ਉਤਰਾਖੰਡ ਦੇ ਮੁੱਖ ਮੰਤਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁ.ਗਿਆਨ ਗੋਦੜੀ ਦਾ ਮਸਲਾ ਸੁਲਝਾਉਣ ਦਾ ਉਤਰਾਖੰਡ ਦੇ ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਨੂੰ ਭਰੋਸਾ ਦਿਵਾਇਆ.........

Chief Minister of Uttarakhand at Sri Darbar Sahib

ਅੰਮ੍ਰਿਤਸਰ : ਉਤਰਾਖੰਡ ਦੇ ਮੁੱਖ ਮੰਤਰੀ ਤਰਵਿੰਦਰਾ ਸਿੰਘ ਰਾਵਤ ਅੱਜ ਸ਼ੁਕਰਾਨੇ ਵਜੋਂ  ਸੱਚਖੰਡ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਕੁੱਝ ਪਲ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਅਤੇ ਲੰਗਰ ਵੀ ਛਕਿਆ। ਉਨ੍ਹਾਂ ਨਾਲ ਉਤਰਾਖੰਡ ਸੂਬੇ ਦੇ ਵਿਧਾਇਕ ਹਰਭਜਨ ਸਿੰਘ ਚੀਮਾ ਤੇ ਹੋਰ ਵੀ ਮੌਜੂਦ ਸਨ। ਰਾਵਤ ਨੂੰ ਪਰਕਰਮਾ ਦੌਰਾਨ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀਆਂ ਨੇ ਸੱਚਖੰਡ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ, ਲੰਗਰ ਤੇ ਪੰਗਤ ਪ੍ਰਥਾ

ਅਤੇ ਸਿੱਖੀ ਸਿਧਾਂਤ ਬਾਰੇ ਵਿਸਥਾਰ ਨਾਲ ਦਸਿਆ। ਇਸ ਦੌਰਾਨ ਰਾਵਤ ਨੇ ਕਿਹਾ ਕਿ ਉਨ੍ਹਾਂ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਪੁਰਾਣੀ ਇੱਛਾ ਪੂਰੀ ਹੋਈ ਹੈ। ਅੱਜ ਬੇਹੱਦ ਸ਼ੁਭ ਦਿਨ ਹੈ, ਜਦੋਂ ਦੇਹਰਾਦੂਨ-ਅੰਮ੍ਰਿਤਸਰ ਹਵਾਈ ਸੇਵਾ ਦੀ ਸ਼ੁਰੂਆਤ ਹੋਈ ਹੈ ਅਤੇ ਮੈਂ ਅਪਣੇ ਸਾਥੀਆਂ ਸਮੇਤ ਇਕ ਯਾਤਰੀ ਦੇ ਰੂਪ ਵਿਚ ਇਥੇ ਆਇਆ ਹਾਂ। ਸਿੱਖਾਂ ਨੇ ਬਹੁਤ ਹੀ ਆਦਰ ਨਾਲ ਸਵਾਗਤ ਕੀਤਾ ਹੈ, ਜਿਸ ਲਈ ਉਹ ਧਨਵਾਦੀ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਸਕੱਤਰ ਮਨਜੀਤ ਸਿੰਘ ਬਾਠ ਨੇ ਰਾਵਤ ਨੂੰ ਗੁ.ਗਿਆਨ ਗੋਦੜੀ ਸਾਹਿਬ ਹਰਿਦੁਆਰ ਦਾ ਮਸਲਾ ਹੱਲ ਕਰਨ ਦੀ ਮੰਗ ਰੱਖੀ,

ਜਿਸ 'ਤੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਸਾਰੇ ਸਿੱਖਾਂ ਦੀ ਸਹਿਮਤੀ ਨਾਲ ਇਸ ਦਾ ਹੱਲ ਕੱਢ ਲਿਆ ਜਾਵੇਗਾ। ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਉਨ੍ਹਾਂ ਨੂੰ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਅਤੇ ਹੋਰਾਂ ਨੇ ਸਿਰੋਪਾਉ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਮਾਡਲ ਤੇ ਧਾਰਮਕ ਪੁਸਤਕਾਂ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸੂਚਨਾ ਅਧਿਕਾਰੀ ਹਰਿੰਦਰ ਸਿੰਘ ਰੋਮੀ, ਅੰਮ੍ਰਿਤਪਾਲ ਸਿੰਘ, ਜਸਬੀਰ ਸਿੰਘ ਲੌਂਗੋਵਾਲ, ਜਗਸੀਰ ਸਿੰਘ ਆਦਿ ਮੌਜੂਦ ਸਨ।