ਕੇਂਦਰ ਸਰਕਾਰ 312 ਸਿੱਖਾਂ ਦੀ ਕਾਲੀ ਸੂਚੀ ਦੇ ਨਾਮ ਜਨਤਕ ਕਰੇ : ਪੀਰ ਮੁਹੰਮਦ/ਘੋਲੀਆ
ਆਖਿਆ! ਆਰਟੀਆਈ ਰਾਹੀਂ ਜਾਣਕਾਰੀ ਪ੍ਰਾਪਤ ਕਰ ਕੇ ਖ਼ਤਮ ਕਰਾਂਗੇ ਭੰਬਲਭੂਸਾ
ਕੋਟਕਪੂਰਾ : ਕੇਂਦਰ ਸਰਕਾਰ 312 ਸਿੱਖਾਂ ਦੀ ਕਾਲੀ ਸੂਚੀ ਵਿਚੋਂ ਹਟਾਏ ਗਏ ਨਾਮ ਜਲਦ ਜਨਤਕ ਕਰੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਇਕ ਸਾਂਝੇ ਬਿਆਨ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਦਿਆਂ ਕਿਹਾ ਕਿ ਕੇਂਦਰ ਦੇ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਵਿਦੇਸ਼ੀ ਸਿੱਖਾਂ ਦੀ ਕਾਲੀ ਸੂਚੀ ਨੂੰ ਰੱਦ ਕਰ ਕੇ 314 'ਚੋਂ 312 ਨਾਲ ਕਾਲੀ ਸੂਚੀ 'ਚੋਂ ਕੱਢ ਦਿਤੇ ਗਏ ਹਨ ਪਰ ਇਨ੍ਹਾਂ 312 ਨਾਵਾਂ ਵਾਲੀ ਸੂਚੀ ਅਜੇ ਤਕ ਜਾਰੀ ਨਹੀਂ ਕੀਤੀ ਗਈ, ਜੋ ਕਿ ਸਮੁੱਚੀ ਸਿੱਖ ਪੰਜਾਬੀ ਕੌਮ ਤੇ ਵਿਦੇਸ਼ 'ਚ ਵਸਦੇ ਉਨ੍ਹਾਂ ਸਾਰੇ ਨੌਜਵਾਨਾਂ ਨਾਲ ਕੋਝਾ ਮਜਾਕ ਹੈ, ਜਿੰਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਸਮੇਂ ਦੀਆਂ ਸਰਕਾਰਾਂ ਨੇ ਕਾਲੀ ਸੂਚੀ ਵਿਚੋਂ ਬਾਹਰ ਕੱਢਣ ਲਈ ਝੂਠੇ ਦਿਲਾਸੇ ਦਿਤੇ ਹਨ।
ਭਾਈ ਘੋਲੀਆ ਤੇ ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਸਿੱਖਾਂ ਦੀ ਕਾਲੀ ਸੂਚੀ ਵਿਚਲੇ ਨਾਮ ਗ੍ਰਹਿ ਵਿਭਾਗ ਵਲੋਂ ਹਾਲੇ ਤਕ ਜਨਤਕ ਨਹੀਂ ਕੀਤੇ ਗਏ। ਪੰਥਕ ਆਗੂਆਂ ਨੇ ਅੱਗੇ ਕਿਹਾ ਕਿ ਵਿਸ਼ਵ ਅਤੇ ਦੁਨੀਆਂ ਭਰ ਦੀਆਂ ਨਜਰਾਂ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੇ ਇੰਤਜਾਰ ਵਿਚ ਹਨ। ਇਨ੍ਹਾਂ ਨਾਮਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਲਈ ਉਹ ਜਲਦ ਹੀ ਆਰਟੀਆਈ ਰਾਹੀਂ ਜਾਣਕਾਰੀ ਮੰਗਣਗੇ ਤਾਂ ਜੋ ਇਸ ਸਬੰਧੀ ਪੈਦਾ ਹੋਇਆ ਭੰਬਲਭੂਸਾ ਤੁਰਤ ਖ਼ਤਮ ਹੋ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਦੇਰ ਆਏ ਦਰੁਸਤ ਆਏ ਵਾਲਾ ਫ਼ੈਸਲਾ ਲਿਆ ਹੈ ਪਰ 312 ਸਿੱਖਾਂ ਦੇ ਨਾਮ ਵੀ ਜਲਦ ਤੋਂ ਜਲਦ ਜਨਤਕ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਕਰਨ ਸਿੰਘ ਢਿੱਲੋਂ, ਗੁਰਮੁੱਖ ਸਿੰਘ ਸੰਧੂ ਅਤੇ ਲਖਵੀਰ ਸਿੰਘ ਰੰਡਿਆਲਾ ਆਦਿ ਵੀ ਹਾਜ਼ਰ ਸਨ।