ਸਿੱਖ ਕੌਮ ਆਗੂ ਰਹਿਤ ਹੋ ਗਈ ਪ੍ਰਤੀਤ ਹੁੰਦੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਕੌਮ ਇਸ ਵੇਲੇ ਸਿਆਸੀ ਅਤੇ ਧਾਰਮਕ ਤੌਰ 'ਤੇ ਆਗੂ ਤੋਂ ਬਿਨਾਂ ਪ੍ਰਤੀਤ ਹੋ ਰਹੀ ਹੈ। ਵੱਖ-ਵੱਖ ਗਰੁਪਾਂ 'ਚ ਵੰਡੇ ਸਿੱਖ ਆਗੂਆਂ ਦੇ ਆਪੋ- ਅਪਣੇ........

Parkash Singh Badal

ਅੰਮ੍ਰਿਤਸਰ : ਸਿੱਖ ਕੌਮ ਇਸ ਵੇਲੇ ਸਿਆਸੀ ਅਤੇ ਧਾਰਮਕ ਤੌਰ 'ਤੇ ਆਗੂ ਤੋਂ ਬਿਨਾਂ ਪ੍ਰਤੀਤ ਹੋ ਰਹੀ ਹੈ। ਵੱਖ-ਵੱਖ ਗਰੁਪਾਂ 'ਚ ਵੰਡੇ ਸਿੱਖ ਆਗੂਆਂ ਦੇ ਆਪੋ- ਅਪਣੇ ਮਿਸ਼ਨ ਤੇ ਪ੍ਰੋਗਰਾਮ ਹਨ। ਇਹ ਸਿੱਖ ਆਗੂ ਦੋ ਤਰ੍ਹਾਂ ਦੇ ਹਨ। ਇਕ ਗਰੁਪ ਨਰਮ ਤੇ ਦੂਸਰੇ ਗਰਮ ਖ਼ਿਆਲੀ ਵਜੋਂ ਜਾਣੇ ਜਾਂਦੇ ਹਨ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਸੱਤਾ ਹੰਢਾਉਣ ਕਰ ਕੇ ਅਪਣੇ ਆਪ ਨੂੰ ਨਰਮ ਖ਼ਿਆਲੀ ਅਖਵਾਉਂਦਾ ਹੈ। ਇਸ ਦੇ ਕਬਜ਼ੇ ਹੇਠ ਸਿੱਖਾਂ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਹੈ।

ਪਰ ਸੱਤਾ ਹੰਢਾਉਣ ਸਮੇਂ ਬਾਦਲ ਸਰਕਾਰ ਦੇ ਰਾਜ ਦੌਰਾਨ ਹੋਈਆਂ ਬੇਅਦਬੀਆਂ ਨੇ ਉਨ੍ਹਾਂ ਦੇ ਸਿਆਸੀ ਭਵਿੱਖ 'ਤੇ ਪ੍ਰਸ਼ਨ ਚਿੰਨ੍ਹ ਲਾ ਦਿਤਾ ਹੈ। ਇਸ ਵੇਲੇ ਬਾਦਲ ਪ੍ਰਵਾਰ ਬੜੇ ਸੰਕਟ ਤੇ ਜ਼ੋਖ਼ਮ ਭਰੇ ਹਲਾਤਾਂ ਦਾ ਸਾਹਮਣਾ ਕਰ ਰਿਹਾ ਹੈ। ਦੂਸਰੇ ਗਰਮ ਖ਼ਿਆਲੀ ਸੰਗਠਨਾਂ ਦੇ ਕਾਫ਼ੀ ਧੜੇ ਹਨ ਤੇ ਜੋ ਆਪੋ-ਅਪਣੇ ਮਿਸ਼ਨਾਂ ਹੇਠ ਕੰਮ ਕਰਦੇ ਹਨ। ਇਨ੍ਹਾਂ ਗਰਮ ਖ਼ਿਆਲੀ ਸੰਗਠਨਾਂ ਦੇ ਆਪੋ-ਅਪਣੇ ਝੰਡੇ ਹਨ। ਇਨ੍ਹਾਂ ਦੇ ਪ੍ਰੋਗਰਾਮਾਂ 'ਚ ਸੱਭ ਤੋਂ ਮਹੱਤਵਪੂਰਨ ਮੰਗ ਖ਼ਾਲਿਸਤਾਨ ਤੇ ਸਵੈ-ਨਿਰਣੇ ਦੇ ਹੱਕ ਦੀ ਹੈ। ਸਾਕਾ ਨੀਲਾ ਤਾਰਾ, ਦਿੱਲੀ ਸਿੱਖ ਕਤਲੇਆਮ, ਅਦਾਲਤੀ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਸਬੰਧੀ ਆਦਿ

ਸਿੱਖ ਮਸਲੇ ਗਰਮ ਖ਼ਿਆਲੀ ਹੀ ਚੁਕਦੇ ਹਨ। ਗਰਮ-ਖ਼ਿਆਲੀ ਸੰਗਠਨ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਰਪੱਖ ਬਣਾਉਣ ਦੀ ਮੰਗ 'ਤੇ ਇਕਮੁਠ ਹਨ। 
ਗਰਮ ਦਲੀਏ ਮੌਜੂਦਾ ਜਥੇਦਾਰਾਂ ਨੂੰ ਮਾਨਤਾ ਨਹੀਂ ਦੇ ਰਹੇ। ਉਹ ਇਨ੍ਹਾਂ ਜਥੇਦਾਰਾਂ ਨੂੰ ਬਾਦਲ ਪ੍ਰਵਾਰ ਨਾਲ ਜੋੜ ਕੇ ਵੇਖ ਰਹੇ ਹਨ। ਸਿਆਸਤ 'ਤੇ ਨਜ਼ਰ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਬਾਦਲ ਪ੍ਰਵਾਰ ਕੋਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਂਡ ਹੈ, ਤਦ ਤਕ ਜਥੇਦਾਰਾਂ ਦੀ ਸਥਿਤੀ ਬਰਕਰਾਰ ਰਹਿਣ ਕਾਰਨ, ਸਿੱਖ ਕੌਮ 'ਚ ਦੁਬਿਧਾ ਬਣੀ ਰਹਿਣੀ ਹੈ, ਜੋ ਬੇਹੱਦ ਮੰਦਭਾਗੀ ਹੈ। 

ਸਿੱਖ ਹਲਕਿਆਂ ਅਨੁਸਾਰ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਲਈ ਬਾਦਲ ਪ੍ਰਵਾਰ ਜ਼ੁੰਮੇਵਾਰ ਹੈ ਜਿਸ ਨੇ ਵੋਟਾਂ ਖ਼ਾਤਰ ਅਪਣੀ ਜ਼ਮੀਰ ਹੀ ਸੌਦਾ ਸਾਧ ਅੱਗੇ ਵੇਚ ਦਿਤੀ, ਇਸ ਦਾ ਖ਼ਮਿਆਜ਼ਾ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ। ਸਿੱਖ ਹਲਕਿਆਂ ਦਾ ਕਹਿਣਾ ਹੈ ਕਿ ਨੇੜਲੇ ਭਵਿੱਖ ਖ਼ਾਸ ਕਰ ਕੇ ਮੋਦੀ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਏਗੀ। ਪਰ ਲੋਕ ਸਭਾ ਚੋਣਾਂ ਬਾਅਦ ਵਿਰੋਧੀ ਧਿਰ ਦੀ ਸਰਕਾਰ ਆਈ ਤਾਂ ਉਹ ਸਿੱਖ ਸੰਸਥਾ ਦੀ ਚੋਣ ਕਰਵਾਏਗੀ। ਬਾਦਲਾਂ ਨੂੰ ਚੋਣਾਂ 'ਚ ਹਰਾਉਣ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਅਜ਼ਾਦ ਕਰਵਾਇਆ ਜਾ ਸਕਦਾ ਹੈ।