Bhai Ghanaiya ji: ਸੇਵਾ ਤੇ ਸਿਮਰਨ ਦੇ ਪੁੰਜ ਭਾਈ ਘਨ੍ਹੱਈਆ ਜੀ
Bhai Ghanaiya ji: ਭਾਈ ਘਨ੍ਹੱਈਆ ਜੀ ਵਲੋਂ ਕੀਤੀ ਗਈ ਸੇਵਾ ਨੂੰ ਸਮਰਪਿਤ ‘ਮੱਲ੍ਹਮ-ਪੱਟੀ ਦਿਹਾੜਾ’ ਮਨਾਇਆ ਜਾਂਦਾ ਹੈ
Bhai Ghanaiya ji article in punjabi : ਮਨੁੱਖੀ ਸੇਵਾ ਦੇ ਮੋਢੀ, ਸੇਵਾ ਦੇ ਸਕੰਲਪ ਨੂੰ ਉਭਾਰਨ ਵਾਲੇ, ‘‘ਨਾ ਕੋ ਬੈਰੀ ਨਹੀਂ ਬਿਗਾਨਾ’’ ਦੇ ਸਿਧਾਂਤ ਨੂੰ ਮੰਨਣ ਵਾਲੇ ਸੇਵਾ ਤੇ ਸਿਮਰਨ ਦੇ ਪੁੰਜ, ਭਾਈ ਘਨ੍ਹੱਈਆ ਜੀ ਦੀ ਬਰਸੀ ਨੂੰ ‘ਮੱਲ੍ਹਮ-ਪੱਟੀ ਦਿਹਾੜਾ’ ਵਜੋਂ ਮਨਾਇਆ ਜਾਂਦਾ ਹੈ। ਹਰ ਸਾਲ 20 ਸਤੰਬਰ ਨੂੰ ਸਕੂਲਾਂ, ਕਾਲਜਾਂ ਤੇ ਉੱਚ ਸਿਖਿਆ ਸੰਸਥਾਵਾਂ ਵਿਚ ‘ਮਾਨਵ ਸੇਵਾ ਸੰਕਲਪ ਦਿਵਸ’ ਤਹਿਤ ਬੱਚਿਆਂ ਅਤੇ ਨੌਜਵਾਨਾਂ ਨੂੰ ਸੇਵਾ ਭਾਵਨਾ ਨਾਲ ਜੋੜਨ ਲਈ ਮੁਢਲੀ ਸਹਾਇਤਾ ਨਾਲ ਸਬੰਧਤ ਵੱਖ-ਵੱਖ ਸਰਗਰਮੀਆਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਉਹ ਕਿਸੇ ਵੀ ਹਾਦਸੇ ਜਾਂ ਆਫ਼ਤ ਮੌਕੇ ਅਪਣਾ ਫ਼ਰਜ਼ ਨਿਭਾ ਸਕਣ। ਸਿੱਖ ਧਰਮ ਦੇ ਇਤਿਹਾਸ ਵਿਚ ਭਾਈ ਘਨ੍ਹੱਈਆ ਜੀ ਨੂੰ ਮੁਢਲੀ ਸਹਾਇਤਾ ਦੇ ਬਾਨੀ ਮੰਨਿਆ ਗਿਆ ਹੈ।
ਉਹ 1704-05 ਵਿਚ ਜੰਗਾਂ ਦੌਰਾਨ ਜ਼ਖ਼ਮੀਆਂ ਨੂੰ ਬਿਨਾਂ ਵਿਤਕਰੇ ਦੇ ਪਾਣੀ ਪਿਲਾਉਣ ਦੀ ਸੇਵਾ ਕਰਦੇ ਸਨ। ਸਿੰਘਾਂ ਵਲੋਂ ਜਦੋਂ ਗੁਰੂ ਸਾਹਿਬ ਜੀ ਕੋਲ ਸ਼ਿਕਾਇਤ ਕੀਤੀ ਗਈ ਤਾਂ ਗੁਰੂੁ ਜੀ ਨੇ ਭਾਈ ਸਾਹਿਬ ਨੂੰ ਪੁਛਿਆ ਕਿ ਸੱਚ ਹੈ ਕਿ ਤੁਸੀ ਦੁਸ਼ਮਣ ਫ਼ੌਜਾਂ ਨੂੰ ਵੀ ਪਾਣੀ ਪਿਲਾ ਰਹੇ ਹੋ ਤਾਂ ਭਾਈ ਘਨ੍ਹੱਈਆ ਨੇ ਕਿਹਾ, ‘‘ਹਾਂ ਜੀ, ਗੁਰੂ ਪਾਤਸ਼ਾਹ ਜੀ! ਮੈਨੂੰ ਜੰਗ ਦੇ ਮੈਦਾਨ ਵਿਚ ਕੋਈ ਮੁਗ਼ਲ ਜਾਂ ਸਿੱਖ ਨਹੀਂ ਦਿਸਦਾ, ਮੈਂ ਸਿਰਫ਼ ਜ਼ਖ਼ਮੀਆਂ ਨੂੰ ਵੇਖਦਾ ਹਾਂ। ਉਨ੍ਹਾਂ ਵਿਚ ਮੈਨੂੰ ਇਕ ਪਰਮਾਤਮਾ ਹੀ ਨਜ਼ਰ ਆਉਂਦਾ ਹੈ।’’ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਸ਼ ਹੋ ਕੇ ਮੱਲ੍ਹਮ ਦੀ ਡੱਬੀ ਤੇ ਪੱਟੀ ਵੀ ਭਾਈ ਸਾਹਿਬ ਜੀ ਨੂੰ ਦੇ ਦਿਤੀ ਤੇ ਹੁਕਮ ਕੀਤਾ ਕਿ ‘‘ਭਾਈ ਘਨ੍ਹੱਈਆ ਜੀ ਤੁਸੀਂ ਅੱਜ ਤੋਂ ਮੱਲ੍ਹਮ-ਪੱਟੀ ਦੀ ਸੇਵਾ ਵੀ ਸੰਭਾਲ ਲਉ। ਪਾਣੀ ਪਿਲਾਉਣ ਦੇ ਨਾਲ-ਨਾਲ ਤੁਸੀ ਜ਼ਖ਼ਮੀਆਂ ਦੇ ਮਲ੍ਹਮ ਪੱਟੀ ਵੀ ਕਰ ਦਿਆ ਕਰੋ।’’
ਭਾਈ ਘਨ੍ਹੱਈਆ ਜੀ ਵਲੋਂ ਕੀਤੀ ਗਈ ਸੇਵਾ ਨੂੰ ਸਮਰਪਿਤ ‘ਮੱਲ੍ਹਮ-ਪੱਟੀ ਦਿਹਾੜਾ’ ਮਨਾਇਆ ਜਾਂਦਾ ਹੈ। ਅਜੋਕੇ ਸਮੇਂ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਹਾਦਸੇ-ਦੁਰਘਟਨਾਵਾਂ ਦਿਨੋਂ-ਦਿਨ ਵਧਦੇ ਹੀ ਜਾ ਰਹੇ ਹਨ। ਦੁਰਘਟਨਾ-ਗ੍ਰਸਤ ਹੋਏ ਵਿਅਕਤੀ ਨੂੰ ਮੌਕੇ ’ਤੇ ਮੱਲ੍ਹਮ-ਪੱਟੀ-ਮੁਢਲੀ ਸਹਾਇਤਾ ਦੇਣ ਦੇ ਗੁਰਾਂ ਉਤੇ ਗੁਣਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ।
ਮੁਢਲੀ ਸਹਾਇਤਾ ਦੇ ਉਦੇਸ਼
ਮੁਢਲੀ ਸਹਾਇਤਾ-ਫਸਟ-ਏਡ ਕਿਸੇ ਮਾਮੂਲੀ, ਗੰਭੀਰ ਬਿਮਾਰੀ ਜਾਂ ਸੱਟ ਤੋਂ ਪੀੜਤ ਕਿਸੇ ਵੀ ਵਿਅਕਤੀ ਨੂੰ ਦਿਤੀ ਜਾਣ ਵਾਲੀ ਪਹਿਲੀ ਤੇ ਤੁਰੰਤ ਸਹਾਇਤਾ ਹੈ ਜਿਸ ਦੀ ਦੇਖਭਾਲ ਜੀਵਨ ਨੂੰ ਸੁਰੱਖਿਅਤ ਰੱਖਣ, ਸਥਿਤੀ ਨੂੰ ਵਿਗਾੜਨ ਤੋਂ ਰੋਕਣ ਜਾਂ ਰਿਕਵਰੀ ਨੂੰ ਉਤਸ਼ਾਹਤ ਕਰਨ ਲਈ ਪ੍ਰਦਾਨ ਕੀਤੀ ਜਾਂਦੀ ਹੈ। ਫਸਟ-ਏਡ ਦਾ ਉਦੇਸ਼ ਕਿਸੇ ਯੋਗ ਮੈਡੀਕਲ ਮਾਹਰ ਦੇ ਪਹੁੰਚਣ ਤੋਂ ਪਹਿਲਾਂ ਮਰੀਜ਼ ਦੀ ਜਾਨ ਬਚਾਉਣਾ, ਦਰਦ ਨੂੰ ਘਟਾਉਣ ਲਈ ਕੋਸ਼ਿਸ਼ ਕਰਨਾ, ਜਲਦੀ ਸਿਹਤ ਨੂੰ ਮੁੜ ਵਾਪਸ ਪਾਉਣ ’ਚ ਮਦਦ ਕਰਨਾ ਅਤੇ ਹਾਲਾਤ ਹੋਰ ਖਰਾਬ ਹੋਣ ਤੋਂ ਬਚਾਉਣਾ ਹੁੰਦਾ ਹੈ। ਜਦੋਂ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਸਾਨੂੰ ਸ਼ਾਂਤ ਰਹਿ ਕੇ ਤੇ ਜ਼ਖ਼ਮੀ ਵਿਅਕਤੀ ਦੀ ਮਦਦ ਕਰਨ ਚਾਹੀਦੀ ਹੈ।
ਮੁਢਲੀ ਸਹਾਇਤਾ ਦੇ ਨਿਯਮ
ਸਭ ਤੋਂ ਪਹਿਲਾਂ ਵੇਖੋ ਕਿ ਵਿਅਕਤੀ ਨੂੰ ਕੀ ਹੋਇਆ ਹੈ। ਜ਼ਖ਼ਮੀ ਨੂੰ ਆਰਾਮ ਨਾਲ ਤਸੱਲੀ ਦਿਉ ਅਤੇ ਉਸ ਨੂੰ ਸੰਭਾਲੋ ਅਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਤੇ ਆਰਾਮ ਲਈ ਜਗ੍ਹਾ ਦਾ ਪ੍ਰਬੰਧ ਕਰੋ।
ਡਾਕਟਰ ਜਾਂ ਪੇਸ਼ੇੇਵਰ ਦਾ ਪ੍ਰਬੰਧ
ਮੈਡੀਕਲ ਸਹਾਇਤਾ ਲਈ ਕਿਸੇ ਡਾਕਟਰ ਜਾਂ ਪੇਸ਼ੇੇਵਰ ਦਾ ਜਲਦ ਪ੍ਰਬੰਧ ਕਰੋ, ਕਿਸੇ ਨੇੜੇ ਦੇ ਹਸਪਤਾਲ ਜਾਂ ਐਮਰਜੈਂਸੀ ਨੰਬਰ ’ਤੇ ਸਪੰਰਕ ਕਰੋ।
ਮੁਢਲੀ ਸਹਾਇਤਾ ਦਾ ਖੇਤਰ: ਮੁਢਲੀ ਸਹਾਇਤਾ ਦੇਣ ਮੌਕੇ ਵਖਰੇ-ਵਖਰੇ ਐਮਰਜੈਂਸੀ ਹਾਲਾਤ ਹੋ ਸਕਦੇ ਹਨ ਜਿਵੇਂ ਕਰੰਟ ਲਗਣਾ, ਸੱਪ ਦਾ ਡਸਣਾ, ਮਿਰਗੀ ਦਾ ਦੌਰਾ, ਜਲਣਾ, ਸੱਟ-ਫੇਟ, ਖ਼ੂਨ ਵਹਿਣਾ, ਹੱਡੀ ਟੁੱਟਣਾ, ਦਿਲ ਦਾ ਦੌਰਾ, ਸਾਹ ਔਖਾ ਆਉਣਾ ਆਦਿ ਹੋ ਸਕਦੇ ਹਨ।
ਮੁਢਲੀ ਸਹਾਇਤਾ ਕਿੱਟ: ਇਹ ਸਮਝਣਾ ਮਹੱਤਵਪੂਰਨ ਹੈ ਕਿ ਮੁਢਲੀ ਸਹਾਇਤਾ-ਫਸਟ-ਏਡ ਕੀ ਹੈ? ਤੁਹਾਨੂੰ ਫਸਟ-ਏਡ ਦੇਣ ਲਈ ਕੀ ਚਾਹੀਦਾ ਹੈ ਤਾਂ ਜੋ ਤੁਸੀਂ ਤੁਰੰਤ ਕਿਸੇ ਜ਼ਖ਼ਮੀ ਵਿਅਕਤੀ ਨੂੰ ਮੁਢਲੀ ਸਹਾਇਤਾ ਪ੍ਰਦਾਨ ਕਰ ਸਕੋ। ਮੁਢਲੀ ਸਹਾਇਤਾ ਇਕ ਬਿਮਾਰ ਅਤੇ ਜ਼ਖ਼ਮੀ ਵਿਅਕਤੀ ਨੂੰ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਤੋਂ ਪਹਿਲਾਂ ਦਿਤੀ ਜਾਂਦੀ ਹੈ। ਇਸ ਲਈ ਤੁਹਾਡੀ ਫਸਟ-ਏਡ ਕਿੱਟ ਜੋ ਤੁਹਾਡੀ ਪਹੁੰਚ ਜਾਂ ਤੁਹਾਡੇ ਵੀਹਕਲ ਵਿਚ ਹਮੇਸ਼ਾ ਹੋਣੀ ਚਾਹੀਦੀ ਹੈ। ਕਿੱਟ ਵਿਚ ਜ਼ਖ਼ਮ ਨੂੰ ਸਾਫ਼ ਕਰਨ ਲਈ ਕੋਈ ਰੋਗਾਣੂਨਾਸ਼ਕ ਰੂੰ ਅਤੇ ਪੱਟੀਆਂ ਹੋਣੀਆਂ ਚਾਹੀਦੀਆਂ ਹਨ। ਕੈਂਚੀ, ਡਾਕਟਰੀ ਤੌਰ ’ਤੇ ਮਨਜ਼ੂਰ ਰਖਣਯੋਗ ਕਰੀਮਾਂ, ਹੈਂਡ ਸੈਨੇਟਾਈਜ਼ਰ ਅਤੇ ਦਰਦ ਨਿਵਾਰਕ ਸਪਰੇਅ ਆਦਿ ਵੀ ਉਪਲਬਧ ਹੋਣੇ ਚਾਹੀਦੇ ਹਨ। ਦਿਲ ਦੇ ਦੌਰੇ ਜਾਂ ਸਟ੍ਰੋਕ ਦੀ ਸਥਿਤੀ ਵਿਚ ਸੀ.ਪੀ.ਆਰ. ਤਕਨੀਕ ਅਤੇ ਮਰੀਜ਼ ਦਾ ਸਾਹ ਰੁਕਣ ਤੇ ਬਣਾਉਟੀ ਸਾਹ ਦੇਣ ਦੀ ਮੁਕੰਮਲ ਜਾਣਕਾਰੀ ਵੀ ਹੋਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਤੁਹਾਡੇ ਕੋਲ ਹਸਪਤਾਲ ਦਾ ਐਮਰਜੈਂਸੀ ਫ਼ੋਨ ਨੰਬਰ, ਸੜਕ ਸੁਰੱਖਿਆ ਦਸਤੇ ਦਾ ਨੰਬਰ ਅਤੇ ਪੁਲਿਸ ਹੈਲਪ ਲਾਈਨ ਨੰਬਰ ਵੀ ਹੋਣਾ ਚਾਹੀਦਾ ਹੈ। ਅੱਜ ਦੇ ਦਿਹਾੜੇ ਨੂੰ ‘ਮਾਨਵ ਸੇਵਾ ਸਕੰਲਪ ਦਿਵਸ’ ਵਜੋਂ ਮਨਾਉਣ ਦਾ ਮਕਸਦ ਵੀ ਇਹੀ ਹੈ ਕਿ ਹਰ ਨਾਗਰਿਕ ਨੂੰ ਮੁਢਲੀ ਸਹਾਇਤਾ ਦੇ ਗੁਰ ਸਿਖ ਕੇ ਜਾਤ-ਪਾਤ ਅਤੇ ਧਰਮ ਦੀ ਪ੍ਰਵਾਹ ਕੀਤੇ ਬਿਨਾਂ ਸੇਵਾ ਕਾਰਜ ਲਈ ਤਿਆਰ ਰਹਿਣਾ ਚਾਹੀਦਾ ਹੈ। ਮਨੁੱਖਾਂ ਦੀ ਸੇਵਾ ਕਰਨੀ, ਅਸਲ ਵਿਚ ਮਨੁੱਖੀ ਗੁਣਾਂ ਦੀ ਨਿਸ਼ਾਨੀ ਹੈ। ਸੇਵਾ ਕਾਰਜ ਹੀ ਹੈ ਜੋ ਮਨੁੱਖੀ ਮਨ ਨੂੰ ਆਤਮਕ ਪੱਖੋਂ ਖ਼ੁਸ਼ਹਾਲ ਬਣਾਉਂਦਾ ਹੈ।
ਸੋ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਭਾਈ ਸਾਹਿਬ ਦੀ ਸੇਵਾ ਤੇ ਸਿਮਰਨ ਵਾਲੀ ਸਰਬ ਸਾਂਝੀਵਾਲਤਾ ਵਾਲੀ ਸੋਚ ਨੂੰ ਸੰਸਾਰ ਪੱਧਰ ’ਤੇ ਪ੍ਰਚਾਰਨ ਦੀ, ਤਦ ਹੀ ਅਸੀਂ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦੇ ਸਮਰਥ ਬਣ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਭਾਈ ਘਨ੍ਹੱਈਆ ਜੀ ਦੇ ਪਾਏ ਹੋਏ ਪੂਰਨਿਆਂ ’ਤੇ ਚੱਲ ਕੇ ਸੇਵਾ ਕਰਨ ਦੇ ਮਿਲੇ ਮੌਕਿਆਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਉਣਾ ਚਾਹੀਦਾ ਹੈ ।
ਮੋਬਾਈਲ : 98146-56257