ਪੰਥਕ ਵੋਟਰਾਂ ਦਾ ਧਿਆਨ ਵੀ ਬਾਦਲਾਂ ਨੂੰ ਆ ਗਿਆ ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਖ਼ਤਮ ਕਰਨ ਦੀਆਂ ਕਨਸੋਆਂ
ਅਗਾਮੀ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਲਈ ਬਾਦਲ ਪ੍ਰਵਾਰ ਹੋਇਆ ਸਰਗਰਮ
ਕੋਟਕਪੂਰਾ (ਗੁਰਿੰਦਰ ਸਿੰਘ) : ਪ੍ਰਵਾਸੀ ਭਾਰਤੀ, ਸਿੱਖ ਚਿੰਤਕ ਤੇ ਪੰਥਕ ਵਿਦਵਾਨ ਪਾਲ ਸਿੰਘ ਪੁਰੇਵਾਲ ਨੇ ਬਹੁਤ ਰੌਲਾ ਪਾਇਆ ਕਿ ਉਸ ਵਲੋਂ ਸਿੱਖਾਂ ਲਈ ਨਿਰੋਲ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਮੌਕੇ ਉਸ ਦੀ ਜ਼ਿੰਦਗੀ ਦਾ ਕਾਫ਼ੀ ਕੀਮਤੀ ਸਮਾਂ ਇਸ ਉਪਰ ਲੱਗਾ। ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਸਮੂਹ ਸਿੱਖ ਸੰਗਤਾਂ ਦੀ ਪ੍ਰਵਾਨਗੀ ਅਤੇ ਸਹਿਮਤੀ ਨਾਲ ਸਾਲ 2003 'ਚ ਨਾਨਕਸ਼ਾਹੀ ਕੈਲੰਡਰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ।
ਦੇਸ਼ ਵਿਦੇਸ਼ 'ਚ ਸੰਗਤਾਂ ਨੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜੇ ਮਨਾਉਣ ਲੱਗ ਪਈਆਂ ਤੇ ਫਿਰ ਅਚਾਨਕ 7 ਸਾਲ ਬਾਅਦ ਬਿਨਾਂ ਕੋਈ ਠੋਸ ਦਲੀਲ ਦਿਤਿਆਂ ਅਤੇ ਕੈਲੰਡਰ ਦੇ ਰਚੇਤਾ ਨਾਲ ਬਿਨਾਂ ਕੋਈ ਸਲਾਹ ਮਸ਼ਵਰਾ ਜਾਂ ਸੰਵਾਦ ਰਚਾਇਆ 2010 'ਚ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿਤਾ ਗਿਆ ਪਰ ਹੁਣ ਫਿਰ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਾਉਣ ਦੀਆਂ ਕਨਸੋਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
ਪ੍ਰੈੱਸ ਦੇ ਇਕ ਹਿੱਸੇ 'ਚ ਪ੍ਰਕਾਸ਼ਤ ਹੋਈ ਖ਼ਬਰ ਮੁਤਾਬਕ ਪਿਛਲੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਰਮਿਆਨ ਹੋਈ ਬੰਦ ਕਮਰਾ ਮੀਟਿੰਗ 'ਚ ਜਿਥੇ 328 ਲਾਪਤਾ ਪਾਵਨ ਸਰੂਪਾਂ ਸਮੇਤ ਹੋਰ ਪੰਥਕ ਮਸਲਿਆਂ ਦੇ ਨਾਲ-ਨਾਲ ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਖ਼ਤਮ ਕਰਨ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ।
ਸੂਤਰ ਦਸਦੇ ਹਨ ਕਿ ਅਗਾਮੀ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਨੂੰ ਮੁੱਖ ਰੱਖਦਿਆਂ ਬਾਦਲ ਪ੍ਰਵਾਰ ਵਲੋਂ ਪੰਥ ਵਿਰੋਧੀ ਸ਼ਕਤੀਆਂ ਅਰਥਾਤ ਡੇਰੇਦਾਰਾਂ ਤੋਂ ਫ਼ਿਲਹਾਲ ਕਿਨਾਰਾਕਸ਼ੀ ਕਰ ਕੇ ਅਕਾਲੀ ਦਲ ਦਾ ਸਰੂਪ ਫਿਰ ਪੰਥਕ ਬਣਾਉਣ ਅਤੇ ਪੰਥਕ ਵਿਵਾਦ ਸਮੇਟ ਕੇ ਵਧੇਰੇ ਸਿੱਖ ਸੰਗਤ ਨੂੰ ਨਾਲ ਜੋੜਨ ਦੀ ਰਣਨੀਤੀ ਬਣਾਈ ਜਾ ਰਹੀ ਹੈ।
ਗਿਆਨੀ ਗੁਰਬਚਨ ਸਿੰਘ ਵਲੋਂ ਬਤੌਰ ਮੁੱਖ ਜਥੇਦਾਰ ਅਕਾਲ ਤਖ਼ਤ ਸਾਹਿਬ 'ਰੋਜ਼ਾਨਾ ਸਪੋਕਸਮੈਨ' ਦੇ ਸੰਪਾਦਕ ਸ. ਜੋਗਿੰਦਰ ਸਿੰਘ ਨੂੰ ਖ਼ੁਦ ਫ਼ੋਨ ਕਰ ਕੇ ਇਹ ਮੰਨਣ ਕਿ ਤੁਹਾਡਾ ਤਾਂ ਕੋਈ ਕਸੂਰ ਨਹੀਂ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿੜ ਕੱਢਣ ਜਾਂ ਕਿਸੇ ਦੇ ਦਬਾਅ 'ਚ ਆ ਕੇ ਪਤਾ ਨਹੀਂ ਕਿਉਂ ਹੁਕਮਨਾਮਾ ਜਾਰੀ ਕੀਤਾ?
ਪਰ ਉਸ ਤੋਂ ਬਾਅਦ ਉਕਤ ਮਾਮਲੇ 'ਚ ਚਰਚਾ ਨਾ ਛੇੜਣ, ਆਚਰਣਹੀਣ ਕਾਰਵਾਈਆਂ ਕਾਰਨ ਪੰਥ 'ਚੋਂ ਛੇਕੇ ਗਏ ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਲੰਗਾਹ ਨੂੰ ਵਾਪਸ ਪੰਥ 'ਚ ਸ਼ਾਮਲ ਕਰਨ ਦੀ ਚਾਰਾਜੋਈ, ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਜਾਂ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਨਿਰਪੱਖ ਜਾਂਚ 'ਚ ਅੜਿੱਕੇ ਪਾਉਣ ਵਰਗੀਆਂ ਦਰਜਨ ਤੋਂ ਜ਼ਿਆਦਾ ਅਜਿਹੀਆਂ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੇ ਅਕਾਲੀ ਆਗੂਆਂ ਅਤੇ ਬਾਦਲਾਂ ਦੇ ਚਿਹਰੇ ਤੋਂ ਪੰਥਕ ਮੁਖੌਟਾ ਲਾਹੁਣ 'ਚ ਅਹਿਮ ਭੂਮਿਕਾ ਨਿਭਾਈ।
'ਰੋਜ਼ਾਨਾ ਸਪੋਕਸਮੈਨ' ਦੇ ਇਨ੍ਹਾਂ ਕਾਲਮਾਂ ਰਾਹੀਂ ਵਾਰ-ਵਾਰ ਸਵਾਲ ਕੀਤੇ ਗਏ ਕਿ ਆਖ਼ਰ ਨਾਨਕਸ਼ਾਹੀ ਕੈਲੰਡਰ ਦਾ ਕਿਸ ਦੇ ਦਬਾਅ ਹੇਠ ਕਤਲ ਕੀਤਾ ਗਿਆ ਪਰ ਅੱਜ ਤਕ ਬਾਦਲ ਪ੍ਰਵਾਰ, ਅਕਾਲੀ ਦਲ, ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਇਸ ਦਾ ਜਵਾਬ ਦੇਣ ਦੀ ਜ਼ਰੂਰਤ ਹੀ ਨਾ ਸਮਝੀ ਪਰ ਹੁਣ ਅਗਾਮੀ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਦੇ ਸੰਦਰਭ 'ਚ ਬਾਦਲ ਪ੍ਰਵਾਰ ਵਲੋਂ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਕੀਤੀਆਂ ਜਾ ਰਹੀਆਂ 'ਬੰਦ ਕਮਰਾ' ਮੀਟਿੰਗਾਂ 'ਤੇ ਸਮੁੱਚੇ ਪੰਥ ਦੀ ਨਜ਼ਰ ਟਿਕੀ ਹੋਈ ਹੈ।