣਾ ਚਾਹੀਦਾ ਹੈ ਕਿਉਂਕਿ ਸਾਨੂੰ ਰਾਜਨੀਤਕ ਸਮਝ ਨਹੀਂ ਸੀ।

ਇਸ ਕਰ ਕੇ ਜ਼ਿਆਦਾ ਟੇਕ ਅਸਾਂ ਸਰਦਾਰ ਸਿਮਰਨਜੀਤ ਸਿੰਘ ਦੀ ਪਾਰਟੀ 'ਤੇ ਰੱਖੀ ਪਰ ਬਾਦਲ ਤੇ ਟੌਹੜਾ ਗਰੁਪਾਂ ਨੂੰ ਵੀ ਟੋਂਹਦੇ ਰਹੇ। ਫ਼ਰਵਰੀ 2001 ਵਿਚ ਅਕਾਲ ਤਖ਼ਤ ਸਾਹਿਬ 'ਤੇ ਕੋਈ ਬਾਦਲ ਵਿਰੋਧੀ ਇਕੱਠ ਹੋਇਆ ਸੀ। ਅਸੀ ਉਥੇ ਪਹੁੰਚ ਲੀਡਰਾਂ ਨਾਲ ਗੱਲ ਕਰਨੀ ਚਾਹੀ। ਪਰ ਕਿਤੇ ਦਾਲ ਗਲੀ ਨਾ। ਜੋੜਾਘਰ ਜਦੋਂ ਪਹੁੰਚੇ ਤਾਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨਾਲ ਮੇਲ ਹੋ ਗਿਆ। 30 ਮਾਰਚ ਨੂੰ ਫਿਰ ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਖੀ ਸੰਸਥਾ ਦਾ ਗਠਨ ਕੀਤਾ ਤੇ 14 ਅਪ੍ਰੈਲ 2001 ਨੂੰ ਡੇਰਾ ਬਾਬਾ ਨਾਨਕ ਇਕੱਠ ਕਰ ਕੇ ਪਹਿਲੀ ਅਰਦਾਸ ਕੀਤੀ ਗਈ।