ਸਿੱਖ ਕੌਮ ਦੇ ਇਤਿਹਾਸ ਨੂੰ ਦਰਸਾਉਂਦੀ 'ਖ਼ਾਲਸਾ' ਫ਼ਿਲਮ ਸੰਗਤ ਨੂੰ ਵਿਖਾਈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਬਾਣੀ ਇਸ ਜਗਿ ਮਹਿ ਚਾਨੁਣ ਨੂੰ ਪ੍ਰਣਾਏ ਸੰਸਥਾ 'ਸਰਬ ਰੋਗ ਕਾ ਆਉਖਦੁ ਨਾਮੁ' ਵਲੋਂ ਸਥਾਨਕ ਖੰਨਾ ਖ਼ੁਰਦ ਦੇ ਗੁਰਦੁਆਰਾ ਬਾਬਾ ਨਿਰਗੁਣ ਦਾਸ ਜੀ..........

'Khalsa' depicts the history of the Sikh community, to the Sangat

ਖੰਨਾ : ਗੁਰਬਾਣੀ ਇਸ ਜਗਿ ਮਹਿ ਚਾਨੁਣ ਨੂੰ ਪ੍ਰਣਾਏ ਸੰਸਥਾ 'ਸਰਬ ਰੋਗ ਕਾ ਆਉਖਦੁ ਨਾਮੁ' ਵਲੋਂ ਸਥਾਨਕ ਖੰਨਾ ਖ਼ੁਰਦ ਦੇ ਗੁਰਦੁਆਰਾ ਬਾਬਾ ਨਿਰਗੁਣ ਦਾਸ ਜੀ ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਨਿਚਰਵਾਰ ਦੇਰ ਰਾਤ ਨੂੰ ਸਿੱਖ ਕੌਮ ਦੇ ਇਤਿਹਾਸ ਨੂੰ ਦਰਸਾਉਂਦੀ 'ਖ਼ਾਲਸਾ' ਫ਼ਿਲਮ ਵਿਸ਼ਾਲ ਪ੍ਰਾਜੈਕਟਰ ਲਗਾ ਕੇ ਸੰਗਤ ਨੂੰ ਦਿਖਾਈ ਗਈ। ਇਸ ਮੌਕੇ ਫ਼ਿਲਮ ਦੇ ਨਿਰਮਾਤਾ ਮੰਗਲ ਢਿੱਲੋਂ ਨੇ ਸੰਗਤਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਗੁਰਬਾਣੀ ਦੇ ਸਿਧਾਂਤ ਮੁਤਾਬਕ ਅਪਣਾ ਜੀਵਨ ਜਿਊਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਗੁਰਬਾਣੀ ਸੁਣਨ ਨਾਲ ਹੀ ਮਨੁੱੱਖ ਦੇ ਅਨੇਕਾਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਸਿੱਖ ਧਰਮ ਦੁਨੀਆਂ ਦਾ ਮਹਾਨ ਤੇ ਕੁਰਬਾਨੀਆਂ ਭਰਿਆ ਇਤਿਹਾਸ ਹੈ ਅਤੇ ਅੱਜ ਦੇ ਜ਼ਮਾਨੇ ਵਿੱਚ ਫੈਲੀਆਂ ਅਨੇਕਾਂ ਸਮਾਜਿਕ ਬੁਰਾਈਆਂ ਦਾ ਸਾਹਮਣਾ ਕਰਨ ਲਈ ਗੁਰੂ ਵਾਲੇ ਬਣਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਦਲਦਲ ਵਿਚ ਗਲਤਾਨ ਹੋਈ ਨੌਜਵਾਨ ਪੀੜ੍ਹੀ ਆਪਣੇ ਸਿੱਖ ਫਲਸਫ਼ੇ ਨੂੰ ਅਪਣਾ ਕੇ ਚੰਗੇ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਵੇ। 

ਉਨ੍ਹਾਂ ਕਿਹਾ ਕਿ ਖ਼ਾਲਜਾ ਸਾਜਨਾ ਦੇ 300 ਸਾਲਾਂ ਨੂੰ ਸਮਰਪਿਤ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸਕ ਵਿਰਸੇ ਨਾਲ ਜੋੜਣ ਲਈ ਕੀਤੇ ਉਪਰਾਲੇ ਦੌਰਾਨ ''ਖਾਲਸਾ'' ਫਿਲਮ ਦਾ ਪਿੰਡ-ਪਿੰਡ ਜਾ ਕੇ ਪ੍ਰਦਰਸ਼ਨ ਕਰਨ ਦਾ ਮਕਸਦ ਛੋਟੇ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਗਰੂਕ ਕਰਵਾਉਣਾ ਹੈ। ਸਮਾਗਮ ਦੌਰਾਨ ਗੁਰਦੁਆਰਾ ਬਾਬਾ ਨਿਰਗੁਣ ਦਾਸ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੇਅੰਤ ਸਿੰਘ ਤੇ ਹੋਰਾਂ ਵੱਲੋਂ ਫਿਲਮ ਨਿਰਮਾਤਾ ਮੰਗਲ ਢਿੱਲੋਂ, ਡਾ. ਰਜਨੀ, ਸੰਸਥਾ ਦੇ ਖੰਨਾ ਤੋਂ ਨੁਮਾਇੰਦੇ ਅਮਰਜੀਤ ਸਿੰਘ ਘਟਹੌੜਾ, ਰਾਮਗੜ੍ਹੀਆ ਭਵਨ ਸਭਾ ਖੰਨਾ ਦੇ ਪ੍ਰਧਾਨ ਰਛਪਾਲ ਸਿੰਘ ਧੰਜ਼ਲ,

ਸ਼੍ਰੀ ਵਿਸ਼ਵਕਰਮਾ ਮੰਦਰ ਕਮੇਟੀ ਦੇ ਉਪ ਚੇਅਰਮੈਨ ਹਰਮੇਸ਼ ਲੋਟੇ ਆਦਿ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜਾਨਚੀ ਦਲਜੀਤ ਸਿੰਘ, ਹੈਡ ਗ੍ਰੰਥੀ ਭਾਈ ਭੁਪਿੰਦਰ ਸਿੰਘ, ਸ਼ਮਿੰਦਰ ਸਿੰਘ, ਦਰਸ਼ਨ ਸਿੰਘ ਗਿੱਲ, ਵਰਿਆਮ ਸਿੰਘ, ਭੁਪਿੰਦਰ ਸਿੰਘ, ਨਵੀ ਗਿੱਲ, ਪਰਮਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰੂ ਦਾ ਲੰਗਰ ਅੱਤੁਟ ਵਰਤਾਇਆ ਗਿਆ।